DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਟਰਾਂ ਦੇ ਬੀਜ ਉਤਪਾਦਨ ਲਈ ਕਾਸ਼ਤ ਦਾ ਢੰਗ

ਮਟਰ ਦੁਨੀਆ ਭਰ ਵਿੱਚ ਵਪਾਰਕ ਪੱਧਰ ’ਤੇ ਉਗਾਈਆਂ ਜਾਣ ਵਾਲੀਆਂ ਸਰਦੀਆਂ ਦੀਆਂ ਅਹਿਮ ਸਬਜ਼ੀਆਂ ’ਚੋਂ ਇੱਕ ਹੈ। ਹਰੇ ਮਟਰਾਂ ਨੂੰ ਤਾਜ਼ੀ ਸਬਜ਼ੀ ਦੇ ਰੂਪ ਵਿੱਚ ਜਾਂ ਪ੍ਰੋਸੈਸਿੰਗ (ਡੱਬਾਬੰਦ) ਕਰਕੇ ਵਰਤਿਆ ਜਾਂਦਾ ਹੈ। ਮਟਰਾਂ ਦੀ ਪੈਦਾਵਾਰ ਵਿੱਚ ਪੰਜਾਬ ਦੇਸ਼ ਵਿੱਚ ਪੰਜਵੇਂ...

  • fb
  • twitter
  • whatsapp
  • whatsapp
Advertisement

ਮਟਰ ਦੁਨੀਆ ਭਰ ਵਿੱਚ ਵਪਾਰਕ ਪੱਧਰ ’ਤੇ ਉਗਾਈਆਂ ਜਾਣ ਵਾਲੀਆਂ ਸਰਦੀਆਂ ਦੀਆਂ ਅਹਿਮ ਸਬਜ਼ੀਆਂ ’ਚੋਂ ਇੱਕ ਹੈ। ਹਰੇ ਮਟਰਾਂ ਨੂੰ ਤਾਜ਼ੀ ਸਬਜ਼ੀ ਦੇ ਰੂਪ ਵਿੱਚ ਜਾਂ ਪ੍ਰੋਸੈਸਿੰਗ (ਡੱਬਾਬੰਦ) ਕਰਕੇ ਵਰਤਿਆ ਜਾਂਦਾ ਹੈ। ਮਟਰਾਂ ਦੀ ਪੈਦਾਵਾਰ ਵਿੱਚ ਪੰਜਾਬ ਦੇਸ਼ ਵਿੱਚ ਪੰਜਵੇਂ ਨੰਬਰ ’ਤੇ ਆਉਂਦਾ ਹੈ ਅਤੇ ਦੇਸ਼ ਦੀ ਕੁੱਲ ਪੈਦਾਵਾਰ ਵਿੱਚ 6.7 ਫ਼ੀਸਦੀ ਯੋਗਦਾਨ ਪਾਉਂਦਾ ਹੈ। ਪੰਜਾਬ ਵਿੱਚ ਸਬਜ਼ੀਆਂ ਹੇਠਲੇ ਕੁੱਲ ਰਕਬੇ ਦੇ ਹਿਸਾਬ ਨਾਲ ਮਟਰ ਦੂਜੀ ਅਹਿਮ ਫ਼ਸਲ ਹੈ। ਪੰਜਾਬ ਵਿੱਚ ਮਟਰਾਂ ਦੀ ਖੇਤੀ ਲਗਪਗ 47.0 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ ਅਤੇ ਸਾਲਾਨਾ ਪੈਦਾਵਾਰ 500.70 ਹਜ਼ਾਰ ਟਨ ਹੁੰਦੀ ਹੈ। ਮਟਰਾਂ ਦੀ ਜ਼ਿਆਦਾਤਰ ਖੇਤੀ ਹੁਸ਼ਿਆਰਪੁਰ, ਪਟਿਆਲਾ, ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ।

ਫ਼ਸਲੀ ਚੱਕਰ ਵਿੱਚ ਮਟਰ ਦੀ ਫ਼ਸਲ ਮਹੱਤਵਪੂਰਨ ਹਿੱਸਾ ਪਾਉਂਦੀ ਹੈ ਕਿਉਂਕਿ ਮਟਰਾਂ ਦੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੱਠਾਂ ਹੁੰਦੀਆਂ ਹਨ, ਜੋ ਮਿੱਟੀ ਵਿੱਚ ਨਾਈਟ੍ਰੋਜਨ ਦਾ ਵਾਧਾ ਕਰਦੀਆਂ ਹਨ। ਇਸ ਲਈ ਮਟਰਾਂ ਤੋਂ ਬਾਅਦ ਲੱਗਣ ਵਾਲੀ ਫ਼ਸਲ ਨੂੰ ਨਾਈਟ੍ਰੋਜਨ ਦੀ ਘੱਟ ਲੋੜ ਪੈਂਦੀ ਹੈ। ਮਟਰਾਂ ਦੀਆਂ ਅਗੇਤੀਆਂ ਕਿਸਮਾਂ ਦੀ ਕਾਸ਼ਤ ਮੁਨਾਫ਼ੇ ਵਾਲਾ ਧੰਦਾ ਹੈ।

Advertisement

ਅਗੇਤੀਆਂ ਕਿਸਮਾਂ

Advertisement

ਮਟਰ ਅਗੇਤਾ-8: ਇਸ ਦੇ ਬੂਟੇ ਛੇਤੀ ਵਧਦੇ ਹਨ। ਹਰ ਬੂਟੇ ’ਤੇ 10-14 ਭਰਵੀਆਂ ਫ਼ਲੀਆਂ ਲੱਗਦੀਆਂ ਹਨ ਅਤੇ ਹਰ ਫ਼ਲੀ ਵਿੱਚ 7-9 ਦਾਣੇ ਹੁੰਦੇ ਹਨ। ਇਹ ਅਗੇਤੀ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫ਼ਲੀਆਂ ਦਾ ਝਾੜ 33 ਕੁਇੰਟਲ ਪ੍ਰਤੀ ਏਕੜ ਹੈ।

ਮਟਰ ਅਗੇਤਾ-7: ਇਸ ਦੇ ਬੂਟੇ ਛੇਤੀ ਵਧਦੇ ਹਨ। ਹਰ ਬੂਟੇ ’ਤੇ 10-12 ਭਰਵੀਆਂ ਫ਼ਲੀਆਂ ਲੱਗਦੀਆਂ ਹਨ ਅਤੇ ਹਰ ਫ਼ਲੀ ਵਿੱਚ 7-9 ਦਾਣੇ ਹੁੰਦੇ ਹਨ। ਫ਼ਲੀਆਂ ਦੀ ਲੰਬਾਈ ਦਰਮਿਆਨੀ ਅਤੇ ਸਿਰੇ ਤੋਂ ਥੋੜ੍ਹੀਆਂ ਮੁੜੀਆਂ ਹੁੰਦੀਆਂ ਹਨ। ਇਹ ਅਗੇਤੀ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫ਼ਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ-90: ਇਸ ਦੇ ਬੂਟੇ ਦਰਮਿਆਨੇ ਕੱਦ ਵਾਲੇ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ 18-25 ਫ਼ਲੀਆਂ ਪ੍ਰਤੀ ਬੂਟਾ ਲੱਗਦੀਆਂ ਹਨ। ਹਰ ਫ਼ਲੀ ਵਿੱਚ 8-10 ਦਾਣੇ ਹੁੰਦੇ ਹਨ। ਇਹ ਕਿਸਮ 85-90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਦੋ ਤੋਂ ਤਿੰਨ ਤੁੜਾਈਆਂ ਵਿੱਚ 62 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਅਤੇ ਇੱਕ ਤੁੜਾਈ ਵਿੱਚ 45 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ।

ਪੰਜਾਬ-89: ਇਸ ਦੇ ਬੂਟੇ ਦਰਮਿਆਨੇ ਲੰਮੇੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ ਤੇ ਹਰ ਫ਼ਲੀ ਵਿੱਚ 9-10 ਦਾਣੇ ਹੁੰਦੇ ਹਨ। ਇਹ ਕਿਸਮ 90-100 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ।

ਬੀਜ ਉਤਪਾਦਨ ਲਈ ਕਾਸ਼ਤ ਦਾ ਢੰਗ

ਮੌਸਮ: ਮਟਰ ਠੰਢੇ ਮੌਸਮ ਦੀ ਫ਼ਸਲ ਹੈ। ਮਟਰ ਦੇ ਪੂਰੇ ਜਮਾਅ ਲਈ 18 ਤੋਂ 22 ਡਿਗਰੀ ਸੈਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਇਸ ਨੂੰ 4 ਤੋਂ 5 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਤੇ ਵੀ ਉਗਾਇਆ ਜਾ ਸਕਦਾ ਹੈ ਅਤੇ ਇਹ ਫ਼ਸਲ ਕੋਰਾ ਵੀ ਸਹਿਣ ਕਰ ਸਕਦੀ ਹੈ। ਜੇਕਰ ਕੋਰਾ ਲੰਮੇ ਸਮੇਂ ਲਈ ਪੈਂਦਾ ਰਹੇ ਤਾਂ ਫੁੱਲ ਅਤੇ ਨਵੀਆਂ ਬਣੀਆਂ ਫ਼ਲੀਆਂ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤਾਪਮਾਨ 25 ਡਿਗਰੀ ਸੈਂਟੀਗ੍ਰੇਡ ਤੋਂ ਵਧ ਜਾਵੇ ਤਾਂ ਬੀਜ ਦੀ ਜੰਮਣ ਸ਼ਕਤੀ ਘਟ ਜਾਂਦੀ ਹੈ। ਮਟਰਾਂ ਦੀ ਫ਼ਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ, ਜਿੱਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲਾਅ ਸਹਿਜੇ-ਸਜਿਹੇ ਹੁੰਦਾ ਹੈ।

ਵੱਟਾਂ ’ਤੇ ਬਿਜਾਈ: ਇਹ ਤਰੀਕਾ ਖ਼ਾਸਕਰ ਦਰਮਿਆਨੀ ਤੋਂ ਭਾਰੀ ਜ਼ਮੀਨਾਂ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਮਟਰਾਂ ਦੀ ਬਿਜਾਈ ਬੀਜ ਖਾਦ ਡਰਿੱਲ ਨਾਲ 60 ਸੈਂਟੀਮੀਟਰ ਵਾਲੀਆਂ ਵੱਟਾਂ ’ਤੇ ਕੀਤੀ ਜਾ ਸਕਦੀ ਹੈ। ਇਹ ਡਰਿੱਲ ਹਰ ਵੱਟ ਉੱਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰ ਦਿੰਦੀ ਹੈ। ਵੱਟਾਂ ’ਤੇ ਮਟਰ ਬੀਜਣ ਦਾ ਲਾਭ ਇਹ ਹੁੰਦਾ ਹੈ ਕਿ ਬੀਜ ਕਰੰਡਿਆ ਨਹੀਂ ਜਾਂਦਾ ਕਿਉਂਕਿ ਪਾਣੀ ਬੀਜਾਂ ਤੋਂ ਹੇਠਾਂ ਹੀ ਰੱਖਿਆ ਜਾਂਦਾ ਹੈ ਅਤੇ ਬੀਜ ਤੱਕ ਪਾਣੀ ਸਿਰਫ਼ ਸਲ੍ਹਾਬ ਰਾਹੀਂ ਹੀ ਪਹੁੰਚਦਾ ਹੈ।

ਪੱਧਰੀ ਜ਼ਮੀਨ ’ਤੇ ਬਿਜਾਈ: ਇਹ ਤਰੀਕਾ ਖ਼ਾਸ ਕਰਕੇ ਹਲਕੀ ਜ਼ਮੀਨ (ਰੇਤਲੀ ਮੈਰਾ ਜ਼ਮੀਨ, ਜਿਸ ਵਿੱਚ ਪਾਣੀ ਦਾ ਨਿਕਾਸ ਠੀਕ ਹੋਵੇ) ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਮਟਰ ਦੀ ਪੱਧਰੀ ਜ਼ਮੀਨ ਉੱਤੇ ਬਿਜਾਈ ਲਈ ਜ਼ਮੀਨ ਵਿੱਚ ਪੂਰੀ ਗਿੱਲ (ਵੱਤਰ) ਹੋਣੀ ਬਹੁਤ ਜ਼ਰੂਰੀ ਹੈ ਅਤੇ ਬੀਜ ਨਿਸਰਨ ਤੋਂ ਪਹਿਲਾਂ ਖੇਤ ਵਿੱਚ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਪਾਣੀ ਲਾਉਣ ਨਾਲ ਬੀਜ ਕਰੰਡਿਆ ਜਾਂਦਾ ਹੈ। ਬਿਜਾਈ ਦਾ ਇਹ ਤਰੀਕਾ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਨਹੀਂ ਵਰਤਿਆ ਜਾਣਾ ਚਾਹੀਦਾ ਕਿਉਂਕਿ ਉੱਥੇ ਪਹਿਲੇ ਪਾਣੀ ਨਾਲ ਬੀਜ ਕਰੰਡਿਆ ਜਾਂਦਾ ਹੈ। ਇਸ ਕਰਕੇ ਬੂਟੇ ਨੂੰ ਜ਼ਮੀਨ ’ਚੋਂ ਪੂਰੇ ਖੁਰਾਕੀ ਤੱਤ ਤੇ ਹਵਾ ਨਹੀਂ ਮਿਲਦੀ ਅਤੇ ਬੂਟਾ ਪੀਲਾ ਪੈ ਜਾਂਦਾ ਹੈ ਤੇ ਉਸ ਦਾ ਵਾਧਾ ਰੁਕ ਜਾਂਦਾ ਹੈ। ਹਲਕੀ ਜ਼ਮੀਨ ਉੱਤੇ ਮਸ਼ੀਨੀ ਤੁੜਾਈ ਲਈ ਇਹ ਤਰੀਕਾ ਵਰਤਿਆ ਜਾਣਾ ਚਾਹੀਦਾ ਹੈ।

ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਬੀਜ ਉਤਪਾਦਨ ਲਈ ਬੀਜ ਨੂੰ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਬੀਜੋ। ਮਟਰਾਂ ਦੀ ਬਿਜਾਈ ਬੀਜ ਖਾਦ ਡਰਿੱਲ ਨਾਲ ਕਰਨ ਲਈ ਬੀਜ 30 ਕਿਲੋ ਪ੍ਰਤੀ ਏਕੜ ਪੈਂਦਾ ਹੈ, ਭਾਵੇਂ ਉਹ ਅਗੇਤੀ ਜਾਂ ਮੁੱਖ ਮੌਸਮ ਦੀ ਕਿਸਮ ਹੋਵੇ। ਮਟਰਾਂ ਦੇ ਤਣੇ ਦੀ ਮੱਖੀ ਬੀਜ ਦੇ ਉੱਗਣ ਸਮੇਂ ਫ਼ਸਲ ਦਾ ਬਹੁਤ ਨੁੁਕਸਾਨ ਕਰਦੀ ਹੈ। ਇਸ ਲਈ ਬਿਜਾਈ ਸਮੇਂ ਸਿਆੜਾਂ ਵਿੱਚ 3 ਕਿਲੋ ਥਿਮਟ 10 ਜੀ (ਫੋਰੇਟ) ਜਾਂ 10 ਕਿਲੋ ਫਿਊਰਾਡਾਨ 3 ਜੀ (ਕਾਰਬੋਫੂਰਾਨ) ਦਾਣੇਦਾਰ ਪ੍ਰਤੀ ਏਕੜ ਸਿਆੜ ਵਿੱਚ ਪਾਓ।

ਨਦੀਨਾਂ ਦੀ ਰੋਕਥਾਮ: ਬੀਜ ਉੱਗਣ ਤੋਂ 4 ਅਤੇ 8 ਹਫ਼ਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ। ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ, ਨਦੀਨ ਉੱਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ। ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਓ ਅਤੇ ਖੇਤ ਵਿੱਚ ਇਕਸਾਰ ਛਿੜਕਾਅ ਕਰੋ। ਨਦੀਨ ਨਾਸ਼ਕ ਦੀ ਵਰਤੋਂ ਸਮੇਂ ਇਹ ਧਿਆਨ ਰੱਖੋ ਕਿ ਜ਼ਮੀਨ ਵਿੱਚ ਪੂਰੀ ਗਿੱਲ ਹੋਵੇ ਕਿਉਂਕਿ ਪੂਰੀ ਗਿੱਲ ਵਿੱਚ ਨਦੀਨ ਨਾਸ਼ਕ ਦਵਾਈ ਬਹੁਤ ਵਧੀਆ ਅਸਰ ਕਰਦੀ ਹੈ। ਪਹਿਲੀ ਗੋਡੀ ਫ਼ਸਲ ਉੱਗਣ ਤੋਂ ਚਾਰ ਹਫ਼ਤਿਆਂ ਬਾਅਦ ਅਤੇ ਦੂਜੀ ਗੋਡੀ ਫ਼ਸਲ ਉੱਗਣ ਤੋਂ ਅੱਠ ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ।

ਸਿੰਜਾਈ: ਮਟਰ ਦੀ ਪੱਧਰੀ ਜ਼ਮੀਨ ਉੱਤੇ ਬਿਜਾਈ ਲਈ ਜ਼ਮੀਨ ਦਾ ਪੂਰੀ ਤਰ੍ਹਾਂ ਵੱਤਰ ਹਾਲਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਅਤੇ ਖੇਤ ਵਿੱਚ ਪਹਿਲਾ ਪਾਣੀ ਬੀਜ ਪੂਰੀ ਤਰ੍ਹਾਂ ਉੱਗਣ ਤੋਂ ਬਾਅਦ ਹੀ ਲਾਉਣਾ ਚਾਹੀਦਾ ਹੈ। ਜੇਕਰ ਮਟਰਾਂ ਦੀ ਬਿਜਾਈ ਵੱਟਾਂ ’ਤੇ ਕਰਨੀ ਹੋਵੇ ਤਾਂ ਪਹਿਲਾ ਪਾਣੀ ਬਿਜਾਈ ਤੋਂ ਪਿੱਛੋਂ ਉਸੇ ਵੇਲੇ ਲਾ ਦੇਣਾ ਚਾਹੀਦਾ ਹੈ। ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਪਾਣੀ ਵੱਟਾਂ ਦੇ ਉੱਪਰ ਨਾ ਫਿਰੇ। ਅਗਲਾ ਪਾਣੀ ਫੁੱਲ ਆਉਣ ਅਤੇ ਫਿਰ ਅਗਲਾ ਫ਼ਲ ਪੈਣ ’ਤੇ ਜੇ ਲੋੜ ਹੋਵੇ ਤਾਂ ਲਾਓ।

ਫ਼ਸਲ ਦਾ ਨਿਰੀਖਣ: ਮਟਰਾਂ ਦਾ ਬੀਜ ਬਣਾਉਣ ਲਈ ਫ਼ਸਲ ਦਾ ਨਿਰੀਖਣ ਤਿੰਨ ਵਾਰ ਕਰਨਾ ਪੈਂਦਾ ਹੈ; ਪਹਿਲੀ ਵਾਰ ਫੁੱਲ ਆਉਣ ਤੋਂ ਪਹਿਲਾਂ, ਦੂਜੀ ਵਾਰ ਫੁੱਲ ਆਉਣ ’ਤੇ ਅਤੇ ਤੀਜੀ ਵਾਰ ਫ਼ਲੀਆਂ ਤਿਆਰ ਹੋਣ ’ਤੇ। ਅਣਚਾਹੇ ਬੂਟੇ ਜਦੋਂ ਵੀ ਉੱਗਣ, ਕੱਢ ਦੇਣੇ ਚਾਹੀਦੇ ਹਨ। ਇਹ ਕੰਮ ਫ਼ਲੀ ਪੈਣ ਤੋਂ ਪਹਿਲਾਂ ਹੋ ਸਕੇ ਤਾਂ ਚੰਗਾ ਹੈ।

ਬੀਜ ਦੀ ਤੁੜਾਈ, ਦਾਣੇ ਕੱਢਣਾ ਅਤੇ ਬੀਜ ਦਾ ਝਾੜ: ਇਹ ਗੱਲ ਗ਼ੌਰਤਲਬ ਹੈ ਕਿ ਪੱਕੀਆਂ ਹੋਈਆਂ ਫ਼ਲੀਆਂ ਨੂੰ ਮੀਂਹ ਤੋਂ ਬਚਾਇਆ ਜਾਵੇ। ਸਮੇਂ-ਸਮੇਂ ’ਤੇ ਫ਼ਸਲ ਦਾ ਨਿਰੀਖਣ ਕਰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਰੀਆਂ ਫ਼ਲੀਆਂ ਇਕੱਠੀਆਂ ਨਹੀਂ ਪੱਕਦੀਆਂ। ਜਦੋਂ ਬੂਟੇ ’ਤੇ ਲਗਪਗ 90 ਪ੍ਰਤੀਸ਼ਤ ਫ਼ਲੀਆਂ ਪੱਕ ਕੇ ਸੁੱਕ ਜਾਣ ਤਾਂ ਸਾਰੇ ਬੂਟੇ ਨੂੰ ਜੜ੍ਹ ਸਣੇ ਪੁੱਟ ਕੇ ਕੁੱਟਣ ਲਈ ਪੱਕੇ ਫਰਸ਼ ’ਤੇ ਰੱਖ ਲਓ। ਫ਼ਲੀ ਤੋਂ ਦਾਣੇ ਥਰੈਸ਼ਰ ਮਸ਼ੀਨ ਦੀ ਮਦਦ ਨਾਲ ਕੱਢੇ ਜਾਣ। ਦਾਣੇ ਕੱਢਣ ਤੋਂ ਬਾਅਦ ਵੀ ਬੀਜ ਵਿੱਚ ਨਮੀ ਦੀ ਮਾਤਰਾ ਲੋੜ ਨਾਲੋਂ ਵੱਧ ਹੁੰਦੀ ਹੈ, ਇਸ ਲਈ ਇਸ ਨੂੰ ਫਿਰ ਚੰਗੀ ਤਰ੍ਹਾਂ ਸੁਕਾ ਲਓ। ਮਟਰ ਦੀ ਕਿਸਮ ਮੁਤਾਬਿਕ ਇੱਕ ਏਕੜ ਤੋਂ ਲਗਪਗ 5 ਤੋਂ 10 ਕੁਇੰਟਲ ਬੀਜ ਤਿਆਰ ਹੋ ਜਾਂਦਾ ਹੈ। ਅਗੇਤੀਆਂ ਕਿਸਮਾਂ ਤੋਂ ਲਗਪਗ 5 ਤੋਂ 7 ਕੁਇੰਟਲ ਪ੍ਰਤੀ ਏਕੜ ਅਤੇ ਮੁੱਖ ਮੌਸਮ ਦੀ ਕਿਸਮਾਂ ਤੋਂ ਲਗਪਗ 10 ਕੁਇੰਟਲ ਪ੍ਰਤੀ ਏਕੜ ਬੀਜ ਤਿਆਰ ਹੋ ਜਾਂਦਾ ਹੈ।

Advertisement
×