ਖੇਤੀ ਕਾਨੂੰਨ: ਮੋਰਚਿਆਂ ’ਚੋਂ ਨਾਅਰਿਆਂ ਦੀ ਗੂੰਜ ਬਰਕਰਾਰ

ਭਾਜਪਾ ਆਗੂਆਂ ਦੇ ਘਰ ਘੇਰਨ ਦਾ ਅਮਲ ਜਾਰੀ; ਰਾਜਾ ਵੜਿੰਗ ਨੂੰ ਵੀ ਦਿਖਾਈਆਂ ਕਾਲੀਆਂ ਝੰਡੀਆਂ

ਖੇਤੀ ਕਾਨੂੰਨ: ਮੋਰਚਿਆਂ ’ਚੋਂ ਨਾਅਰਿਆਂ ਦੀ ਗੂੰਜ ਬਰਕਰਾਰ

ਮਾਨਸਾ ਵਿੱਚ ਧਰਨੇ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਬੋਘ ਸਿੰਘ। -ਫੋਟੋ:ਸੁਰੇਸ਼

ਸ਼ਗਨ ਕਟਾਰੀਆ
ਬਠਿੰਡਾ, 16 ਅਕਤੂਬਰ

ਕਿਸਾਨ ਅੰਦੋਲਨ ਦੇ ਅੱਜ 16ਵੇਂ ਦਿਨ ਵੀ ਸੰਘਰਸ਼ਕਾਰੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ। 31 ਜਥੇਬੰਦੀਆਂ ਦੇ ਪ੍ਰੋਗਰਾਮ ਅਨੁਸਾਰ ਕਿਸਾਨ ਬਠਿੰਡਾ ’ਚ ਰੇਲਵੇ ਪਟੜੀਆਂ ’ਤੇ ਬੈਠੇ ਹੋਏ ਹਨ। ਇਸੇ ਤਰ੍ਹਾਂ ਪੂੰਜੀਪਤੀਆਂ ਦੇ ਵਪਾਰਕ ਟਿਕਾਣਿਆਂ ’ਤੇ ਵੀ ਧਰਨੇ ਜਾਰੀ ਰਹੇ। ਸੰਘਰਸ਼ੀ ਇਕੱਠਾਂ ’ਚ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਵੀਡੀਓ ਕਾਨਫ਼ਰੰਸਾਂ ਰਾਹੀਂ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇ ਭਾਜਪਾ ਆਗੂਆਂ ਦੇ ਕਾਨੂੰਨਾਂ ਬਾਰੇ ਦਾਅਵੇ ਐਨੇ ਹੀ ਪਰਪੱਕ ਹਨ ਤਾਂ ਉਹ ਕਿਸਾਨ ਇਕੱਠਾਂ ’ਚ ਆ ਕੇ ਆਪਣੀ ਗੱਲ ਕਹਿਣ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਅਡਾਨੀ ਅਨਾਜ ਭੰਡਾਰ ਅੱਗੇ ਭਾਕਿਯੂ ਏਕਤਾ (ਉਗਰਾਹਾਂ) ਦਾ ਧਰਨਾ 16ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਲੋਕ ਪੱਖੀ ਨਾਟਕਕਾਰ ਹੰਸ ਸਿੰਘ ਅਤੇ ਸੰਗਰੂਰ ਰੇਲਵੇ ਟਰੈਕ ਤੇ ਕਿਸਾਨ ਲਾਭ ਸਿੰਘ ਦੇ ਹੋਏ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸ਼ਹੀਦ ਕਲਾ ਮੰਚ ਚੜਿੱਕ ਦੀ ਰੰਗਮੰਚ ਟੀਮ ਵੱਲੋਂ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਨਾਟਕ ਖੇਡਿਆ ਗਿਆ। ਇਸ ਮੌਕੇ ਕਿਸਾਨ ਬਲੌਰ ਸਿੰਘ ਘਾਲੀ, ਗੁਰਭਿੰਦਰ ਸਿੰਘ ਕੋਕਰੀ, ਗੁਰਦੇਵ ਸਿੰਘ ਕਿਸ਼ਨਪੁਰਾ ਨੇ ਸੰਬੋਧਨ ਕੀਤਾ।

ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਸ਼ਹਿਰ ਵਿੱਚ ਭਾਜਪਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਾਂਸਲ ਬਿੰਟਾ ਦੇ ਘਰ ਦਾ ਘਿਰਾਓ ਕੀਤਾ ਗਿਆ। ਕਿਸਾਨ ਔਰਤਾਂ ਨੇ ਮੂਹਰੇ ਲੱਗ ਕੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇ ਲਗਾਏ। ਇਸ ਮੌਕੇ ਬਲਾਕ ਆਗੂ ਅਵਤਾਰ ਸਿੰਘ ਤਾਰੀ, ਸੰਤੋਖ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਖੇਤੀ ਬਿੱਲ ਰੱਦ ਹੋਣ ਤੱਕ ਭਾਜਪਾ ਨੁਮਾਇੰਦਿਆਂ ਦੇ ਘਰਾਂ ਦੇ ਘਿਰਾਓ ਅਤੇ ਤਿੱਖੇ ਸੰਘਰਸ਼ ਜਾਰੀ ਰਹਿਣਗੇ।

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਪਿੰਡ ਗੁਰੂਸਰ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਜ ਜਿਉਂ ਹੀ ਪਿੰਡ ਵਾਸੀਆਂ ਨੂੰ ਵਿਧਾਇਕ ਰਾਜਾ ਵੜਿੰਗ ਦੇ ਪਿੰਡ ਗੁਰੂਸਰ ਵਿੱਚ ਆਉਣ ਦਾ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਉਨ੍ਹਾਂ ਹਲਕਾ ਵਿਧਾਇਕ ਦਾ ਵਿਰੋਧ ਕੀਤਾ। ਡੀਐੱਸਪੀ ਗਿੱਦੜਬਾਹਾ ਗੁਰਤੇਜ ਸਿੰਘ ਦੀ ਅਗਵਾਈ ਵਿੱਚ ਭਾਰੀ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ। ਉਪਰੰਤ ਪਿੰਡ ਵਾਸੀਆਂ ਨੇ ਕਾਲੇ ਝੰਡੇ ਲੈ ਕੇ ਪੂਰੇ ਪਿੰਡ ਵਿੱਚ ਰੋਸ ਮਾਰਚ ਕੀਤਾ।

ਵੱਖ-ਵੱਖ ਧਿਰਾਂ ਨੇ ਘੇਰਿਆ ਈਜ਼ੀ ਡੇਅ ਸਟੋਰ

ਮਾਨਸਾ (ਜੋਗਿੰਦਰ ਸਿੰਘ ਮਾਨ): ਮਜ਼ਦੂਰ, ਕਿਸਾਨ, ਦੁਕਾਨ ਅਤੇ ਮੁਲਾਜ਼ਮ ਸ਼ੰਘਰਸ ਵੱਲੋਂ ਲਿਬਰੇਸ਼ਨ ਤੇ ਇਨਕਲਾਬੀ ਨੌਜਵਾਨ ਸਭਾ ਦੀ ਅਗਵਾਈ ਵਿੱਚ ਕੰਪਨੀਆਂ ਦੇ ਵਿਰੋਧ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਰਤ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਵਾਪਸ ਕਰਵਾਉਣ ਲਈ ਅੱਜ ਇੱਥੇ ਈਜ਼ੀ ਡੇਅ ਸਟੋਰ ਨੂੰ ਤਾਲਾ ਲਗਾ ਕੇ ਬੰਦ ਕਰਵਾਇਆ ਗਿਆ। ਇਸੇ ਦੌਰਾਨ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਜਾਮ ਲਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ 17 ਅਕਤੂਬਰ ਨੂੰ ਕੇਂਦਰ ਦੇ ਰਵੱਈਏ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਫੂਕਣ ਅਤੇ ਮੁਜ਼ਾਹਰੇ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All