ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਨਵੀਂ ਦਿੱਲੀ, 21 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸੰਸਦ ਵੱਲੋਂ ਪਾਸ ਕੀਤੇ ਗਏ ਖੇਤੀ ਸੈਕਟਰ ਦੇ ਸੁਧਾਰ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ ਹਨ। ਊਨ੍ਹਾਂ ਕਿਸਾਨਾਂ ਨੂੰ ਮੁੜ ਭਰੋਸਾ ਦਿਵਾਇਆ ਕਿ ਸਰਕਾਰ ਊਨ੍ਹਾਂ ਦੀ ਫ਼ਸਲ ਖ਼ਰੀਦੇਗੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਜਾਰੀ ਰਹੇਗੀ। ਵਿਰੋਧੀ ਪਾਰਟੀਆਂ ਵੱਲੋਂ ਬਿੱਲਾਂ ਨੂੰ ‘ਕਿਸਾਨ ਵਿਰੋਧੀ’ ਕਰਾਰ ਦੇ ਕੇ ਊਸ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਬਿੱਲਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਸ੍ਰੀ ਮੋਦੀ ਨੇ ਬਿੱਲਾਂ ਦਾ ਪੱਖ ਪੂਰਦਿਆਂ ਕਿਹਾ ਕਿ ਕਿਸਾਨਾਂ ਨੂੰ ਹੁਣ ਆਪਣੀ ਫ਼ਸਲ ਕਿਤੇ ਵੀ ਅਤੇ ਆਪਣੇ ਮੁੱਲ ’ਤੇ ਵੇਚਣ ਦੀ ਆਜ਼ਾਦੀ ਹੋਵੇਗੀ। ਆਲੋਚਕਾਂ ਖਾਸ ਕਰ ਕੇ ਕਾਂਗਰਸ ’ਤੇ ਵਰ੍ਹਦਿਆਂ ਊਨ੍ਹਾਂ ਕਿਹਾ,‘‘ਕੁਝ ਲੋਕਾਂ ਦੇ ਗੁੱਟਾਂ ਨੇ ਲੰਬੇ ਸਮੇਂ ਤੱਕ ਕਿਸਾਨਾਂ ਦਾ ਸ਼ੋਸ਼ਣ ਕੀਤਾ।

ਖੇਤੀ ਸੈਕਟਰ ’ਚ ਇਤਿਹਾਸਕ ਬਦਲਾਅ ਮਗਰੋਂ ਕੁਝ ਲੋਕ ਐੱਮਐੱਸਪੀ ’ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਊਹੋ ਲੋਕ ਹਨ ਜਿਹੜੇ ਕਈ ਵਰ੍ਹਿਆਂ ਤੱਕ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਦੱਬੀ ਬੈਠੇ ਰਹੇ।’’ ਬਿੱਲਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਆਖਦਾ ਹੈ ਕਿ ਸਰਕਾਰ ਦੇ ਸੁਧਾਰਾਂ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ ਤਾਂ ਊਹ ‘ਝੂਠ’ ਬੋਲ ਰਿਹਾ ਹੈ। ਊਨ੍ਹਾਂ ਕਿਹਾ ਕਿ ਕਈ ਸੂਬਿਆਂ ’ਚ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਆਪਣੀ ਫ਼ਸਲ ਦਾ ਢੁੱਕਵਾਂ ਮੁੱਲ ਮਿਲ ਰਿਹਾ ਹੈ। ਸ੍ਰੀ ਮੋਦੀ ਨੇ ਇਹ ਗੱਲਾਂ ਵਰਚੂਅਲ ਸਮਾਗਮ ਦੌਰਾਨ ਬਿਹਾਰ ’ਚ 9 ਹਾਈਵੇਅ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ 45945 ਪਿੰਡਾਂ ’ਚ ਆਪਟੀਕਲ ਫਾਈਬਰ ਇੰਟਰਨੈੱਟ ਸੇਵਾਵਾਂ ਦੇ ਊਦਘਾਟਨ ਮੌਕੇ ਕੀਤੀਆਂ। ਊਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਇਨ੍ਹਾਂ ਬਿੱਲਾਂ ਦਾ ਲਾਭ ਹੋਵੇਗਾ ਅਤੇ ਊਨ੍ਹਾਂ ਨੂੰ ਫ਼ਸਲ ਦਾ ਬਿਹਤਰ ਮੁੱਲ ਮਿਲੇਗਾ।
-ਪੀਟੀਆਈ

ਕਣਕ ਦੇ ਸਮਰਥਨ ਮੁੱਲ ’ਚ 50 ਰੁਪਏ ਦਾ ਵਾਧਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 50 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1975 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਨੇ ਤੋਮਰ ਨੇ ਅੱਜ ਲੋਕ ਸਭਾ ’ਚ ਇਹ ਜਾਣਕਾਰੀ ਦਿੱਤੀ। ਸ੍ਰੀ ਤੋਮਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ ਹੇਠ ਵਿੱਤੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਦੀ ਮੀਟਿੰਗ ’ਚ ਇਸ ਬਾਰੇ ਫ਼ੈਸਲਾ ਲਿਆ ਗਿਆ ਹੈ। ਖੇਤੀ ਮੰਤਰੀ ਨੇ ਕਿਹਾ, ‘ਘੱਟੋ ਘੱਟ ਸਮਰਥਣ ਮੁੱਲ, ਖੇਤੀ ਉਤਪਾਦ ਬਾਜ਼ਾਰ ਕਮੇਟੀ (ਏਪੀਐੱਮਸੀ) ਦਾ ਸਿਸਟਮ ਬਣਿਆ ਰਹੇਗਾ। ਫਸਲਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ ਅਤੇ ਕਿਸਾਨ ਜਿੱਥੇ ਚਾਹੁਣ ਜਾ ਕੇ ਆਪਣੀ ਜਿਣਸ ਵੇਚ ਸਕਣਗੇ।’ ਖੇਤੀ ਮੰਤਰੀ ਵੱਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪੰਜਾਬ, ਹਰਿਆਣਾ ਸਮੇਤ ਦੇਸ਼ ਦੀਆਂ ਕੁਝ ਹੋਰਨਾਂ ਥਾਵਾਂ ’ਤੇ ਕਿਸਾਨ ਖੇਤੀ ਬਿੱਲਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਬੀਤੇ ਦਿਨ ਸੰਸਦ ਨੇ ਦੋ ਖੇਤੀ ਬਿੱਲ ਪਾਸ ਕੀਤੇ ਹਨ। ਖੇਤੀ ਮੰਤਰੀ ਨੇ ਕਿਹਾ ਕਿ ਸੀਸੀਈਏ ਨੇ ਹਾੜੀ ਦੀਆਂ ਛੇ ਫਸਲਾਂ ਦੇ ਐੱਮਐੱਸਪੀ ’ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ’ਚੋਂ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 50 ਰੁਪਏ ਵਧਾ ਕੇ 1975 ਰੁਪੲੇ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਕੁਝ ਮੈਂਬਰ ਖੇਤੀ ਮੰਤਰੀ ਤੋਂ ਸਪੱਸ਼ਟੀਕਰਨ ਚਾਹੁੰਦੇ ਸਨ ਪਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਖੇਤੀ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਕਣਕ ਤੋਂ ਇਲਾਵਾ ਹਾੜੀ ਦੀਆਂ ਪੰਜ ਹੋਰ ਫਸਲਾਂ ਛੋਲੇ, ਮਸਰ, ਸਰ੍ਹੋਂ, ਜੌਂ ਤੇ ਕੁਸੰਭਾ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਵੀ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਸਰਕਾਰ ਨੇ ਛੋਲਿਆਂ ਦਾ ਐੱਮਐੱਸਪੀ 225 ਰੁਪਏ ਪ੍ਰਤੀ ਕੁਇੰਟਲ ਵਧਾ ਕੇ 5100 ਰੁਪਏ ਪ੍ਰਤੀ ਕੁਇੰਟਲ, ਮਸਰ ਦਾ 300 ਰੁਪਏ ਵਧਾ ਕੇ 5100 ਰੁਪਏ ਪ੍ਰਤੀ ਕੁਇੰਟਲ, ਸਰ੍ਹੋਂ ਦਾ 225 ਰੁਪਏ ਵਧਾ ਕੇ 4650 ਰੁਪਏ ਪ੍ਰਤੀ ਕੁਇੰਟਲ, ਜੌਂ ਦਾ 75 ਰੁਪਏ ਵਧਾ ਕੇ 1600 ਰੁਪਏ ਪ੍ਰਤੀ ਕੁਇੰਟਨ ਅਤੇ ਕੁਸੰਭਾ ਦਾ ਐੱਮਐੱਸਪੀ 112 ਰੁਪਏ ਵਧਾ ਕੇ 5327 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All