ਦਿੱਲੀ ’ਚ ਕਿਸਾਨ ਪਰੇਡ ਲਈ ‘ਟਰੈਕਟਰ ਮਸ਼ਕਾਂ’

ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ; ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਜਾਣ ਦਾ ਦਿੱਤਾ ਸੱਦਾ

ਦਿੱਲੀ ’ਚ ਕਿਸਾਨ ਪਰੇਡ ਲਈ ‘ਟਰੈਕਟਰ ਮਸ਼ਕਾਂ’

ਬਠਿੰਡਾ ਵਿੱਚ ਬੁੱਧਵਾਰ ਨੂੰ 26 ਜਨਵਰੀ ਦੀ ਦਿੱਲੀ ਪਰੇਡ ਦੇ ਦੇ ਮੱਦੇਨਜ਼ਰ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ/ਜੈਤੋ, 13 ਜਨਵਰੀ

ਕਿਸਾਨ ਅੰਦੋਲਨ ਤਹਿਤ 26 ਜਨਵਰੀ ਨੂੰ ਦਿੱਲੀ ’ਚ ਹੋਣ ਵਾਲੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਅੱਜ ਬਠਿੰਡਾ ਤੇ ਜੈਤੋ ਦੇ ਬਾਜ਼ਾਰਾਂ ’ਚ ਟਰੈਕਟਰ ਚਲਾ ਕੇ ਅਭਿਆਸ ਕੀਤਾ। ਕਾਫ਼ਲੇ ਦੀ ਅਗਵਾਈ ਕਰਦੇ ਕਿਸਾਨਾਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਨੀਅਤ ’ਚ ਖੋਟ ਹੈ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਢੰਗ ਨਾਲ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਉਣ, ਨਾਗਰਿਕਤਾ ਸੋਧ ਕਾਨੂੰਨ, ਤਿੰਨ ਤਲਾਕ ਕਾਨੂੰਨ ਪਾਸ ਕਰਨ ਵਾਲੀ ਭਾਜਪਾ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਮਾਮਲੇ ’ਚ ਮੋੜਾ ਦੇਣ ਲਈ ਦੇਸ਼ ਦਾ ਅੰਨਦਾਤਾ ‘ਕਰੋ ਜਾਂ ਮਰੋ’ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਬੱਜਰ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਭਾਜਪਈ ‘ਦੇਸ਼ ਧ੍ਰੋਹੀ’, ‘ਨਕਸਲੀਏ’, ‘ਖਾਲਿਸਤਾਨੀ’, ‘ਟੁਕੜੇ-ਟੁਕੜੇ ਗੈਂਗ’ ਦੇ ਸਰਟੀਫਿਕੇਟ ਵੰਡ ਰਹੇ ਹਨ। ਕਿਸਾਨ ਆਗੂਆਂ ਕਿਹਾ ਕਿ ਖੇਤੀ ਕਾਨੂੰਨਾਂ ’ਤੇ ‘ਰੋਕ’ ਮਸਲੇ ਦਾ ਹੱਲ ਨਹੀਂ ਅਤੇ ਜਦੋਂ ਤੱਕ ਇਹ ‘ਰੱਦ’ ਨਹੀਂ ਹੋ ਜਾਂਦੇ ਉਦੋਂ ਤੱਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਜ਼ੀਰਾ ਤੋਂ ਕਿਸਾਨ- ਮਜ਼ਦੂਰ ਕ੍ਰਾਂਤੀਕਾਰੀ ਯੂਨੀਅਨ ਨੇ ਅੱਜ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜੋ ਜ਼ੀਰਾ ਤੋਂ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੱਖੂ ਪਹੁੰਚ ਕੇ ਸਮਾਪਤ ਹੋਇਆ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਨੱਕ ਦਾ ਸਵਾਲ ਬਣਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਜਦਕਿ ਹੁਣ ਤਾਂ ਸੁਪਰੀਮ ਕੋਰਟ ਵੱਲੋਂ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਫਟਕਾਰ ਲਾਈ ਜਾ ਰਹੀ ਹੈ ਕਿ ਇਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਜਲਦ ਫ਼ੈਸਲਾ ਲਵੇ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਬਲਾਕ ਭਗਤਾ ਭਾਈ ਵੱਲੋਂ ਇਸ ਇਲਾਕੇ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਭਗਤਾ ਭਾਈ ਤੋਂ ਸ਼ੁਰੂ ਹੋ ਕੇ ਕੋਠਾ ਗੁਰੂ, ਦਿਆਲਪੁਰਾ ਮਿਰਜਾ, ਜਲਾਲ, ਗੁੰਮਟੀ ਕਲਾਂ ਵਿਚੋਂ ਦੀ ਲੰਘਿਆ। ਮਾਰਚ ਦੌਰਾਨ ਲੋਹੜੀ ਮਨਾਉਂਦਿਆਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਭਗਤਾ, ਦਰਸ਼ਨ ਸਿੰਘ ਢਿੱਲੋਂ, ਤੀਰਥ ਸੇਲਬਰਾਹ, ਜਗਸੀਰ ਸਿੰੰਘ ਫੂਲ ਨੇ ਕਿਹਾ ਕਿ ਕੇਂਦਰ ਸਰਕਾਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੀਆਂ ਮੰਗਾਂ ਮੰਨ ਕੇ ਸੰਘਰਸ਼ ਖਤਮ ਕਰਾਵੇ ਨਹੀਂ ਤਾਂ 26 ਜਨਵਰੀ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਭੁੱਚੋ ਮੰਡੀ (ਪਵਨ ਗੋਇਲ): ਡੇਰਾ ਬਾਬਾ ਰਾਮ ਦਾਸ ਕਮੇਟੀ ਕੋਟੜਾ ਕੋੜਾ ਵੱਲੋਂ 26 ਜਨਵਰੀ ਦੇ ਦਿੱਲੀ ਕਿਸਾਨ ਟਰੈਕਟਰ ਮਾਰਚ ਦੀ ਤਿਆਰੀ ਵਜੋਂ ਅੱਜ ਭੁੱਚੋ ਮੰਡੀ, ਚੱਕ ਬਖਤੂ, ਚੱਕ ਫ਼ਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਗਿੱਲ, ਦੌਲਤਪੁਰਾ, ਭੁੱਚੋ ਕੈਂਚੀਆਂ, ਲਹਿਰਾ ਬੇਗਾ ਅਤੇ ਲਹਿਰਾ ਮੁਹੱਬਤ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਅਤੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਲਕੀਤ ਸਿੰਘ ਧੂਰਕੋਟ ਨੇ ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਫਾਜ਼ਿਲਕਾ (ਪਰਮਜੀਤ ਸਿੰਘ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਸਮਰਥਨ ਵਿਚ ਕਿਸਾਨਾਂ ਵੱਲੋਂ ਅੱਜ ਫਾਜ਼ਿਲਕਾ ਸ਼ਹਿਰ ਵਿਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ। ਫਾਜ਼ਿਲਕਾ ਦੀ ਅਨਾਜ ਮੰਡੀ ਤੋਂ ਸ਼ੁਰੂ ਹੋਕੇ ਇਹ ਕਿਸਾਨ ਰੈਲੀ 20 ਕਿਲੋਮੀਟਰ ਦੂਰ ਸਾਬਕਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੇਹੜਾ ਜਾਕੇ ਖ਼ਤਮ ਹੋਈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All