‘ਪੂਰੀ ਮਿਹਨਤ ਨਾ ਮਿਲਣ ਕਾਰਨ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਚੜ੍ਹੇ’

ਕਿਸਾਨ ਆਗੂ ਨਫੇ ਸਿੰਘ ਨੇ ਲੋਕਾਂ ਨੂੰ ਦਿੱਤਾ ਮੋਰਚਿਆਂ ’ਤੇ ਪਹੁੰਚਣ ਦਾ ਸੱਦਾ

‘ਪੂਰੀ ਮਿਹਨਤ ਨਾ ਮਿਲਣ ਕਾਰਨ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਚੜ੍ਹੇ’

ਹਰਿਆਣਵੀ ਆਗੂ ਨਫ਼ੇ ਸਿੰਘ ਇਕੱਠ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਫਰਵਰੀ

ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਦੀ ਸਟੇਜ ਤੋਂ ਹਰਿਆਣਾ ਦੇ ਕਿਸਾਨ ਆਗੂ ਨਫੇ ਸਿੰਘ ਜੀਂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲਾਂ ਦੇ ਭਾਅ ਅਤੇ ਮਜ਼ਦੂਰ ਦੀ ਮਿਹਨਤ ਪੂਰੀ ਨਾ ਮਿਲਣ ਕਾਰਨ ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਚੜ੍ਹੇ ਹਨ। ਉਨ੍ਹਾਂ ਕਿਹਾ ਕਿ 1966 ਤੋਂ ਲੈ ਕੇ ਹੁਣ ਤੱਕ ਮੁਲਾਜ਼ਮਾਂ ਤੇ ਮੰਤਰੀਆਂ ਦੀਆਂ ਤਨਖ਼ਾਹਾਂ ਤਿੰਨ ਸੌ ਗੁਣਾਂ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ ਜਦਕਿ ਫਸਲਾਂ ਦੀਆਂ ਕੀਮਤਾਂ ਵਿੱਚ ਸਿਰਫ਼ ਤੀਹ ਫ਼ੀਸਦੀ ਵਾਧਾ ਹੀ ਹੋਇਆ ਹੈ। ਸਾਰੀ ਉਮਰ ਹੱਡ-ਭੰਨਵੀਂ ਮਿਹਨਤ ਕਰਨ ਵਾਲੇ ਕੁਝ ਕੁ ਕਿਰਤੀ ਲੋਕਾਂ ਨੂੰ ਨਾ-ਮਾਤਰ ਪੈਨਸ਼ਨ ਮਿਲਦੀ ਹੈ ਜਦਕਿ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇੱਕ ਵਾਰ ਚੁਣੇ ਜਾਣ ’ਤੇ ਵੱਡੀਆਂ ਪੈਨਸ਼ਨਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਵਿਤਕਰਿਆਂ ਖ਼ਿਲਾਫ਼ ਹਰਿਆਣਾ ਵਿਚ ਵੀ ਸੰਘਰਸ਼ ਜਾਰੀ ਹਨ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਬੀਤੇ ਦਿਨ ਬਰਨਾਲਾ ’ਚ ਹੋਈ ਕਿਸਾਨ-ਮਜ਼ਦੂਰ ਏਕਤਾ ਮਹਾਰੈਲੀ ਵਿਚ ਪਹੁੰਚੇ ਪਰਿਵਾਰਾਂ ਸਮੇਤ ਲੱਖਾਂ ਲੋਕਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਫ਼ਾਸ਼ੀਵਾਦੀ ਕਦਮਾਂ ’ਤੇ ਚੱਲਣ ਵਾਲੀ ਮੋਦੀ ਹਕੂਮਤ ਦਾ ਹੰਕਾਰ ਤੋੜ ਦਿੱਤਾ ਹੈ ਜੋ ਸੋਚਦੀ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਦਾ ਰੋਹ ਘੱਟ ਗਿਆ ਹੈ। ਉਨ੍ਹਾਂ ਦਿੱਲੀ ਮੋਰਚੇ ਵਿੱਚ ਬੈਠੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਸਰਦਾਰ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਪਗੜੀ ਸੰਭਾਲ ਦਿਹਾੜੇ ਵਜੋਂ ਮਨਾਉਂਦੇ ਹੋਏ ਦਿੱਲੀ ਮੋਰਚਿਆਂ ’ਤੇ ਵੱਧ ਤੋਂ ਵੱਧ ਹਾਜ਼ਰੀ ਭਰਨ। ਮਹਿਲਾ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਇੱਥੇ ਸਟੇਜ ਤੋਂ ਔਰਤ ਦਿਹਾੜਾ ਮਨਾਇਆ ਜਾਵੇਗਾ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਣ ਸਨਮਾਨ ਦੀ ਬਹਾਲੀ ਲਈ ਅੱਠ ਮਾਰਚ ਨੂੰ ਮੋਰਚਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All