Punjab Digi Portal: ‘ਡਿਜੀ ਪੰਜਾਬ’ ਪੋਰਟਲ ’ਤੇ 300 ਤੋਂ ਵੱਧ ਸੇਵਾਵਾਂ
ਪੰਜਾਬ ਸਰਕਾਰ ਦਾ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਬਹੁਤ ਸੌਖੇ, ਸਾਫ਼-ਸੁਥਰੇ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਦੇਣ ਦਾ ਟੀਚਾ
Punjab Digi Portal: ਪੰਜਾਬ ਸਰਕਾਰ ਨੇ ‘ਡਿਜੀ ਪੰਜਾਬ’ ਪੋਰਟਲ ਸ਼ੁਰੂ ਕੀਤਾ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਕੰਮ-ਕਾਰ ਬਹੁਤ ਸੌਖੇ, ਸਾਫ਼-ਸੁਥਰੇ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਮਿਲ ਸਕਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਇਸ ਨਵੀਂ ਵਿਵਸਥਾ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਮਹਿਕਮਿਆਂ ਦੇ ਚੱਕਰ ਕੱਟਣ ਜਾਂ ਵੱਖ-ਵੱਖ ਵੈੱਬਸਾਈਟਾਂ ’ਤੇ ਭਟਕਣ ਦੀ ਲੋੜ ਨਹੀਂ ਪਵੇਗੀ। ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਬੀਤੀ 1 ਸਤੰਬਰ ਨੂੰ ਇਸ ਡਿਜੀਟਲ ਪੋਰਟਲ ਦਾ ਆਗਾਜ਼ ਕਰਦਿਆਂ ਆਖਿਆ ਕਿ ਸਰਕਾਰ ਦਾ ਟੀਚਾ ਲੋਕਾਂ ਨੂੰ ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਤੈਅ ਸਮੇਂ ਵਿੱਚ ਸੇਵਾਵਾਂ ਦੇਣਾ ਹੈ।
‘digi.punjab.gov.in’ ਪੋਰਟਲ ਦੇ ਪਹਿਲੇ ਪੜਾਅ ਵਿੱਚ 12 ਵਿਭਾਗਾਂ ਦੀਆਂ 300 ਤੋਂ ਵੱਧ ਸੇਵਾਵਾਂ ਆਮ ਲੋਕਾਂ ਲਈ ਉਪਲਬਧ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਜਨਮ-ਮੌਤ ਸਰਟੀਫਿਕੇਟ, ਮੈਡੀਕਲ ਫਿਟਨੈੱਸ, ਵਿਆਹ ਰਜਿਸਟ੍ਰੇਸ਼ਨ, ਅਸਲਾ ਲਾਇਸੈਂਸ ਬਣਾਉਣ ਤੇ ਨਵਿਆਉਣ ਵਰਗੀਆਂ ਸੇਵਾਵਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਪੁਲੀਸ ਤਸਦੀਕ, ਕਿਰਾਏਦਾਰਾਂ ਦੀ ਪੜਤਾਲ, ਆਮਦਨ, ਰਿਹਾਇਸ਼ ਤੇ ਜਾਤੀ ਸਰਟੀਫਿਕੇਟ, ਬੁਢਾਪਾ ਜਾਂ ਹੋਰ ਪੈਨਸ਼ਨਾਂ, ਕਿਰਤ ਭਲਾਈ ਸਕੀਮਾਂ ਅਤੇ ਪਾਣੀ ਦੇ ਕੁਨੈਕਸ਼ਨ ਦੀ ਪਰਵਾਨਗੀ ਵਰਗੀਆਂ ਸਹੂਲਤਾਂ ਵੀ ਇਸੇ ਪਲੈਟਫਾਰਮ ’ਤੇ ਮਿਲਣਗੀਆਂ। ਸਰਕਾਰ ਦੀ ਤਿਆਰੀ ਆਉਂਦੇ ਦੋ ਮਹੀਨਿਆਂ ਵਿੱਚ ਇਸ ਪੋਰਟਲ ’ਤੇ 800 ਤੋਂ ਵੱਧ ਸਰਕਾਰੀ ਸੇਵਾਵਾਂ ਲਿਆਉਣ ਦੀ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਭ ਕੁਝ ਇੱਕੋ ਥਾਂ ’ਤੇ ਆਸਾਨੀ ਨਾਲ ਮਿਲ ਸਕੇ। ਇਸ ਸੇਵਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਹਰ ਕੰਮ ਲਈ ਸਮਾਂ-ਸੀਮਾ ਮਿੱਥੀ ਗਈ ਹੈ। ਜੇਕਰ ਕਿਸੇ ਦੀ ਅਰਜ਼ੀ ’ਤੇ ਤੈਅ ਸਮੇਂ ਅੰਦਰ ਕੰਮ ਨਹੀਂ ਹੁੰਦਾ ਤਾਂ ਸਬੰਧਿਤ ਅਧਿਕਾਰੀ ਤੋਂ ਜਵਾਬ ਮੰਗਿਆ ਜਾਵੇਗਾ। ਪੋਰਟਲ ਵਿੱਚ ਰੀਅਲ-ਟਾਈਮ ਟਰੈਕਿੰਗ ਦੀ ਸਹੂਲਤ ਵੀ ਹੈ, ਜਿਸ ਨਾਲ ਬਿਨੈਕਾਰ ਘਰ ਬੈਠੇ ਆਪਣੇ ਫੋਨ ਤੋਂ ਦੇਖ ਸਕੇਗਾ ਕਿ ਉਸ ਦੀ ਫਾਈਲ ਕਿੱਥੇ ਤੱਕ ਪਹੁੰਚੀ ਹੈ।
ਆਮ ਤੌਰ ’ਤੇ ਕਾਗ਼ਜ਼-ਪੱਤਰ ਬਣਵਾਉਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਖ਼ਾਸ ਕਰਕੇ ਦਿਹਾੜੀਦਾਰਾਂ, ਪੇਂਡੂ ਲੋਕਾਂ ਅਤੇ ਦੁਰਾਡੇ ਪਿੰਡਾਂ ਵਿੱਚ ਰਹਿਣ ਵਾਲਿਆਂ ਲਈ ਇਹ ਮੁਸ਼ਕਿਲਾਂ ਹੋਰ ਵੀ ਵੱਡੀਆਂ ਹੁੰਦੀਆਂ ਹਨ। ਨਵੇਂ ਡਿਜੀਟਲ ਪੋਰਟਲ ਰਾਹੀਂ ਲੋਕ ਘਰ ਬੈਠੇ ਹੀ ਆਪਣੇ ਮੋਬਾਈਲ ਰਾਹੀਂ ਅਰਜ਼ੀ ਦੇ ਸਕਣਗੇ। ਜਿਹੜੇ ਲੋਕਾਂ ਨੂੰ ਤਕਨੀਕੀ ਕੰਮਾਂ ਵਿੱਚ ਮੁਸ਼ਕਿਲ ਆਉਂਦੀ ਹੈ, ਉਨ੍ਹਾਂ ਦੀ ਮਦਦ ਲਈ ਸੇਵਾ ਕੇਂਦਰ ਅਤੇ ‘ਡੋਰਸਟੈੱਪ ਡਿਲਿਵਰੀ’ (ਹੈਲਪਲਾਈਨ 1076) ਪਹਿਲਾਂ ਵਾਂਗ ਹੀ ਸੇਵਾ ਵਿੱਚ ਰਹੇਗੀ।
ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਕੰਮਕਾਜ ਨੂੰ ਔਨਲਾਈਨ ਕਰਨ ਵੱਲ ਵੱਡੇ ਕਦਮ ਪੁੱਟੇ ਹਨ। ਮਿਸਾਲ ਵਜੋਂ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ 76 ਲੱਖ ਤੋਂ ਵੱਧ ਔਰਤਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ 45,000 ਤੋਂ ਵੱਧ ਪਟਵਾਰੀਆਂ, ਸਰਪੰਚਾਂ ਅਤੇ ਕੌਂਸਲਰਾਂ ਨੇ ਆਪਣੇ ਮੋਬਾਈਲ ਫੋਨਾਂ ਰਾਹੀਂ ਇੱਕ ਕਰੋੜ ਤੋਂ ਵੱਧ ਅਰਜ਼ੀਆਂ ਦਾ ਨਿਬੇੜਾ ਕੀਤਾ ਹੈ। ਹੁਣ ‘ਡਿਜੀ ਪੰਜਾਬ’ ਪੋਰਟਲ ਦੇ ਆਉਣ ਨਾਲ ਡਿਜੀਟਲ ਸੇਵਾਵਾਂ ਦਾ ਘੇਰਾ ਹੋਰ ਵਿਸ਼ਾਲ ਹੋ ਗਿਆ ਹੈ। ਸਰਕਾਰ ਦਾ ਇਹ ਉਪਰਾਲਾ ਪ੍ਰਸ਼ਾਸਨ ਅਤੇ ਆਮ ਜਨਤਾ ਵਿਚਕਾਰ ਦੂਰੀ ਘਟਾਉਣ ਦਾ ਇੱਕ ਸਾਰਥਕ ਯਤਨ ਹੈ ਤਾਂ ਜੋ ਸ਼ਹਿਰਾਂ ਵਾਂਗ ਪਿੰਡਾਂ ਦੇ ਲੋਕ ਵੀ ਘਰ ਬੈਠ ਕੇ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ।

