Punjab Beggar Free: ਭਿਖਾਰੀ ਮੁਕਤ ਪੰਜਾਬ: ਬਾਲ ਤਸਕਰੀ ਨੂੰ ਠੱਲ੍ਹ
ਪੰਜਾਬ ਸਰਕਾਰ ਨੇ ਸੜਕਾਂ ’ਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਅਤੇ ਸੁਰੱਖਿਆ ਲਈ ਡੀ ਐੱਨ ਏ ਟੈਸਟ ਕਰਨ ਦੀ ਮੁਹਿੰਮ ਆਰੰਭੀ
Punjab Beggar Free: ਪੰਜਾਬ ਅੰਦਰ ਬੱਚਿਆਂ ਦੀ ਤਸਕਰੀ ਅਤੇ ਸੜਕਾਂ ’ਤੇ ਭੀਖ ਮੰਗਵਾਉਣ ਵਾਲੇ ਗਰੋਹਾਂ ਖ਼ਿਲਾਫ਼ ਸੂਬਾਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਦਾ ਅਹਿਦ ਲਿਆ ਹੈ। ਇਸ ਤਹਿਤ ਸੜਕਾਂ ’ਤੇ ਭੀਖ ਮੰਗਦੇ ਬੱਚਿਆਂ ਦੀ ਪਛਾਣ ਅਤੇ ਸੁਰੱਖਿਆ ਲਈ ਡੀ ਐੱਨ ਏ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਆਰੰਭੀ ਗਈ। ਭੀਖ ਮੰਗਣ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ 2.0’ ਸ਼ੁਰੂ ਕੀਤਾ ਗਿਆ। ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰੋਜੈਕਟ ਜੀਵਨਜੋਤ ਅਤੇ ਜੀਵਨਜੋਤ 2.0 ਤਹਿਤ 704 ਬੱਚਿਆਂ ਨੂੰ ਭੀਖ ਮੰਗਣ ਵਾਲਿਆਂ ਦੀ ਚੁੰਗਲ ਤੋਂ ਸੁਰੱਖਿਅਤ ਬਾਹਰ ਕੱਢਿਆ ਹੈ। ਇਹ ਪ੍ਰੋਜੈਕਟ ਬਾਲ ਸੁਰੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਾਨਦਾਰ ਮਿਸਾਲ ਹੈ।
ਸਰਕਾਰ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਸੜਕਾਂ ਜਾਂ ਚੌਕਾਂ ’ਤੇ ਵੱਡਿਆਂ ਨਾਲ ਭੀਖ ਮੰਗਦੇ ਇਹ ਬੱਚੇ ਅਸਲ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਜਾਂ ਨਹੀਂ। ਕਈ ਮਾਮਲਿਆਂ ਵਿੱਚ ਬੱਚਿਆਂ ਦੀ ਤਸਕਰੀ ਅਤੇ ਸ਼ੋਸ਼ਣ ਦੇ ਖ਼ਤਰੇ ਸਾਹਮਣੇ ਆਏ ਹਨ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਪ੍ਰੋਜੈਕਟ ਜੀਵਨਜੋਤ 2.0 ਤਹਿਤ ਪਿਛਲੇ ਮਹੀਨਿਆਂ ਵਿੱਚ ਸੈਂਕੜੇ ਬੱਚਿਆਂ ਨੂੰ ਸੜਕਾਂ ਤੋਂ ਬਚਾ ਕੇ ਉਨ੍ਹਾਂ ਦੇ ਅਸਲ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ ਅਤੇ ਕਈਆਂ ਨੂੰ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਪਹਿਲਕਦਮੀ ਤਹਿਤ ਬਚਾਏ ਗਏ ਬੱਚਿਆਂ ਅਤੇ ਉਨ੍ਹਾਂ ਨੂੰ ਨਾਲ ਲਿਆਉਣ ਵਾਲੇ ਬਾਲਗਾਂ ਦੇ ਰਿਸ਼ਤਿਆਂ ਦੀ ਪੁਸ਼ਟੀ ਕਰਨ ਲਈ ਡੀ ਐੱਨ ਏ ਟੈਸਟ ਕੀਤੇ ਜਾਂਦੇ ਹਨ।
ਜੇਕਰ ਡੀ ਐੱਨ ਏ ਨਤੀਜੇ ਆਪਸ ਵਿੱਚ ਮੇਲ ਨਹੀਂ ਖਾਂਦੇ ਤਾਂ ਦੋਸ਼ੀਆਂ ਵਿਰੁੱਧ ਐੱਫ ਆਈ ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੂਬੇ ਦੇ ਹਰ ਬੱਚੇ ਨੂੰ ਸੁਰੱਖਿਅਤ ਜੀਵਨ ਅਤੇ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ। ਇਸੇ ਲਈ ਬੱਚਿਆਂ ਦੇ ਸ਼ੋਸ਼ਣ ਖ਼ਿਲਾਫ਼ ਸਖ਼ਤ ਕਾਰਵਾਈ ਨਿਰੰਤਰ ਜਾਰੀ ਰਹੇਗੀ। ਡੀ ਐੱਨ ਏ ਟੈਸਟ ਅਤੇ ਰੈਸਕਿਊ ਅਪਰੇਸ਼ਨਾਂ ਲਈ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਪ੍ਰਮੁੱਖ ਥਾਵਾਂ ’ਤੇ ਵਿਸ਼ੇਸ਼ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਪੰਜਾਬ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਬੱਚੇ ਜਾਂ ਵਿਅਕਤੀ ਨੂੰ ਭੀਖ ਨਾ ਦਿੱਤੀ ਜਾਵੇ। ਜੇਕਰ ਕੋਈ ਬੱਚਾ ਕਿਤੇ ਵੀ ਭੀਖ ਮੰਗਦਾ ਦਿਖਾਈ ਦਿੰਦਾ ਹੈ ਤਾਂ ਤੁਰੰਤ ‘1098’ ਚਾਈਲਡ ਹੈਲਪਲਾਈਨ ਉੱਤੇ ਸੂਚਿਤ ਕੀਤਾ ਜਾਵੇ ਤਾਂ ਜੋ ਬੱਚੇ ਨੂੰ ਭਿਖਾਰੀਆਂ ਦੀ ਚੁੰਗਲ ’ਚੋਂ ਕੱਢ ਕੇ ਉਸ ਦਾ ਭਵਿੱਖ ਸੁਨਹਿਰਾ ਬਣਾਇਆ ਜਾ ਸਕੇ।
ਪੰਜਾਬ ਸਰਕਾਰ ਦੀ ਇਹ ਪਹਿਲ ਬੇਹੱਦ ਸ਼ਲਾਘਾਯੋਗ ਹੈ। ਇਸ ਨਾਲ ਲੋਕਾਂ ਦਾ ਸਰਕਾਰੀ ਪ੍ਰਣਾਲੀ ਉੱਤੇ ਭਰੋਸਾ ਵਧਿਆ ਹੈ ਅਤੇ ਇਹ ਸਾਬਿਤ ਹੋਇਆ ਹੈ ਕਿ ਸਰਕਾਰ ਜਨਤਾ ਨੂੰ ਸੁਵਿਧਾਜਨਕ, ਤੇਜ਼ ਅਤੇ ਭ੍ਰਿਸ਼ਟਾਚਾਰ-ਮੁਕਤ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜੇਕਰ ਇਸ ਤਰ੍ਹਾਂ ਦੇ ਲੋਕ-ਹਿਤੂ ਸੁਧਾਰ ਲਗਾਤਾਰ ਜਾਰੀ ਰਹਿੰਦੇ ਹਨ ਤਾਂ ਪੰਜਾਬ ਦੇਸ਼ ਭਰ ਵਿੱਚ ਮਿਸਾਲੀ ਸੂਬਾ ਬਣ ਸਕਦਾ ਹੈ।

