ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ : The Tribune India

ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ

ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ

ਲੈਫ.ਜਨ. ਆਸਿਮ ਮੁਨੀਰ, ਲੈਫ.ਜਨ. ਸਾਹਿਰ ਮਿਰਜ਼ਾ

ਇਸਲਾਮਾਬਾਦ, 24 ਨਵੰਬਰ

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਥਲ ਸੈਨਾ ਦਾ ਨਵਾਂ ਮੁਖੀ ਐਲਾਨਿਆ ਗਿਆ ਹੈ। ਉਹ ਜਨਰਲ ਕਮਰ ਜਾਵੇਦ ਬਾਜਵਾ (61) ਦੀ ਥਾਂ ’ਤੇ ਥਲ ਸੈਨਾ ਦੀ ਕਮਾਨ ਸੰਭਾਲਣਗੇ ਜੋ 29 ਨਵੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਇਸ ਨਾਲ ਪਿਛਲੇ ਕੁਝ ਦਿਨਾਂ ਤੋਂ ਥਲ ਸੈਨਾ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਚਲਿਆ ਆ ਰਿਹਾ ਸ਼ਸ਼ੋਪੰਜ ਖ਼ਤਮ ਹੋ ਗਿਆ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵਿੱਟਰ ’ਤੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੁਨੀਰ ਨੂੰ ਪਾਕਿਸਤਾਨ ਦਾ ਨਵਾਂ ਥਨ ਸੈਨਾ ਮੁਖੀ ਨਾਮਜ਼ਦ ਕੀਤਾ ਹੈ। ਲੈਫ਼ਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ ਹੈ। ਦੋਵੇਂ ਅਧਿਕਾਰੀਆਂ ਨੂੰ ਚਾਰ ਸਟਾਰ ਜਨਰਲ ਵਜੋਂ ਤਰੱਕੀ ਵੀ ਦਿੱਤੀ ਗਈ ਹੈ। ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਲੋਕਾਂ ਨੂੰ ਕਿਹਾ ਕਿ ਨਵੀਂ ਨਿਯੁਕਤੀ ਨੂੰ ਸਿਆਸੀ ਨਜ਼ਰ ਨਾਲ ਨਾ ਦੇਖਿਆ ਜਾਵੇ। ਉਨ੍ਹਾਂ ਆਸ ਜਤਾਈ ਕਿ ਰਾਸ਼ਟਰਪਤੀ ਨਿਯੁਕਤੀਆਂ ’ਤੇ ਵਿਵਾਦ ਖੜ੍ਹਾ ਨਹੀਂ ਕਰਨਗੇ ਅਤੇ ਪ੍ਰਧਾਨ ਮੰਤਰੀ ਦੀ ਸਲਾਹ ’ਤੇ ਮੋਹਰ ਲਾਉਣਗੇ। ਲੈਫ਼ਟੀਨੈਂਟ ਜਨਰਲ ਮੁਨੀਰ ਆਫ਼ੀਸਰਜ਼ ਟਰੇਨਿੰਗ ਸਕੂਲ ਪ੍ਰੋਗਰਾਮ ਰਾਹੀਂ ਫ਼ੌਜ ’ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਫਰੰਟੀਅਰ ਫੋਰਸ ਰੈਜੀਮੈਂਟ ’ਚ ਕਮਿਸ਼ਨ ਮਿਲਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਬਾਅ ਹੇਠ ਉਨ੍ਹਾਂ ਨੂੰ ਅੱਠ ਮਹੀਨਿਆਂ ’ਚ ਆਈਐੱਸਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ’ਤੇ ਲੈਫ਼ਟੀਨੈਂਟ ਜਨਰਲ ਫੈਜ਼ ਹਾਮਿਦ ਨੂੰ ਮੁਖੀ ਬਣਾਇਆ ਗਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All