ਇਸਲਾਮਾਬਾਦ, 25 ਜੁਲਾਈਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਵਿਧਾਨ ਸਭਾ ਲਈ ਐਤਵਾਰ ਨੂੰ ਪੋਲਿੰਗ ਚੱਲ ਰਹੀ ਹੈ, ਜਿਸ ਵਿਚ 45 ਮੈਂਬਰਾਂ ਨੂੰ ਚੁਣਨ ਲਈ 32 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਭਾਰਤ ਨੇ ਇਸ ਤੋਂ ਪਹਿਲਾਂ ਗਿਲਗਿਤ-ਬਾਲਟਿਸਤਾਨ ਵਿਚ ਚੋਣਾਂ ਕਰਾਉਣ ਦੇ ਪਾਕਿਸਤਾਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਸ ਨੂੰ ਸੈਨਿਕ-ਕਬਜ਼ੇ ਵਾਲੇ ਪ੍ਰਦੇਸ਼ ਦੀ ਸਥਿਤੀ ਬਦਲਣ ਲਈ ਕਾਰਵਾਈ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਪੀਓਕੇ ਵਿਧਾਨ ਸਭਾ ਵਿੱਚ ਕੁੱਲ 53 ਮੈਂਬਰ ਹਨ ਪਰ ਇਨ੍ਹਾਂ ਵਿੱਚੋਂ ਸਿਰਫ 45 ਸਿੱਧੇ ਹੀ ਚੁਣੇ ਜਾ ਸਕਦੇ ਹਨ। ਇਨ੍ਹਾਂ ਵਿਚੋਂ ਪੰਜ ਸੀਟਾਂ ਔਰਤਾਂ ਲਈ ਅਤੇ ਤਿੰਨ ਵਿਗਿਆਨ ਮਾਹਿਰਾਂ ਲਈ ਰਾਖਵੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ), ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿਚਕਾਰ ਸਖ਼ਤ ਤਿਕੋਣਾ ਮੁਕਾਬਲਾ ਹੋਣ ਦੀ ਉਮੀਦ ਹੈ।