ਮੁੰਬਈ, 6 ਜੁਲਾਈ
ਅਦਾਕਾਰ ਮਨੋਜ ਬਾਜਪਾਈ ਡਿਸਕਵਰੀ ਪਲੱਸ ਚੈਨਲ ’ਤੇ ਵਿਖਾਈ ਜਾਣ ਵਾਲੀ ਦਸਤਾਵੇਜ਼ੀ ‘ਕੋਵਿਡ-19: ਇੰਡੀਆ’ਜ਼ ਵਾਰ ਅਗੇਂਸਟ ਦਿ ਵਾਇਰਸ’ ਦੇ ਹਿੰਦੀ ਰੂਪ ਨੂੰ ਆਪਣੀ ਆਵਾਜ਼ ਦੇਵੇਗਾ। ਦਸਤਾਵੇਜ਼ੀ ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਦੇਸ਼ ਭਰ ਵਿੱਚ ਚੁੱਕੇ ਅਹਿਮ ਕਦਮਾਂ ’ਤੇ ਝਾਤ ਪੁਆਏਗੀ। ਫ਼ਿਲਮ ਮੁੱਖ ਰੂਪ ਵਿੱਚ ਵਾਇਰਸ ਦੇ ਟਾਕਰੇ ਲਈ ਤਕਨਾਲੋਜੀ ਨੂੰ ਵਰਤਣ ਦੇ ਢੰਗ ਤਰੀਕੇ ਨੂੰ ਉਘਾੜੇਗੀ। ਬਾਜਪਾਈ ਜਿੱਥੇ ਦਸਤਾਵੇਜ਼ੀ ਦੇ ਹਿੰਦੀ ਰੂਪ ਨੂੰ ਆਵਾਜ਼ ਦੇਵੇਗਾ, ਉਥੇ ਤਾਮਿਲ ਰੂਪ ਨੂੰ ਲੇਖਕ ਤੇ ਨਿਰਦੇਸ਼ਕ ਗੌਤਮ ਵਾਸੂਦੇਵ ਮੈਨਨ ਆਪਣੀ ਆਵਾਜ਼ ’ਚ ਬਿਆਨ ਕਰਨਗੇ। ਬਾਜਪਾਈ ਨੇ ਕਿਹਾ, ‘ਅਰਥਪੂਰਨ ਫ਼ਿਲਮਾਂ ਤੇ ਅਰਥਪੂਰਨ ਪ੍ਰਾਜੈਕਟ ਹਮੇਸ਼ਾਂ ਤੋਂ ਮੈਨੂੰ ਪਿਆਰੇ ਰਹੇ ਹਨ। ਮੈਂ ਮੰਨਦਾ ਹਾਂ ਕਿ ‘ਕੋਵਿਡ-19: ਇੰਡੀਆ’ਜ਼ ਵਾਰ ਅਗੇਂਸਟ ਦਿ ਵਾਇਰਸ’ ਵਰਗੀਆਂ ਖਾਸ ਦਸਤਾਵੇਜ਼ੀ ਫ਼ਿਲਮਾਂ ਨਾ ਸਿਰਫ਼ ਅੱਜ ਲਈ ਢੁੱਕਵੀਆਂ ਹਨ ਬਲਕਿ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨਾਲ ਜੋੜਦੀਆਂ ਰਹਿਣਗੀਆਂ। ਇਹ ਇਕ ਬਹੁਤ ਅਹਿਮ ਕਹਾਣੀ ਹੈ, ਜਿਸ ਨੂੰ ਅਸਰਦਾਰ ਤਰੀਕੇ ਨਾਲ ਬਿਆਨ ਕਰਨ ਦੀ ਲੋੜ ਹੈ।’ ਦਸਤਾਵੇਜ਼ੀ 20 ਜੁਲਾਈ ਨੂੰ ਡਿਸਕਵਰੀ ਚੈਨਲ ਤੇ ਡਿਸਵਕਰੀ ਚੈਨਲ ਐੱਚਡੀ ’ਤੇ ਵਿਖਾਈ ਜਾਵੇਗੀ। ਉਂਜ ਡਿਸਕਵਰੀ ਪਲੱਸ ਐਪ ’ਤੇ 16 ਜੁਲਾਈ ਨੂੰ ਇਸ ਦਾ ਵਿਸ਼ੇਸ਼ ਪ੍ਰਸਾਰਣ ਹੋਵੇਗਾ। -ਪੀਟੀਆਈ