ਨਵੀਂ ਦਿੱਲੀ, 7 ਜੁਲਾਈ
ਅਦਾਕਾਰ ਅਭਿਸ਼ੇਕ ਬੱਚਨ ਨੂੰ ਬੌਲੀਵੁੱਡ ਵਿਚ ਕਦਮ ਰੱਖਿਆਂ 20 ਸਾਲ ਹੋ ਗਏ ਹਨ ਤੇ ਹੁਣ ਉਹ ਆਤਮ-ਪੜਚੋਲ ’ਚੋਂ ਨਿਕਲ ਆਉਣ ਵਾਲੇ ਦਹਾਕੇ ਉਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ। ਅਭਿਸ਼ੇਕ ਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਜੇਪੀ ਦੱਤਾ ਦੀ ਫ਼ਿਲਮ ‘ਰਫ਼ਿਊਜੀ’ ਨਾਲ ਸੰਨ 2000 ਵਿਚ ਕੀਤੀ ਸੀ। ਥੋੜ੍ਹਾ ਸਮਾਂ ਸਿਨੇਮਾ ਤੋਂ ਦੂਰ ਰਹਿ ਕੇ ਉਹ 2018 ਵਿਚ ਅਨੁਰਾਗ ਕਸ਼ਿਅਪ ਦੀ ‘ਮਨਮਰਜ਼ੀਆਂ’ ਵਿਚ ਨਜ਼ਰ ਆਏ ਸਨ। ਅਭਿਸ਼ੇਕ ਨੇ ਕਿਹਾ ਕਿ ਲੰਘੇ 2-3 ਵਰ੍ਹਿਆਂ ਤੋਂ ਉਹ ਕਾਫ਼ੀ ਪੜਚੋਲ ਕਰ ਚੁੱਕੇ ਹਨ ਤੇ ਹੁਣ ਅੱਗੇ ਵਧਣ ਦਾ ਸਮਾਂ ਹੈ। ਅਭਿਸ਼ੇਕ (44) ‘ਯੁਵਾ’, ‘ਗੁਰੂ’ ਤੇ ‘ਬੰਟੀ ਔਰ ਬਬਲੀ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾ ਚੁੱਕੇ ਹਨ। ਅਭਿਸ਼ੇਕ ਨੇ ਕਿਹਾ ਕਿ ਅੱਗੇ ਵਧਣ ਦੀ ਸ਼ੁਰੂਆਤ ’ਚ ਉਨ੍ਹਾਂ ਕੋਲ ਪੇਸ਼ ਕਰਨ ਲਈ ਸਿਰਫ਼ ਕੰਮ ਹੈ। ਅਭਿਸ਼ੇਕ ਹੁਣ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸੀਰੀਜ਼ ‘ਬ੍ਰੀਦ: ਇਨਟੂ ਦੀ ਸ਼ੈਡੋਜ਼’ ਵਿਚ ਨਜ਼ਰ ਆਉਣਗੇ। ਅਦਾਕਾਰ ਨੇ ਕਿਹਾ ਕਿ ਅਗਲੇ 6 ਮਹੀਨਿਆਂ ਦੌਰਾਨ ਉਨ੍ਹਾਂ ਦੀ ਮਾਨਸਿਕਤਾ ਜਿਸ ਵੀ ਤਰ੍ਹਾਂ ਦੀ ਹੋਵੇਗੀ, ਉਸ ਨੂੰ ਆਧਾਰ ਬਣਾ ਕੇ ਹੀ ਉਹ ਭਵਿੱਖੀ ਕੰਮ ਬਾਰੇ ਫ਼ੈਸਲਾ ਲੈਣਗੇ। ਫ਼ਿਲਹਾਲ ਉਹ ਖ਼ੁਸ਼ ਹਨ ਕਿ ਨਿਰਮਾਤਾ, ਨਿਰਦੇਸ਼ਕ ਤੇ ਸਰੋਤੇ ਉਨ੍ਹਾਂ ਨੂੰ ਅਲੱਗ-ਅਲੱਗ ਭੂਮਿਕਾਵਾਂ ’ਚ ਪ੍ਰਵਾਨ ਕਰ ਰਹੇ ਹਨ। ‘ਬ੍ਰੀਦ’ ਦੀ ਪਹਿਲੀ ਕੜੀ ’ਚ ਆਰ. ਮਾਧਵਨ ਕੰਮ ਕਰ ਚੁੱਕੇ ਹਨ।
-ਪੀਟੀਆਈ