ਬੇਰੁਜ਼ਗਾਰ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ

ਬੇਰੁਜ਼ਗਾਰ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ

ਸੰਗਰੂਰ ’ਚ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਸਿਹਤ ਮੰਤਰੀ ਦਾ ਪੁਤਲਾ ਫ਼ੂਕਦੇ ਹੋਏ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਅਤੇ ਫੀਮੇਲ ਨੇ ਸਰਕਾਰ ਵੱਲੋਂ ਕੱਢੀਆਂ ਮਾਮੂਲੀ ਅਸਾਮੀਆਂ ਅਤੇ ਉਮਰ ਵਿੱਚ ਛੋਟ ਨਾ ਦੇਣ ਦੇ ਰੋਸ ਵਜੋਂ ਇੱਥੇ ਲਾਲ ਬੱਤੀ ਚੌਕ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪੁਤਲਾ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਉਮਰ ਦੀ ਹੱਦ ਵਿੱਚ ਛੋਟ ਦੇਣ ਦੀ ਮੰਗ ਕਰ ਰਹੇ ਸਨ। 

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ, ਯੂਨੀਅਨ ਮੇਲ ਅਤੇ ਫੀਮੇਲ ਦੇ ਸੂਬਾ ਆਗੂ ਤਰਲੋਚਨ ਸਿੰਘ ਨਾਗਰਾ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਲਾਲ ਬੱਤੀ ਚੌਕ ਵਿੱਚ ਸਿਹਤ ਮੰਤਰੀ ਦਾ ਪੁਤਲਾ ਫ਼ੂਕਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਤਰਲੋਚਨ ਸਿੰਘ ਨਾਗਰਾ ਨੇ ਕਿਹਾ ਕਿ ਬੇਰੁਜ਼ਗਾਰ ਹੈਲਥ ਵਰਕਰ ਮੇਲ ਅਤੇ ਫੀਮੇਲ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਅਤੇ ਉਮਰ ਦੀ ਹੱਦ ਵਿੱਚ ਛੋਟ ਦੇਣ ਦੀ ਮੰਗ ਕਰ ਰਹੇ ਸਨ। ਇਸ ਬਾਰੇ ਅਨੇਕਾਂ ਵਾਰ ਸਿਹਤ ਮੰਤਰੀ ਵੱਲੋਂ ਯੂਨੀਅਨ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਪਰ 30 ਜੂਨ ਦੀ ਕੈਬਨਿਟ ਮੀਟਿੰਗ ਦੌਰਾਨ ਹੈਲਥ ਵਰਕਰ ਮੇਲ ਦੀਆਂ 200 ਅਤੇ ਫੀਮੇਲ ਦੀਆਂ 600 ਅਸਾਮੀਆਂ ਦੀ ਬਗੈਰ ਉਮਰ ਦੀ ਹੱਦ ਵਿੱਚ ਛੋਟ ਦਿੱਤੇ ਭਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 4 ਹਜ਼ਾਰ ਵਰਕਰ ਮੇਲ ਅਤੇ 10 ਹਜ਼ਰ ਵਰਕਰ ਫੀਮੇਲ ਕੋਰਸ ਕਰਨ ਮਗਰੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਸਿਰਫ਼ ਅੱਠ ਸੌ ਅਸਾਮੀਆਂ ਨੂੰ ਮਨਜ਼ੂਰੀ ਦੇਣਾ ਬੇਰੁਜ਼ਗਾਰ ਮਲਟੀਪਰਪਜ਼ ਵਰਕਰਾਂ ਮੇਲ ਅਤੇ ਫੀਮੇਲ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਮੰਗ ਕੀਤੀ ਕਿ ਮੇਲ ਅਤੇ ਫੀਮੇਲ ਵਰਕਰਾਂ ਦੀਆਂ ਦੋ-ਦੋ ਹਜ਼ਾਰ ਅਸਾਮੀਆਂ ਦਾ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ, ਲਿਖਤੀ ਪ੍ਰੀਖਿਆ ਪੰਜਾਬੀ ਮਾਧਿਅਮ ਵਿਚ ਤੁਰੰਤ ਲੈ ਕੇ ਭਰਤੀ ਕੀਤੀ ਜਾਵੇ ਅਤੇ ਉਮਰ ਦੀ ਹੱਦ ਵਿਚ ਛੋਟ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 8 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੇ ਪਟਿਆਲਾ ਸਥਿਤ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All