ਸੰਗਰੂਰ ਜ਼ਿਲ੍ਹੇ ’ਚ ਕਰੋਨਾ ਨਾਲ ਇੱਕ ਹੋਰ ਮੌਤ; 53 ਨਵੇਂ ਕੇਸ ਮਿਲੇ

* 27 ਮਰੀਜ਼ਾਂ ਨੇ ਜਿੱਤੀ ਕਰੋਨਾ ਖ਼ਿਲਾਫ਼ ਜੰਗ; * ਹੁਣ ਤੱਕ 583 ਕਰੋਨਾ ਪੀੜਤਾਂ ’ਚੋਂ 439 ਹੋਏ ਤੰਦਰੁਸਤ

ਸੰਗਰੂਰ ਜ਼ਿਲ੍ਹੇ ’ਚ ਕਰੋਨਾ ਨਾਲ ਇੱਕ ਹੋਰ ਮੌਤ; 53 ਨਵੇਂ ਕੇਸ ਮਿਲੇ

ਸੰਗਰੂਰ ਦੇ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤਦੇ ਹੋਏ ਮਰੀਜ਼।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਮਾਲੇਰਕੋਟਲਾ ਦਾ ਵਸਨੀਕ ਸੀ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅੱਜ 53 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋ 28 ਮਰੀਜ਼ ਮਾਲੇਰਕੋਟਲਾ ਨਾਲ ਸਬੰਧਤ ਹਨ। ਉਧਰ ਅੱਜ 27 ਮਰੀਜ਼ ਕਰੋਨਾ ਖਿਲਾਫ਼ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ’ਚ ਹੁਣ ਤੱਕ 583 ਕਰੋਨਾ ਪੀੜਤ ਮਰੀਜ਼ਾਂ ’ਚੋ 439 ਤੰਦਰੁਸਤ ਹੋ ਚੁੱਕੇ ਹਨ ਜਦੋਂ ਕਿ ਐਕਟਿਵ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।

ਸਿਵਲ ਸਰਜਨ ਡਾ. ਰਾਜ ਕੁਮਾਰ ਅਨੁਸਾਰ ਅਬਦੁਲ ਰਸ਼ੀਦ (65) ਵਾਸੀ ਮਾਲੇਰਕੋਟਲਾ ਬੀਤੀ 26 ਜੂਨ ਨੂੰ ਸੀਐੱਮਸੀ ਲੁਧਿਆਣਾ ਵਿੱਚ ਦਾਖਲ ਹੋਇਆ ਸੀ ਜਿਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਮਰੀਜ਼ ਬਲੱਡ ਪ੍ਰੈਸ਼ਰ ਤੇ ਹੋਰ ਰੋਗਾਂ ਤੋਂ ਪੀੜਤ ਸੀ ਜਿਸ ਦੀ ਬੀਤੀ ਸ਼ਾਮ ਮੌਤ ਹੋ ਗਈ। ਜ਼ਿਲ੍ਹਾ ਸੰਗਰੂਰ ’ਚ ਕਰੋਨਾ ਨਾਲ 15 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ 12 ਮੌਤਾਂ ਇਕੱਲੇ ਮਾਲੇਰਕੋਟਲਾ ਨਾਲ ਸਬੰਧਤ ਹਨ ਜਦੋਂ ਕਿ ਸ਼ੇਰਪੁਰ, ਅਮਰਗੜ੍ਹ ਅਤੇ ਫਤਿਹਗੜ੍ਹ ਪੰਜਗਰਾਈਆਂ ਬਲਾਕ ’ਚੋ ਇੱਕ-ਇੱਕ ਮੌਤ ਹੋਈ ਹੈ।

ਅੱਜ 53 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਮਾਲੇਰਕੋਟਲਾ ਦੇ 28, ਸੁਨਾਮ ਬਲਾਕ ਦੇ 8, ਲੌਂਗੋਵਾਲ ਬਲਾਕ ਦੇ 6, ਮੂਨਕ ਦੇ 5, ਸੰਗਰੂਰ ਦੇ 3, ਧੂਰੀ ਦੇ 2 ਅਤੇ ਅਮਰਗੜ੍ਹ ਦਾ ਇੱਕ ਮਰੀਜ਼ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਕੋਵਿਡ ਕੇਅਰ ਸੈਂਟਰ ਘਾਬਦਾਂ, ਸਿਵਲ ਹਸਪਤਾਲ ਸੰਗਰੂਰ, ਸਿਵਲ ਹਸਪਤਾਲ ਮਲੇਰਕੋਟਲਾ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਜ਼ਿਲ੍ਹੇ ਨਾਲ ਸਬੰਧਤ 27 ਮਰੀਜ਼ ਇਸ ਨਾਮੁਰਾਦ ਬਿਮਾਰੀ ਤੋਂ ਮੁਕਤੀ ਪਾ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹਾ ਸੰਗਰੂਰ ਵਿੱਚ ਹੁਣ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 129 ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 18, ਸੰਗਰੂਰ ਅਤੇ ਮਲੇਰਕੋਟਲਾ ਤੋਂ 3-3 ਮਰੀਜ਼ ਜਦਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਸੰਗਰੂਰ ਨਾਲ ਸਬੰਧਤ ਇੱਕ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 15 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।

ਅਮਰਗੜ੍ਹ ਇਲਾਕੇ ਵਿੱਚ ਤਿੰਨ ਨਵੇਂ ਕਰੋਨਾ ਪਾਜ਼ਟਿਵ

ਅਮਰਗੜ੍ਹ (ਰਾਜਿੰਦਰ ਜੈਦਕਾ): ਕਮਿਊਨਿਟੀ ਹੈਲਥ ਸੈਂਟਰ ਅਮਰਗੜ੍ਹ ਅਧੀਨ ਪਿੰਡਾਂ ਵਿੱਚ ਤਿੰਨ ਹੋਰ ਕਰੋਨਾ ਪਾਜ਼ੇਟਿਵ ਮਰੀਜ਼ ਆਉਣ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਸਿਹਤ ਇੰਸਪੈਕਟਰ ਜਗਤਾਰ ਸਿੰਘ ਸਿੱਧੂ ਤੇ ਨੋਡਲ ਅਫਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਪਿੰਡ ਕਲੇਰਾ ਦੀ 26 ਸਾਲਾ ਔਰਤ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ, ਇਹ ਅਰਿਹੰਤ ਸਪਿੰਨਿੰਗ ਮਿੱਲ ਮਾਲੇਰਕੋਟਲਾ ਵਿੱਚ ਨੌਕਰੀ ਕਰਦੀ ਹੈ, ਇੰਜ ਹੀ ਅਮਰਗੜ੍ਹ ਦਾ ਪੁਲੀਸ ਮੁਲਾਜ਼ਮ ਅਤੇ ਪਿੰਡ ਬਾਗੜੀਆਂ ਦੀ 43 ਸਾਲਾ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੈਲਥ ਸੈਂਟਰ ਅਮਰਗੜ੍ਹ ਵਿੱਚ ਹੁਣ ਤੱਕ 66 ਮਰੀਜ਼ ਕਰੋਨਾ ਪੀੜਤ ਰਿਪੋਰਟ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 7 ਮਰੀਜ਼ ਐਕਟਿਵ ਹਨ ਤੇ ਬਾਕੀ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।

ਭਵਾਨੀਗੜ੍ਹ ਦੀ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੋਂ ਦੇ ਦਸਮੇਸ਼ ਨਗਰ ਦੀ ਮਹਿਲਾ ਦੀ ਕਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਸਬੰਧੀ ਐੱਸਐੱਮਓ ਭਵਾਨੀਗੜ੍ਹ ਡਾ. ਪਰਵੀਨ ਕੁਮਾਰ ਗਰਗ ਨੇ ਦੱਸਿਆ ਕਿ ਦਸਮੇਸ਼ ਨਗਰ ਦੇ ਇਕ ਵਸਨੀਕ ਦੀ ਪੁੱਤਰੀ ਬਠਿੰਡਾ ਵਿੱਚ ਵਿਆਹੀ ਹੋਈ ਹੈ ਅਤੇ ਇਹ ਲੜਕੀ ਗਰਭਵਤੀ ਹੋਣ ਕਾਰਨ ਹੁਣ ਆਪਣੇ ਪੇਕੇ ਘਰ ਆਈ ਹੋਈ ਸੀ। ਇਹ ਪਟਿਆਲਾ ਦੇ ਇਕ ਨਰਸਿੰਗ ਹੋਮ ’ਚ ਚੈਕਅੱਪ ਲਈ ਗਈ ਸੀ ਜਿਥੇ ਇਸ ਦਾ ਕਰੋਨਾ ਦੀ ਜਾਂਚ ਲਈ ਸੈਂਪਲ ਲਿਆ ਗਿਆ। ਇਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਲੜਕੀ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਹੁਣ ਲੜਕੀ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿੱਚ ਭੇਜਿਆ ਜਾਵੇਗਾ ਅਤੇ ਲੜਕੀ ਦੇ ਮਾਤਾ-ਪਿਤਾ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ।

ਮਾਸਕ ਨਾ ਪਾਉਣ ’ਤੇ 25 ਦੇ ਚਲਾਨ ਕੀਤੇ

ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਸਿਟੀ ਪੁਲੀਸ ਨੇ ਲਗਾਤਾਰ ਕਈ ਦਿਨਾਂ ਤੋਂ ਮਾਸਕ ਨਾ ਪਹਿਨਣ ਵਾਲਿਆਂ ਦੇ ਦਰਜਨਾਂ ਚਲਾਨ ਕੱਟੇ ਗਏ। ਸਿਟੀ ਪੁਲੀਸ ਦੇ ਐੱਸਐੱਚਓ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਕੋਵਿਡ 19 ਦੀ ਉਲੰਘਣਾ ਕਰਨ ਵਾਲੇ 25 ਵਿਅਕਤੀਆਂ ਦੇ ਚਲਾਨ ਕੱਟੇ। ਉਨ੍ਹਾਂ ਟੈਕਸੀ ਯੂਨੀਅਨ, ਰਾਮੇ ਵਾਲੀ ਖੂਹੀ ਚੌਕ, ਰਿਕਸ਼ਾ ਰੇਹੜੀ ਯੂਨੀਅਨ ਅਤੇ ਦੁਕਾਨਦਾਰਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਕਰੋਨਾਵਾਇਰਸ ਨਾਮੀ ਮਹਾਮਾਰੀ ਤੋਂ ਬਚਾਅ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਨਾ ਪਬਲਿਕ ਦੇ ਹਿੱਤ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਬਿਨਾਂ ਕੰਮ ਤੋਂ ਘਰੋਂ ਨਾ ਨਿਕਲਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਣ ਕੱਟਣੇ ਅੱਗੇ ਵੀ ਜਾਰੀ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All