ਕਾਂਗਰਸ ਦੀ ਪਹਿਲੀ ਸੂਚੀ ਸਿਆਸੀ ਖਿੱਚੋਤਾਣ ’ਚ ਫਸੀ

ਪੰਜਾਬ ਚੋਣਾਂ: ਸਕਰੀਨਿੰਗ ਕਮੇਟੀ ਨੇ ਸੂਚੀ ਮੁੜ ਸੋਨੀਆ ਗਾਂਧੀ ਨੂੰ ਭੇਜੀ; ਸਿੱਧੂ ਨੇ ਦੋ ਗਾਇਕਾਂ ਤੇ ਕੌਮਾਂਤਰੀ ਖਿਡਾਰੀ ਲਈ ਜ਼ੋਰ ਲਾਇਆ

ਕਾਂਗਰਸ ਦੀ ਪਹਿਲੀ ਸੂਚੀ ਸਿਆਸੀ ਖਿੱਚੋਤਾਣ ’ਚ ਫਸੀ

ਬ੍ਰਹਮ ਮਹਿੰਦਰਾ , ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਪ੍ਰਤਾਪ ਸਿੰਘ ਬਾਜਵਾ

ਚਰਨਜੀਤ ਭੁੱਲਰ

ਚੰਡੀਗੜ੍ਹ, 14 ਜਨਵਰੀ

ਕਾਂਗਰਸ ਪਾਰਟੀ ਦੀ ਪੰਜਾਬ ਚੋੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਆਖਰੀ ਪੜਾਅ ’ਤੇ ਸਿਆਸੀ ਕਲੇਸ਼ ਵਿਚ ਫਸ ਗਈ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਪੰਜ-ਛੇ ਸੀਟਾਂ ਨੂੰ ਲੈ ਕੇ ਘੁੰਡੀ ਫਸ ਗਈ ਹੈ ਜਿਸ ਦੇ ਹੱਲ ਲਈ ਅੱਜ ਸਕਰੀਨਿੰਗ ਕਮੇਟੀ ਮੁੜ ਜੁੜੀ ਅਤੇ ਇਨ੍ਹਾਂ ਹਲਕਿਆਂ ’ਤੇ ਮੁੜ ਚਰਚਾ ਕੀਤੀ ਗਈ। ਚੇਅਰਮੈਨ ਅਜੈ ਮਾਕਨ ਦੀ ਅਗਵਾਈ ਵਿਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਪੰਜ ਛੇ ਹਲਕਿਆਂ ’ਤੇ ਮੁੜ ਪੰਜਾਬ ਦੇ ਪ੍ਰਮੁੱਖ ਆਗੂਆਂ ਦਾ ਪੱਖ ਜਾਣਿਆ ਗਿਆ। ਸਕਰੀਨਿੰਗ ਕਮੇਟੀ ਨੇ ਮੁੜ ਪਹਿਲੀ ਸੂਚੀ ਨੂੰ ਕੇਂਦਰੀ ਚੋਣ ਕਮੇਟੀ ਦੀ ਆਗੂ ਸੋਨੀਆ ਗਾਂਧੀ ਕੋਲ ਭੇਜ ਦਿੱਤਾ ਹੈ। 

ਪੰਜਾਬ ਵਿੱਚ ਹੁਣ ਜਦੋਂ ਬਾਕੀ ਸਿਆਸੀ ਧਿਰਾਂ ਨੇ ਆਪਣਾ ਚੋੋਣ ਪ੍ਰਚਾਰ ਵਿੱਢ ਰੱਖਿਆ ਹੈ, ਉਥੇ ਕਾਂਗਰਸ ਪਾਰਟੀ ਅਜੇ ਤੱਕ ਆਪਣੀ ਪਹਿਲੀ ਸੂਚੀ ’ਤੇ ਮੋਹਰ ਲਾਉਣ ’ਚ ਫਸੀ ਹੋਈ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ  ਸੁਨੀਲ ਜਾਖੜ ਆਪੋ-ਆਪਣੇ ਖੇਮੇ ਦੇ ਆਗੂਆਂ ਨੂੰ ਉਮੀਦਵਾਰ ਬਣਾਉਣਾ ਲੋਚਦੇ ਹਨ, ਜਿਸ ਕਰਕੇ ਕੇਂਦਰੀ ਚੋਣ ਕਮੇਟੀ ਦੀ ਲੰਘੇ ਕੱਲ੍ਹ ਹੋਈ ਮੀਟਿੰਗ   ਵਿਚ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ ਸੀ। 

ਵੇਰਵਿਆਂ ਅਨੁਸਾਰ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈ ਕੇ ਹੁਣ ਕੇਂਦਰੀ ਚੋਣ ਕਮੇਟੀ ਮੁੜ ਨਹੀਂ ਜੁੜਨੀ ਹੈ ਅਤੇ ਇਸ ਬਾਰੇ ਸੋਨੀਆ ਗਾਂਧੀ ਨੇ ਹੀ ਆਖਰੀ ਮੋਹਰ ਲਾਉਣੀ ਹੈ। ਸੋਨੀਆ ਗਾਂਧੀ ਨੇ ਅੱਜ ਸਕਰੀਨਿੰਗ ਕਮੇਟੀ ਦੀ ਮੀਟਿੰਗ ਮਗਰੋਂ ਆਈ ਸੂਚੀ ਨੂੰ ਆਪਣੇ ਕੋਲ ਰੱਖ ਲਿਆ ਹੈ ਅਤੇ ਹੁਣ ਭਲਕੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦਾ ਅਨੁਮਾਨ ਹੈ। ਪਹਿਲੀ ਸੂਚੀ ਵਿਚ ਕਰੀਬ 70 ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਦੋ ਗਾਇਕਾਂ ਅਤੇ ਇੱਕ ਕੌਮਾਂਤਰੀ ਖਿਡਾਰੀ ਨੂੰ ਟਿਕਟ ਦਿਵਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਪਹਿਲੀ ਸੂਚੀ ਵਿਚ ਆਖਰੀ ਮੌਕੇ ’ਤੇ ਹਲਕਾ ਮਾਨਸਾ, ਆਦਮਪੁਰ, ਸੁਜਾਨਪੁਰ, ਗੜ੍ਹਸ਼ੰਕਰ, ਅਟਾਰੀ ਅਤੇ ਖਡੂਰ ਸਾਹਿਬ ਆਦਿ ਨੂੰ ਲੈ ਕੇ ਕਾਂਗਰਸ ਵਿਚ ਸਿਆਸੀ ਪੇਚ ਫਸਿਆ ਹੋਇਆ ਹੈ। ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਤੋਂ ਵੀ ਚੋਣ ਲੜਨਾ ਚਾਹੁੰਦੇ ਹਨ। ਨਾ ਲੜਨ ਦੀ ਸੂਰਤ ਵਿਚ ਉਹ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ.ਪੀ ਨੂੰ ਆਦਮਪੁਰ ਤੋਂ ਲੜਾਉਣਾ ਚਾਹੁੰਦੇ ਹਨ। ਗੜ੍ਹਸ਼ੰਕਰ ਤੋਂ ਚੰਨੀ ਅਤੇ ਸਿੱਧੂ ਇੱਕ ਮਹਿਲਾ ਉਮੀਦਵਾਰ ਦੀ ਹਮਾਇਤ ਵਿਚ ਹਨ ਜਦੋਂ ਕਿ ਸੁਨੀਲ ਜਾਖੜ ਯੂਥ ਆਗੂ ਅਮਰਪ੍ਰੀਤ ਸਿੰਘ ਲਾਲੀ ਦੇ ਹੱਕ ਵਿਚ ਹਨ। ਉਧਰ ਨਵਜੋਤ ਸਿੱਧੂ ਆਪਣੇ ਪਸੰਦ ਦੇ ਉਮੀਦਵਾਰ ਨੂੰ ਅਟਾਰੀ ਤੋਂ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਖਡੂਰ ਸਾਹਿਬ ਸੀਟ ’ਤੇ ਇੱਕ ਐੱਮਪੀ ਵੱਲੋਂ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂ ਆਪੋ-ਆਪਣੇ ਹਮਾਇਤੀਆਂ  ਨੂੰ ਟਿਕਟਾਂ ਦਿਵਾਉਣ ਲਈ ਆਹਮੋ-ਸਾਹਮਣੇ ਹੋ ਗਏ ਹਨ ਜਿਸ ਦੇ ਚੱਲਦਿਆਂ ਅੱਜ ਉੁਮੀਦਵਾਰਾਂ ਦੀ ਪਹਿਲੀ ਸੂਚੀ ਦੇਰ ਸ਼ਾਮ ਤੱਕ ਜਾਰੀ ਨਹੀਂ ਹੋ ਸਕੀ ਹੈ। ਸਿਆਸੀ ਪੇਚ ਨਿਕਲਣ ਦੀ ਸੂਰਤ ਵਿਚ ਭਲਕੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।

ਸਿੱਧੂ ਮੂਸੇਵਾਲਾ ਵੱਲੋਂ ਸਿੱਧੂ ਨਾਲ ਮੁਲਾਕਾਤ

ਮਾਨਸਾ ਹਲਕੇ ਵਿਚ ਉੱਠੇ ਵਿਰੋਧ ਦਰਮਿਆਨ ਮਾਨਸਾ ਤੋਂ ਟਿਕਟ ਦੇ ਦਾਅਵੇਦਾਰ ਸਿੱਧੂ ਮੂਸੇਵਾਲਾ ਨੇ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਉਧਰ ‘ਆਪ’ ਵਿੱਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਪੱਤਰ ਲਿਖ ਕੇ ਪਾਰਟੀ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਦੀ ਟਿਕਟ ਕਿਸ ਆਧਾਰ ’ਤੇ ਕੱਟਣ ਦੀ ਗੱਲ ਤੁਰੀ ਹੈ। ਸਿੱਧੂ ਮੂਸੇਵਾਲਾ ਦੇ ਅਸਿੱਧੇ ਹਵਾਲੇ ਨਾਲ ਮਾਨਸ਼ਾਹੀਆ ਨੇ ਕਿਹਾ ‘ਕੀ ਹੁਣ ਮਾਰੂ ਹਥਿਆਰਾਂ ਨੂੰ ਗੀਤਾਂ ਰਾਹੀਂ ਪ੍ਰਮੋਟ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਹੋਣਗੇ?’

ਕਾਂਗਰਸ ਵੱਲੋਂ ਮਜੀਠੀਆ ਨੂੰ ਲੈ ਕੇ ਚੁਣੌਤੀ ਕਬੂਲ

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਵਜੋਤ ਸਿੱਧੂ ਨੂੰ ਚੋਣ ਲੜਾਏ ਜਾਣ ਦੀ ਚੁਣੌਤੀ ਨੂੰ ਕਬੂਲ ਕਰਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਜੇਕਰ ਲੜਨ ਦਾ ਏਨਾ ਸ਼ੌਕ ਹੈ ਤਾਂ ਕਾਂਗਰਸ ਚੁਣੌਤੀ ਕਬੂਲ ਕਰਦੀ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਮਜੀਠਾ ਵਿਚ ਬਿਕਰਮ ਮਜੀਠੀਆ ਨੂੰ ਹਰਾਏਗੀ। 

ਸਾਬਕਾ ਮੰਤਰੀ ਵੱਲੋੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ

ਫਗਵਾੜਾ (ਜਸਬੀਰ ਸਿੰਘ ਚਾਨਾ): ਸਾਬਕਾ ਮੰਤਰੀ ਤੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਡਾ. ਬੀਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਤੇ ਫਗਵਾੜਾ ਨੂੰ ਜ਼ਿਲ੍ਹਾ ਨਾ ਬਣਾਉਣ ਤੋਂ ਉਹ ਦੁਖੀ ਹਨ। ਸ੍ਰੀ ਮਾਨ 1985, 1992, 2002 ਵਿੱਚ ਫਗਵਾੜਾ ਤੋਂ ਵਿਧਾਇਕ ਰਹੇ ਤੇ ਪੰਜਾਬ ਵਿੱਚ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੈਪਟਨ ਤੇ ਸਿੱਧੂ ਵਰਗੇ ਮਹਾਰਾਜਿਆਂ, ਅਮੀਰਾਂ ਤੇ ਮੌਕਾਪ੍ਰਸਤ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਨੂੰ ਪਾਰਟੀ ਵਿੱਚ ਪਨਾਹ ਦੇਣ ਕਾਰਨ ਉਨ੍ਹਾਂ ਦਾ ਜ਼ਮੀਰ ਹੁਣ ਪਾਰਟੀ ’ਚ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। 

ਪੰਜਾਬ ਚੋਣਾਂ ਦੀ ਤਰੀਕ ਬਦਲੀ ਜਾਵੇ: ਚੰਨੀ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੇ ਜਾਣ ਦੀ ਅਪੀਲ ਕੀਤੀ ਹੈ| ਉਨ੍ਹਾਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਲਿਖੇ ਪੱਤਰ ’ਚ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਦਾ 16 ਫਰਵਰੀ ਨੂੰ ਗੁਰਪੁਰਬ ਹੈ ਅਤੇ ਪੰਜਾਬ ਵਿਚ ਕਰੀਬ 32 ਫੀਸਦ ਵਸੋਂ ਅਨੁਸੂਚਿਤ ਜਾਤੀਆਂ ਦੀ ਹੈ| ਉਨ੍ਹਾਂ ਲਿਖਿਆ ਹੈ ਕਿ ਸੂਬੇ ਦੇ ਲੱਖਾਂ ਲੋਕਾਂ ਨੇ ਬਨਾਰਸ ਵਿਖੇ ਇਹ ਦਿਹਾੜਾ ਮਨਾਉਣਾ ਹੈ ਜਿਸ ਕਰਕੇ ਪੰਜਾਬ ਚੋਣਾਂ 6 ਦਿਨਾਂ ਲਈ ਮੁਲਤਵੀ ਕੀਤੀਆਂ ਜਾਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All