ਟ੍ਰਿਬਿਊਨ ਨਿਊਜ਼ ਸਰਿਵਸ
ਚੰਡੀਗੜ੍ਹ, 4 ਮਈ
ਪੰਜਾਬ ਸਰਕਾਰ ਨੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਵੱਲੋਂ ਮਿਨੀ ਲੌਕਡਾਊਨ ਖ਼ਿਲਾਫ਼ ਰੌਲਾ ਪਾਏ ਜਾਣ ਮਗਰੋਂ ਉਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਵਿੱਚ ਛੋਟ ਦੇ ਦਿੱਤੀ ਹੈ। ਗ੍ਰਹਿ ਵਿਭਾਗ ਪੰਜਾਬ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਦੇ ਪੰਜ ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜਦਕਿ ਹਫ਼ਤਾਵਾਰੀ ਲੌਕਡਾਊਨ ਦੌਰਾਨ ਇਹ ਦੁਕਾਨਾਂ ਵੀ ਬੰਦ ਰਹਿਣਗੀਆਂ। ਦੱਸਣਯੋਗ ਹੈ ਕਿ ਪੰਜਾਬ ਭਰ ਦੀਆਂ ਦਰਜਨਾਂ ਥਾਵਾਂ ’ਤੇ ਅੱਜ ਦੁਕਾਨਦਾਰਾਂ ਨੇ ਰੋਜ਼ੀ ਰੋਟੀ ਦਾ ਵਾਸਤਾ ਪਾ ਕੇ ਇਨ੍ਹਾਂ ਪਾਬੰਦੀਆਂ ਖ਼ਿਲਾਫ਼ ਵਿਰੋਧ ਦਰਜ ਕਰਾਇਆ ਹੈ ਜਿਸ ਮਗਰੋਂ ਪੰਜਾਬ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਵੀ ਸ਼ਾਮ ਦੇ ਪੰਜ ਵਜੇ ਤੱਕ ਖੁੱਲ੍ਹੇ ਰੱਖਣ ਦੀ ਛੋਟ ਦੇ ਦਿੱਤੀ ਗਈ ਹੈ।