ਇਕਬਾਲ ਸਿੰਘ ਸ਼ਾਂਤ
ਲੰਬੀ, 29 ਜੂਨ
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ (ਪੀ ਐਮ ਐਫ ਐਮ ਈ) ਸਕੀਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਹੀਂ 35000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ 9 ਲੱਖ ਹੁਨਰਮੰਦ ਤੇ ਅਰਧ ਹੁਨਰਮੰਦ ਵਰਕਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਅੱਠ ਲੱਖ ਯੂਨਿਟਾਂ ਨੂੰ ਸੂਚਨਾ ਤੇ ਸਿਖਲਾਈ ਦਾ ਲਾਭ ਮਿਲੇਗਾ। ਪੀ ਐਮ ਐਫ ਐਮ ਈ ਸਕੀਮ, ਜਿਸਦੀ ਸ਼ੁਰੂਆਤ ਹਰਸਿਮਰਤ ਕੌਰ ਬਾਦਲ ਨੇ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਕੀਤੀ, ਪੰਜ ਸਾਲਾਂ ਵਿਚ ਦੋ ਲੱਖ ਉਦਮੀਆਂ ਨੂੰ ਕਵਰ ਕਰੇਗਾ ਤੇ ਇਸ ਲਈ 10 ਹਜ਼ਾਰ ਕਰੋੜ ਰੁਪਏ ਰੱਖ ਗਏ ਹਨ। ਇਸ ਯੋਜਨਾ ਤਹਿਤ ਪੰਜਾਬ ਵਿਚ 6700 ਯੂਨਿਟ ਕਵਰ ਕੀਤੇ ਜਾਣਗੇ। ਇਸ ਸਕੀਮ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ 60:40 ਅਨੁਪਾਤ ਵਿਚ ਖਰਚ ਕੀਤਾ ਜਾਵੇਗਾ। ਸਕੀਮ ਦਾ ਐਲਾਨ ਮੰਤਰੀ ਵੱਲੋਂ ਫੂਡ ਪ੍ਰਸੈਸਿੰਗ ਉਦਯੋਗ ਰਾਜ ਮੰਤਰੀ ਰਮੇਸ਼ਵਰ ਤੇਲੀ ਦੇ ਨਾਲ ਮਿਲ ਕੇ ਵਰਚੁਅਲ ਕਾਨਫਰੰਸ ਰਾਹੀਂ ਕੀਤਾ ਗਿਆ।