ਪਾਬੰਦੀਆਂ ਖ਼ਿਲਾਫ਼ ਦੁਕਾਨਦਾਰਾਂ ’ਚ ਰੋਹ ਭਖ਼ਿਆ

ਪੰਜਾਬ ’ਚ ਵੱਖ ਵੱਖ ਥਾਈਂ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਕੀਤੇ ਰੋਸ ਮੁਜ਼ਾਹਰੇ

ਪਾਬੰਦੀਆਂ ਖ਼ਿਲਾਫ਼ ਦੁਕਾਨਦਾਰਾਂ ’ਚ ਰੋਹ ਭਖ਼ਿਆ

ਲੌਕਡਾਊਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦੁਕਾਨਦਾਰ। -ਫੋਟੋ: ਪਵਨ ਸ਼ਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ

ਮੁੱਖ ਅੰਸ਼

  • ਸਰਕਾਰ ’ਤੇ ਲਾਇਆ ਦੁਕਾਨਦਾਰਾਂ ਨੂੰ ਵਿੱਤੀ ਸੰਕਟ ਵੱਲ ਧੱਕਣ ਦਾ ਦੋਸ਼
  • ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਕੀਤੀ ਮੰਗ

ਕਰੋਨਾਵਾਇਰਸ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਲਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਅੱਜ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਦੁਕਾਨਦਾਰਾਂ ਨੇ ਧਰਨੇ-ਮੁਜ਼ਾਹਰੇ ਕਰਕੇ ਸਰਕਾਰ ਖ਼ਿਲਾਫ਼ ਰੋਸ ਜਤਾਇਆ ਤੇ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਦੌਰਾਨ ਦੁਕਾਨਦਾਰਾਂ ਤੇ ਪੁਲੀਸ ਵਿਚਾਲੇ ਤਕਰਾਰ ਵੀ ਹੋਈ। ਪ੍ਰਾਪਤ ਰਿਪੋਰਟਾਂ ਅਨੁਸਾਰ ਅੱਜ ਬਠਿੰਡਾ, ਸਮਾਣਾ, ਜਲੰਧਰ, ਲੁਧਿਆਣਾ ਤੇ ਬਰਨਾਲਾ ’ਚ ਦੁਕਾਨਦਾਰਾਂ ਨੇ ਰੋਸ ਮੁਜ਼ਾਹਰੇ ਕੀਤੇ ਹਨ।

ਬਠਿੰਡਾ (ਸ਼ਗਨ ਕਟਾਰੀਆ): ਇੱਥੇ ਅੱਜ ਸ਼ਹੀਦ ਨੰਦ ਸਿੰਘ ਚੌਕ ਕੋਲ ਖੁੱਲ੍ਹੀਆਂ ਟਾਇਰਾਂ ਵਾਲੀਆਂ ਦੁਕਾਨਾਂ ਪੁਲੀਸ ਵੱਲੋਂ ਬੰਦ ਕਰਵਾਉਣ ਪਿੱਛੋਂ ਦੁਕਾਨਦਾਰਾਂ ਦਾ ਰੋਹ ਭੜਕ ਗਿਆ। ਦੁਕਾਨਦਾਰ ਦਾਅਵਾ ਕਰ ਰਹੇ ਸਨ ਕਿ ਸਰਕਾਰੀ ਹਦਾਇਤਾਂ ’ਚ ਟਾਇਰਾਂ ਦੀਆਂ ਦੁਕਾਨਾਂ ਨੂੰ ‘ਜ਼ਰੂਰੀ ਵਸਤਾਂ’ ਵਿੱਚ ਸ਼ੁਮਾਰ ਕਰਕੇ ਖੋਲ੍ਹਣ ਦੀ ਪ੍ਰਵਾਨਗੀ ਹੈ। ਪੁਲੀਸ ਵੱਲੋਂ ਦੁਕਾਨਾਂ ਬੰਦ ਕਰਾਉਣ ਖ਼ਿਲਾਫ਼ ਦੁਕਾਨਦਾਰਾਂ ਨੇ ਬਠਿੰਡਾ-ਗੋਨਿਆਣਾ ਰੋਡ ਜਾਮ ਕਰ ਦਿੱਤੀ। ਸਰਕਾਰੀ ਆਦੇਸ਼ਾਂ ਨੂੰ ਉਨ੍ਹਾਂ ‘ਵਪਾਰ ਮਾਰੂ’ ਗਰਦਾਨਦਿਆਂ ਕਿਹਾ ਕਿ ਦੁਕਾਨਾਂ ਦੇ ਕਿਰਾਏ, ਬਿਜਲੀ ਦੇ ਬਿੱਲ, ਮੁਲਾਜ਼ਮਾਂ ਦੀਆਂ ਤਨਖਾਹਾਂ ਸਿਰ ਪੈ ਰਹੀਆਂ ਹਨ ਪਰ ਉਨ੍ਹਾਂ ਦੀ ਆਮਦਨ ‘ਸਿਫ਼ਰ’ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਤਾਂ ਪਿਛਲੇ ਸਾਲ ਦੇ ਲੌਕਡਾਊਨ ਦੀ ਦਿੱਤੀ ਆਰਥਿਕ ਤੰਗੀ ’ਚੋਂ ਨਹੀਂ ਉੱਭਰੇ ਸਨ ਕਿ ਹੁਣ ਮਿਨੀ ਲਾਕਡਾਊਨ ਲਾ ਕੇ ਦੁਕਾਨਦਾਰਾਂ ਦਾ ਗਲਾ ਘੁੱਟਣ ਵਾਲਾ ਕੰਮ ਕੀਤਾ ਗਿਆ ਹੈ।

ਲੁਧਿਆਣਾ (ਗੁਰਿੰਦਰ ਸਿੰਘ): ਦੁਕਾਨਦਾਰਾਂ ਅਤੇ ਵਪਾਰੀਆਂ ਨੇ ਅੱਜ ਬਿਜ਼ਨਸ ਬਚਾਓ ਮੋਰਚਾ (ਬੀਬੀਐੱਮ) ਦੇ ਝੰਡੇ ਹੇਠ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰਕੇ ਤਾਲਾਬੰਦੀ ਤੋਂ ਪ੍ਰਭਾਵਿਤ ਦੁਕਾਨਦਾਰਾਂ ਤੇ ਆਮ ਲੋਕਾਂ ਲਈ ਰਾਹਤ ਪੈਕੇਜ ਦੀ ਮੰਗ ਕੀਤੀ। ਚੌੜਾ ਬਾਜ਼ਾਰ ਵਿੱਚ ਪੁੱਜੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜਥੇਬੰਦੀ ਦੇ ਆਗੂਆਂ ਗੁਰਦੀਪ ਸਿੰਘ ਗੋਸ਼ਾ, ਸੁਨੀਲ ਮਹਿਰਾ ਪ੍ਰਧਾਨ ਪੰਜਾਬ ਵਪਾਰ ਮੰਡਲ, ਬਲਵਿੰਦਰ ਸਿੰਘ ਭੁੱਲਰ, ਹਰਭਜਨ ਸਿੰਘ ਰਾਣਾ ਅਤੇ ਰੂਬਲ ਢੱਲ ਨੇ ਕਿਹਾ ਕਿ ਸਰਕਾਰ ਦੇ ਫ਼ੈਸਲੇ ਕਾਰਨ ਦੁਕਾਨਦਾਰ ਸੜਕਾਂ ’ਤੇ ਆਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੌਕਡਾਊਨ ਦਾ ਫ਼ੈਸਲਾ ਵਾਪਿਸ ਨਹੀਂ ਲੈ ਸਕਦੀ ਤਾਂ ਹਰ ਦੁਕਾਨਦਾਰ ਤੇ ਆਮ ਲੋਕਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ ਅਤੇ ਬਿਜਲੀ ਦੇ ਬਿੱਲ ਤੇ ਟੈਕਸ ਮਾਫ਼ ਕੀਤੇ ਜਾਣ।

ਬਰਨਾਲਾ (ਰਵਿੰਦਰ ਰਵੀ): ਤਾਲਾਬੰਦੀ ਦੇ ਵਿਰੋਧ ਵਿੱਚ ਅੱਜ ਦੂਜੇ ਦਿਨ ਮੁੜ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਨੇ ਅੱਜ ਵੀ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਦੁਕਾਨਦਾਰਾਂ ਤੇ ਪੁਲੀਸ ਵਿਚਾਲੇ ਤਕਰਾਰ ਵੀ ਹੋਈ। ਪੁਲੀਸ ਨੇ ਸਖ਼ਤੀ ਕਰਦਿਆਂ ਛੱਤਾ ਖੂਹ ’ਤੇ ਧਰਨਾ ਦੇ ਰਹੇ ਵਪਾਰੀਆਂ ਨੂੰ ਉਥੋਂ ਜਬਰੀ ਉਠਾ ਦਿੱਤਾ। ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਸੂਬਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਤਾਲਾਬੰਦੀ ਕਰ ਰਹੀ ਹੈ। ਅੱਜ ਦੇ ਪ੍ਰਦਰਸ਼ਨ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਦਵਿੰਦਰ ਸਿੰਘ ਬਹਿਲਾ, ‘ਆਪ’ ਆਗੂ ਗੁਰਦੀਪ ਸਿੰਘ ਬਾਠ ਤੇ ਭਾਜਪਾ ਦੇ ਕਈ ਆਗੂਆਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਮਨਜੀਤ ਸਿੰਘ ਰਾਏ ਵੀ ਪਹੁੰਚੇ।

ਜਲੰਧਰ (ਪਾਲ ਸਿੰਘ ਨੌਲੀ): ਇੱਥੋਂ ਦੇ ਭੀੜ-ਭੜੱਕੇ ਵਾਲੇ ਵਾਲਮੀਕ ਚੌਕ ਤੇ ਰੈਣਕ ਬਾਜ਼ਾਰ ਵਿਚ ਕਮਿਸ਼ਨਰੇਟ ਪੁਲੀਸ ਨੇ ਜਦੋਂ ਦਬਕੇ ਮਾਰ ਕੇ ਦੁਕਾਨਾਂ ਬੰਦ ਕਰਵਾਉਣ ਦਾ ਹੁਕਮ ਚਾੜ੍ਹਿਆ ਤਾਂ ਦੁਕਾਨਦਾਰ ਭੜਕ ਪਏ। ਉਨ੍ਹਾਂ ਨੇ ਪੁਲੀਸ ’ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ, ਘੱਟੋ-ਘੱਟ ਉਨ੍ਹਾਂ ਨਾਲ ਇੱਜ਼ਤ ਨਾਲ ਗੱਲ ਕੀਤੀ ਜਾਵੇ। ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਨੇ ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਤੇ ਹੋਮ ਡਲਿਵਰੀ ਦੀ ਆਗਿਆ ਦਿੱਤੀ ਹੋਈ ਹੈ, ਇਸ ਦੇ ਬਾਵਜੂਦ ਪੁਲੀਸ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉੱਧਰ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਦੁਕਾਨਦਾਰਾਂ ਨੂੰ ਇਹ ਕਹਿਣ ਲਈ ਗਏ ਸਨ ਕਿ ਪਾਬੰਦੀ ਵਾਲੀਆਂ ਦੁਕਾਨਾਂ ਨਾ ਖੋਲ੍ਹੀਆਂ ਜਾਣ।

ਸਮਾਣਾ (ਅਸ਼ਵਨੀ ਗਰਗ): ਪੁਲੀਸ ਮੁਲਾਜ਼ਮਾਂ ਵੱਲੋਂ ਦੁਕਾਨਾਂ ਜਬਰੀ ਬੰਦ ਕਰਵਾਏ ਜਾਣ ਤੋਂ ਖਫ਼ਾ ਹੋਏ ਦੁਕਾਨਦਾਰਾਂ ਨੇ ਅੱਜ ਸਥਾਨਕ ਗਾਂਧੀ ਗਰਾਊਂਡ ’ਚ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰ ਸੋਨੂੰ ਖਾਲਸਾ, ਸੁਦਰਸ਼ਨ ਮਿੱਤਲ, ਮੰਗਤ ਰਾਮ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਤਾਂ ਖੋਲ੍ਹ ਦਿੱਤੀਆਂ ਹਨ ਜਦਕਿ ਉਨ੍ਹਾਂ ਦੇ ਕਾਰੋਬਾਰ ਬੰਦ ਕਰ ਦਿੱਤੇ ਹਨ।

ਦੁਕਾਨਦਾਰਾਂ ਨੇ ਕਿਹਾ ਕਿ ਜਾਂ ਤਾਂ ਸਰਕਾਰ ਇੱਕ ਹਫ਼ਤੇ ਲਈ ਪੂਰਾ ਲੌਕਡਾਊਨ ਲਗਾ ਦੇਵੇ ਜਾਂ ਫਿਰ ਸਾਰੀਆਂ ਦੁਕਾਨਾਂ ਨੂੰ ਕੁਝ ਸਮਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਮੌਕੇ ’ਤੇ ਪੁੱਜੇ ਐੱਸਡੀਐੱਮ ਨਮਨ ਮੜਕਨ ਨੇ ਦੁਕਾਨਦਾਰਾਂ ਤੋਂ ਮੰਗ ਪੱਤਰ ਲੈ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ।

ਰੇਹੜੀ-ਫੜੀ ਵਾਲਿਆਂ ਦੇ ਹੱਕ ’ਚ ਡਟੀ ਲਿਬਰੇਸ਼ਨ

ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ਹਿਰ ਅੰਦਰ ਮਜ਼ਦੂਰੀ ਕਰ ਰਹੇ ਸਬਜ਼ੀ ਵਿਕਰੇਤਾ ਦੀਆਂ ਰੇਹੜੀਆਂ ਜ਼ਬਤ ਕਰਨ, ਚਲਾਨ ਕੱਟਣ ਤੇ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਥਾਣਾ ਸਿਟੀ-1 ਦਾ ਘਿਰਾਓ ਕੀਤਾ ਅਤੇ ਖਾਲਸਾ ਸਕੂਲ ਰੋਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਵਿੰਦਰ ਅਲਖ ਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਜ਼ਿਲ੍ਹਾ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਮਜ਼ਦੂਰਾਂ, ਸਬਜ਼ੀ ਦੀ ਰੇਹੜੀ ਵਾਲਿਆਂ ਦੇ ਚਲਾਨ ਕਰਕੇ ਖਜ਼ਾਨਾ ਭਰਨ ਦੀ ਥਾਂ 4-4 ਪੈਨਸ਼ਨਾਂ ਲੈ ਰਹੇ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਭੱਠਲ ਸਮੇਤ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਆਪਣੀ ਤਨਖਾਹਾਂ ਅਤੇ ਪੈਨਸ਼ਨਾਂ ਛੱਡਣ ਤੇ ਰਾਸ਼ਨ ਭੱਤੇ ਹੀ ਲੈਣ। ਆਗੂਆਂ ਨੇ ਰੇਹੜੀਆਂ-ਫੜ੍ਹੀਆਂ ਜ਼ਬਤ ਕਰਨ ਦੇ ਵਿਰੋਧ ਵਜੋਂ ਭਲਕੇ ਨਗਰ ਕੌਸਲ ਦਫ਼ਤਰ ਮਾਨਸਾ ਦੇ ਘਿਰਾਓ ਦਾ ਐਲਾਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All