ਚਰਨਜੀਤ ਭੁੱਲਰ
ਚੰਡੀਗੜ੍ਹ, 10 ਅਗਸਤ
ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ। ਉਹ ਕਰੀਬ ਸਾਢੇ ਪੰਜ ਮਹੀਨੇ ਜੇਲ੍ਹ ’ਚ ਰਹੇ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਸ਼ਾਮ ਕਰੀਬ 6.20 ਵਜੇ ਜੇਲ੍ਹ ’ਚੋਂ ਬਾਹਰ ਨਿਕਲੇ। ਜਸਟਿਸ ਐੱਮ ਐੱਸ ਰਾਮਚੰਦਰ ਰਾਓ ਅਤੇ ਜਸਟਿਸ ਸੁਰੇਸ਼ਵਰ ਠਾਕੁਰ ਦੇ ਡਿਵੀਜ਼ਨ ਬੈਂਚ ਨੇ ਨਸ਼ਿਆਂ ਨਾਲ ਸਬੰਧਤ ਇੱਕ ਕੇਸ ’ਚ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਸੁਣਾਇਆ। ਬੈਂਚ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ 29 ਜੁਲਾਈ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸਮੇਂ ਮਜੀਠੀਆ ਖ਼ਿਲਾਫ਼ ਪਿਛਲੇ ਸਾਲ 20 ਦਸੰਬਰ ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਗਰੋਂ ਮਜੀਠੀਆ ਕੁੱਝ ਸਮੇਂ ਲਈ ਰੂਪੋਸ਼ ਵੀ ਹੋ ਗਏ ਸਨ। ਉਸ ਸਮੇਂ ਮੁਹਾਲੀ ਦੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਪ੍ਰੰਤੂ ਸੁਪਰੀਮ ਕੋਰਟ ਨੇ ਪੰਜਾਬ ਪੁਲੀਸ ਨੂੰ ਨਿਰਦੇਸ਼ ਦਿੱਤੇ ਸਨ ਕਿ ਮਜੀਠੀਆ ਨੂੰ 23 ਫਰਵਰੀ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਵੇ। ਪੰਜਾਬ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਲਈ ਮਜੀਠੀਆ ਨੂੰ ਇਹ ਮੋਹਲਤ ਮਿਲੀ ਸੀ। ਚੋਣਾਂ ਮਗਰੋਂ 24 ਫਰਵਰੀ ਨੂੰ ਮਜੀਠੀਆ ਨੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਉਨ੍ਹਾਂ ਕਰੀਬ 168 ਦਿਨ ਜੇਲ੍ਹ ਵਿਚ ਗੁਜ਼ਾਰੇ ਹਨ। ਅਕਾਲੀ ਆਗੂ ਵੱਲੋਂ ਵਕੀਲਾਂ ਆਰ ਐੱਸ ਚੀਮਾ ਅਤੇ ਅਰਸ਼ਦੀਪ ਸਿੰਘ ਨੇ 23 ਮਈ ਨੂੰ ਹਾਈ ਕੋਰਟ ’ਚ ਨਿਯਮਤ ਜ਼ਮਾਨਤ ਲਈ ਪਹੁੰਚ ਕੀਤੀ ਸੀ। ਜਸਟਿਸ ਏ ਜੀ ਮਸੀਹ ਅਤੇ ਜਸਟਿਸ ਸੰਦੀਪ ਮੌਦਗਿੱਲ ਦੇ ਬੈਂਚ ਨੇ 4 ਜੁਲਾਈ ਨੂੰ ਫ਼ੈਸਲਾ ਸੁਣਾਏ ਜਾਣ ਮੌਕੇ ਆਪਣੇ ਆਪ ਨੂੰ ਸੁਣਵਾਈ ਤੋਂ ਲਾਂਭੇ ਕਰ ਲਿਆ ਸੀ। ਮਜੀਠੀਆ ਨੇ ਆਪਣੀ ਪਟੀਸ਼ਨ ’ਚ ਦਲੀਲ ਦਿੱਤੀ ਸੀ ਕਿ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਲਈ ਆਪਣੀ ਤਾਕਤ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ ਸੀ।
ਡਿਵੀਜ਼ਨ ਬੈਂਚ ਨੇ ਕਿਹਾ ਕਿ ਐੱਫਆਈਆਰ ਨੂੰ ਅੱਠ ਮਹੀਨੇ ਹੋ ਗਏ ਹਨ ਅਤੇ ਰਾਜ ਸਰਕਾਰ ਹਾਲੇ ਵੀ ਭਾਰਤ ਅਤੇ ਵਿਦੇਸ਼ਾਂ ਵਿਚ ਵੱਖ ਵੱਖ ਵਿੱਤੀ ਸੰਸਥਾਵਾਂ ਤੋਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਵੱਲੋਂ ਆਤਮ ਸਮਰਪਣ ਕਰਨ ਮਗਰੋਂ ਪੰਜਾਬ ਪੁਲੀਸ ਨੇ ਉਸ ਦੇ ਰਿਮਾਂਡ ਦੀ ਮੰਗ ਵੀ ਨਹੀਂ ਕੀਤੀ। ਦੱਸਣਯੋਗ ਹੈ ਕਿ ਡਰੱਗ ਰੈਕੇਟ ਦੀ 2018 ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਪੰਜਾਬ ਪੁਲੀਸ ਨੇ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਅਕਾਲੀ ਵਰਕਰਾਂ ਵੱਲੋਂ ਮਜੀਠੀਆ ਦਾ ਨਿੱਘਾ ਸਵਾਗਤ
ਪਟਿਆਲਾ (ਸਰਬਜੀਤ ਸਿੰਘ ਭੰਗੂ): ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਜਿਵੇਂ ਹੀ ਨਸ਼ਰ ਹੋਈ ਤਾਂ ਪਾਰਟੀ ਵਰਕਰ ਦੁਪਹਿਰ ਵੇੇਲੇ ਹੀ ਇਥੇ ਜੇਲ੍ਹ ਦੇ ਬਾਹਰ ਪੁੱਜ ਗਏ ਸਨ। ਅਕਾਲੀ ਵਰਕਰਾਂ ਨੇ ਮਜੀਠੀਆ ਦੇ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਮਰਥਕਾਂ ਨੇ ਮਜੀਠੀਆ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਅਤੇ ਉਨ੍ਹਾਂ ਜੇਲ੍ਹ ਦੇ ਗੇਟ ’ਤੇ ਕੇਕ ਵੀ ਕੱਟਿਆ। ਇਸ ਵੇਲੇ ਸਮਰਥਕਾਂ ਵੱਲੋਂ ਲਿਆਂਦੇ ਗਏ ਗੁਲਦਸਤੇ ਵੀ ਮਜੀਠੀਆ ਨੇ ਕਬੂਲ ਕੀਤੇ। ਉਹ ਕਰੀਬ ਪੰਜ ਮਹੀਨਿਆਂ ਮਗਰੋਂ ਜੇਲ੍ਹ ਤੋਂ ਬਾਹਰ ਆਏ ਹਨ। ਉਂਜ ਪਹਿਲੀ ਪੇਸ਼ੀ ਉਨ੍ਹਾਂ ਅਦਾਲਤ ’ਚ ਹੀ ਭੁਗਤੀ ਸੀ ਪਰ ਮਗਰੋਂ ਸਾਰੀਆਂ ਪੇਸ਼ੀਆਂ ਵੀਡੀਓ ਕਾਨਫਰੰਸਿੰਗ ਰਾਹੀਂ ਭੁਗਤਾਈਆਂ ਗਈਆਂ। ਸ੍ਰੀ ਮਜੀਠੀਆ ਨੂੰ ਪਹਿਲਾਂ ਜੇਲ੍ਹ ਅੰਦਰ ਵੀਆਈਪੀ ਮੰਨੇ ਜਾਂਦੇ ਐੱਮਪੀ ਹਾਤੇ ਵਿੱਚ ਰੱਖਿਆ ਗਿਆ ਸੀ। ‘ਆਪ’ ਦੀ ਸਰਕਾਰ ਬਣਨ ਮਗਰੋਂ ਉਨ੍ਹਾਂ ਨੂੰ ‘ਜੌੜਾ ਚੱਕੀਆਂ’ ਸੈੱਲ ਵਿਚ ਬੰਦ ਕਰ ਦਿੱਤਾ ਗਿਆ ਜੋ ਦਸ ਬਾਏ ਦਸ ਫੁੱੱਟ ਦਾ ਸੀ। ਇਸ ਦੇ ਅੰਦਰ ਹੀ ਗੁਸਲਖਾਨੇ ਅਤੇ ਪਖਾਨੇ ਦੀ ਵਿਵਸਥਾ ਸੀ। ਉਂਜ ਇਸ ਸੈੱਲ ਦੇ ਬਾਹਰ ਕਰੀਬ ਪੰਜ ਸੌ ਗਜ਼ ਏਰੀਆ ਅਜਿਹਾ ਵੀ ਹੈ, ਜਿਥੇ ਬੰਦੀ ਚਾਹੇ ਤਾਂ ਘੁੰਮ-ਫਿਰ ਸਕਦਾ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਇਸ ਸੈੱੱਲ ’ਚ ਏਸੀ, ਕੂਲਰ ਅਤੇ ਬੈੱਡ ਦੀ ਵਿਵਸਥਾ ਨਹੀਂ ਸੀ।
ਬੈਂਚ ਨੇ ਜ਼ਮਾਨਤ ਦਿੰਦਿਆਂ ਕਿਹਾ ਕਿ ‘ਇਹ ਮੰਨਣ ਲਈ ਵਾਜਬ ਆਧਾਰ ਮੌਜੂਦ ਹਨ ਕਿ ਪਟੀਸ਼ਨਰ ਐੱਫਆਈਆਰ ਵਿਚ ਆਪਣੇ ਵਿਰੁੱਧ ਕਥਿਤ ਅਪਰਾਧਾਂ ਲਈ ਦੋਸ਼ੀ ਨਹੀਂ ਹੈ ਅਤੇ ਜ਼ਮਾਨਤ ਦੌਰਾਨ ਉਸ ਦੇ ਅਜਿਹੇ ਅਪਰਾਧ ਕਰਨ ਦੀ ਸੰਭਾਵਨਾ ਨਹੀਂ ਹੈ। ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਅਤੇ ਸਮਾਪਤ ਹੋਣ ਵਿਚ ਵਕਤ ਲੱਗੇਗਾ। ਹੋਰ ਅਣਮਿਥੇ ਸਮੇਂ ਲਈ ਪਟੀਸ਼ਨਰ ਨੂੰ ਨਿਆਇਕ ਹਿਰਾਸਤ ਵਿਚ ਰੱਖਣ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ ਜਿਸ ਕਰਕੇ ਪਟੀਸ਼ਨਰ ਜ਼ਮਾਨਤ ’ਤੇ ਰਿਹਾਅ ਹੋਣ ਦਾ ਹੱਕਦਾਰ ਹੈ।’
ਜ਼ਮਾਨਤ ਮਿਲਣ ਦੀ ਖ਼ਬਰ ਮਿਲਦੇ ਸਾਰ ਹੀ ਹਲਕਾ ਮਜੀਠਾ ਤੋਂ ਵਿਧਾਇਕ ਅਤੇ ਮਜੀਠੀਆ ਦੀ ਧਰਮਪਤਨੀ ਗਨੀਵ ਕੌਰ ਨੇ ਟਵੀਟ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਭਰਾ ਦੀ ਰਿਹਾਈ ਬਾਰੇ ਕਿਹਾ ਕਿ ਵਾਹਿਗੁਰੂ ਨੇ ਉਨ੍ਹਾਂ ਦੀ ਸੁਣ ਲਈ ਹੈ।