ਮੁੱਖ ਅੰਸ਼
- ਅੰਬਿਕਾ ਸੋਨੀ ’ਤੇ ਖੁੱਲ੍ਹ ਕੇ ਨਿਸ਼ਾਨੇ ਲਾਏ
- ਰਾਹੁਲ ਨੂੰ ਪਾਰਟੀ ਦੀ ਕਮਾਨ ਸੌਂਪਣ ਲਈ ਕਿਹਾ
ਚਰਨਜੀਤ ਭੁੱਲਰ
ਚੰਡੀਗੜ੍ਹ, 14 ਮਈ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਉਦੈਪੁਰ ’ਚ ਚੱਲ ਰਹੇ ਚਿੰਤਨ ਸ਼ਿਵਿਰ ਦੌਰਾਨ ਕਾਂਗਰਸ ਲਈ ਇਹ ਵੱਡਾ ਸਿਆਸੀ ਝਟਕਾ ਹੈ। ਜਾਖੜ ਨੇ ਕਾਂਗਰਸ ਨੂੰ ਗੁੱਡ ਲੱਕ ਐਂਡ ਗੁੱਡ ਬਾਏ ਆਖ ਕੇ ਅੱਜ ਆਪਣੇ ਫੇਸਬੁੱਕ ਪੇਜ ’ਤੇ ਦਿਲ ਦੀ ਗੱਲ ਰੱਖੀ। ਪੰਜਾਬ ’ਚ ਕਾਂਗਰਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਛੱਡ ਚੁੱਕੇ ਹਨ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਬਕਾਇਆ ਪਈ ਹੈ। ਸ੍ਰੀ ਜਾਖੜ ਨੇ ਭਵਿੱਖ ਦੇ ਸਿਆਸੀ ਸਫਰ ਬਾਰੇ ਪੱਤੇ ਅਜੇ ਨਹੀਂ ਖੋਲ੍ਹੇ ਹਨ ਪ੍ਰੰਤੂ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਉਨ੍ਹਾਂ ’ਤੇ ਟਿਕ ਗਈਆਂ ਹਨ। ਪੰਜਾਬ ਦੇ ਸਿਆਸੀ ਪਿੜ ਵਿਚ ਸੁਨੀਲ ਜਾਖੜ ਦਾ ਅਕਸ ਸਾਫ-ਸੁਥਰਾ ਰਿਹਾ ਹੈ ਅਤੇ ਉਹ ਵੱਡੇ ਹਿੰਦੂ ਚਿਹਰੇ ਵਜੋਂ ਪਛਾਣੇ ਜਾਂਦੇ ਹਨ। ਕੁਝ ਦਿਨ ਪਹਿਲਾਂ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਸਾਰੇ ਅਹੁਦੇ ਵਾਪਸ ਲੈ ਲਏ ਸਨ। ਜਾਖੜ ਨੇ ਅੱਜ 12 ਵਜੇ ਲਾਈਵ ਹੋ ਕੇ ਸੋਨੀਆ ਗਾਂਧੀ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਅੰਬਿਕਾ ਸੋਨੀ ਖ਼ਿਲਾਫ਼ ਵਿੰਨ੍ਹ-ਵਿੰਨ੍ਹ ਕੇ ਨਿਸ਼ਾਨੇ ਲਾਏ।
ਜਾਖੜ ਪਰਿਵਾਰ ਵੱਲੋਂ ਕਾਂਗਰਸ ਨੂੰ ਦਿੱਤੇ ਗਏ 50 ਵਰ੍ਹਿਆਂ ਦਾ ਉਨ੍ਹਾਂ ਜ਼ਿਕਰ ਕੀਤਾ। ਉਨ੍ਹਾਂ ਦੀਆਂ ਗੱਲਾਂ ’ਚ ਅੱਜ ਦਰਦ ਵੀ ਦਿਖਿਆ ਅਤੇ ਪਾਰਟੀ ਪ੍ਰਤੀ ਰੰਜ ਵੀ ਨਜ਼ਰ ਆਇਆ। ਜਦੋਂ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਲੈਣ ਮਗਰੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਤੁਰੀ ਸੀ ਤਾਂ ਉਦੋਂ ਅੰਬਿਕਾ ਸੋਨੀ ਨੇ ਬਿਆਨ ਦਾਗ਼ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ,‘‘ਪੂਰੇ ਮੁਲਕ ਵਿਚ ਸਿਆਸਤ ਕਰੋ ਪ੍ਰੰਤੂ ਪੰਜਾਬ ਨੂੰ ਬਖ਼ਸ਼ ਦਿਓ। ਪੰਜਾਬ ਦੇ ਬਹੁਤ ਬੁਰੇ ਹਾਲਾਤ ਦੇਖੇ ਹਨ ਅਤੇ ਪੰਜਾਬ ਨੂੰ ਧਰਮ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾ ਸਕਦਾ ਹੈ। ਸੂਬੇ ਵਿਚ ਸਭ ਇੱਕ ਹਨ।’’ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਕਿ ਜੇ ਹਿੰਦੂ ਮੁੱਖ ਮੰਤਰੀ ਬਣ ਗਿਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ ਜਦੋਂ ਕਿ ਇਹ ਕੰਮ ਤਾਂ ਅਤਿਵਾਦ ਦੇ ਦੌਰ ਵਿਚ ਏਕੇ-47 ਵੀ ਨਹੀਂ ਕਰ ਸਕੀ ਸੀ। ਜਾਖੜ ਨੇ ਕਿਹਾ ਕਿ ਦਿੱਲੀ ਵਿਚ ਬੈਠੇ ਆਗੂਆਂ ਨੇ ਪੰਜਾਬ ’ਚ ਕਾਂਗਰਸ ਦਾ ਬੁਰਾ ਹਾਲ ਕੀਤਾ ਅਤੇ ਸੂਬੇ ਨੂੰ ਅਪਮਾਨਿਤ ਕੀਤਾ। ਅੰਬਿਕਾ ਸੋਨੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜਿਹੇ ਨੇਤਾਵਾਂ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਪੰਜਾਬ ਤਾਂ ਕੀ, ਦੂਸਰੇ ਸੂਬਿਆਂ ਵਿਚ ਵੀ ਕਾਂਗਰਸ ਦੀ ਸਥਿਤੀ ਸੁਧਰਨ ਵਾਲੀ ਨਹੀਂ ਹੈ। ਉਨ੍ਹਾਂ ਕਾਂਗਰਸ ਵੱਲੋਂ ਲਾਏ ਪੰਜਾਬ ਇੰਚਾਰਜਾਂ ਦੀ ਭੂਮਿਕਾ ਦੀ ਗੱਲ ਵੀ ਰੱਖੀ। ਜਾਖੜ ਨੇ ਕਿਹਾ ਕਿ ਅੱਜ ਕਾਂਗਰਸ ਚਾਪਲੂਸਾਂ ਵਿਚ ਘਿਰੀ ਹੋਈ ਹੈ। ਜਾਖੜ ਨੇ ਸੋਨੀਆ ਗਾਂਧੀ ਨੂੰ ਕਿਹਾ ‘ਤੁਸੀਂ ਸਬੰਧ ਨਹੀਂ ਤੋੜੇ, ਮੇਰਾ ਦਿਲ ਤੋੜਿਆ ਹੈ।’ ਉਨ੍ਹਾਂ ਇਕ ਸ਼ੇਅਰ ਵੀ ਸੁਣਾਇਆ, ‘ਦਿਲ ਭੀ ਤੋੜਾ ਤੋ ਸਲੀਕੇ ਸੇ ਨਾ ਤੋੜਾ ਤੁਮ ਨੇ, ਬੇਵਫਾਈ ਕੇ ਭੀ ਆਦਾਬ ਹੁਆ ਕਰਤੇ ਹੈਂ।’ ਉਨ੍ਹਾਂ ਕਿਹਾ ਕਿ ਨੋਟਿਸ ਭੇਜਣ ਦੀ ਥਾਂ ’ਤੇ ਹਾਈਕਮਾਨ ਉਸ ਨਾਲ ਗੱਲ ਕਰ ਸਕਦੀ ਸੀ। ‘ਉਸ ਤਾਰਿਕ ਅਨਵਰ ਨੇ ਮੇਰੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਜਿਸ ਨੇ 20 ਸਾਲ ਪਹਿਲਾਂ ਇਹ ਆਖ ਕੇ ਕਾਂਗਰਸ ਛੱਡ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਮਹਿਲਾ ਦੀ ਪ੍ਰਧਾਨਗੀ ਕਬੂਲ ਨਹੀਂ ਹੈ।’ ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਨੇ ਵੀ ਔਖੇ ਵੇਲਿਆਂ ਵਿਚ ਕਾਂਗਰਸ ਦਾ ਸਾਥ ਛੱਡਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਚਿੰਤਨ ਸ਼ਿਵਿਰ ’ਚੋਂ ਕੁਝ ਵੀ ਨਹੀਂ ਨਿਕਲਣ ਵਾਲਾ ਹੈ।
ਵੜਿੰਗ ਵੱਲੋਂ ਜਾਖੜ ਦੀ ਆਲੋਚਨਾ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਾਰਟੀ ਤੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹਣ ’ਤੇ ਸੁਨੀਲ ਜਾਖੜ ਦੀ ਆਲੋਚਨਾ ਕੀਤੀ ਹੈ। ਰਾਜਾ ਵੜਿੰਗ ਨੇ ਕਿਹਾ, ‘ਇਹ ਬਹੁਤ ਦੁੱਖ ਭਰੀ ਤੇ ਬੁਰੀ ਗੱਲ ਹੈ ਕਿ ਸ੍ਰੀ ਜਾਖੜ ਪਾਰਟੀ ਪ੍ਰਤੀ ਜਨਤਕ ਤੌਰ ’ਤੇ ਹੀ ਇੰਨੀ ਬੁਰੀ ਤਰ੍ਹਾਂ ਪੇਸ਼ ਆਏ ਹਨ ਤੇ ਉਨ੍ਹਾਂ ਉਸ ਪਾਰਟੀ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਏ ਹਨ ਜਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੰਨਾ ਕੁਝ ਦਿੱਤਾ।’ ਉਨ੍ਹਾਂ ਕਿਹਾ ਕਿ ਪਾਰਟੀ ਤੇ ਪਾਰਟੀ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਥਾਂ ਸ੍ਰੀ ਜਾਖੜ ਨੂੰ ਆਪਣੇ ਕੰਮਾਂ ਵੱਲ ਦੇਖਣਾ ਚਾਹੀਦਾ ਹੈ। -ਪੀਟੀਆਈ
ਜਾਖੜ ਦਾ ਸਿਆਸੀ ਸਫ਼ਰ
ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੋ ਵਾਰ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਖੇਤੀ ਮੰਤਰੀ ਰਹਿ ਸਨ। ਬਲਰਾਮ ਜਾਖੜ 2004 ਤੋਂ 2009 ਤੱਕ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। 1954 ਵਿਚ ਜਨਮੇ ਸੁਨੀਲ ਜਾਖੜ ਨੇ 2002 ਵਿਚ ਪੰਜਾਬ ਦੀ ਸਿਆਸਤ ਵਿਚ ਕਦਮ ਰੱਖਿਆ ਸੀ। ਉਹ ਲਗਾਤਾਰ 2002, 2007, 2012 ਵਿਚ ਅਬੋਹਰ ਹਲਕੇ ਤੋਂ ਵਿਧਾਇਕ ਬਣੇ। 2012 ਵਿਚ ਵਿਰੋੋਧੀ ਧਿਰ ਦੇ ਨੇਤਾ ਚੁਣੇ ਗਏ ਸਨ। 2017 ਵਿਚ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਸੁਨੀਲ ਜਾਖੜ ਲੋਕ ਸਭਾ ਪਹੁੰਚੇ ਸਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ।
‘ਚਿੰਤਨ ਨਹੀਂ, ਚਿੰਤਾ ਕਰੋ’
ਸੁਨੀਲ ਜਾਖੜ ਨੇ ਕਿਹਾ ਕਿ ਹੁਣ ਉਦੈਪੁਰ ਵਿਚ ਕਾਂਗਰਸ ਦੀ ਹਾਲਤ ਦੇਖ ਕੇ ਤਰਸ ਆਉਂਦਾ ਹੈ। ‘ਬਹੁਤੇ ਨੇਤਾ ਚੀਅਰ ਲੀਡਰਜ਼ ਹਨ, ਕਿੰਨੇ ਕੁ ਹਨ ਜੋ ਸੱਚੀ ਗੱਲ ਕਹਿਣ ਦੀ ਹਿੰਮਤ ਰੱਖਦੇ ਹਨ। ਇਹ ਮਹਿਜ਼ ਇੱਕ ਰਸਮ ਹੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਿੰਤਨ ਸ਼ਿਵਿਰ ਦੀ ਨਹੀਂ ਸਗੋਂ ਚਿੰਤਾ ਸ਼ਿਵਿਰ ਦੀ ਲੋੜ ਹੈ। ‘ਪਾਰਟੀ ਨੂੰ ਕੋਈ ਚਿੰਤਾ ਹੁੰਦੀ ਤਾਂ ਉੱਤਰ ਪ੍ਰਦੇਸ਼ ਵਿਚ ਅੱਜ ਇਹ ਸਥਿਤੀ ਨਾ ਹੁੰਦੀ। ਪਾਰਟੀ ਨੇ ਇਹ ਜਾਂਚ ਕਰਨ ਦੀ ਲੋੜ ਨਹੀਂ ਸਮਝੀ ਕਿ 403 ’ਚੋਂ 300 ਸੀਟਾਂ ’ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਦੋ ਹਜ਼ਾਰ ਵੋਟਾਂ ਵੀ ਨਹੀਂ ਮਿਲੀਆਂ।’
ਜਾਖੜ ਸੋਨਾ, ਇਸ ਨੂੰ ਨਾ ਗੁਆਓ: ਸਿੱਧੂ
ਸਾਬਕਾ ਪ੍ਰਧਾਨ ਨਜਵੋਤ ਸਿੱਧੂ ਅੱਜ ਸੁਨੀਲ ਜਾਖੜ ਦੀ ਹਮਾਇਤ ’ਤੇ ਖੜ੍ਹੇ ਨਜ਼ਰ ਆਏ। ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਆਖਣ ਮਗਰੋਂ ਸਿੱਧੂ ਨੇ ਟਵੀਟ ਕਰਕੇ ਹਾਈਕਮਾਨ ਨੂੰ ਸੋਨੇ ਦੇ ਗਹਿਣੇ ਵਰਗੇ ਜਾਖੜ ਨੂੰ ਨਾ ਗੁਆਉਣ ਦੀ ਨਸੀਹਤ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਹਰ ਮਸਲੇ ਦਾ ਹੱਲ ਗੱਲਬਾਤ ਜ਼ਰੀਏ ਨਿਕਲ ਸਕਦਾ ਹੈ, ਇਸ ਲਈ ਜਾਖੜ ਵਰਗੇ ਆਗੂ ਨੂੰ ਗੁਆਇਆ ਨਹੀਂ ਜਾਣਾ ਚਾਹੀਦਾ ਹੈ।
ਆਰਥਿਕ ਨੀਤੀਆਂਵਿੱਚ ਤਬਦੀਲੀ ਦੀ ਲੋੜ: ਚਿਦੰਬਰਮ
ਉਦੈਪੁਰ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਭਾਰਤੀ ਅਰਥਚਾਰੇ ਦੀ ਸਥਿਤੀ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਲਮੀ ਤੇ ਸਥਾਨਕ ਹਾਲਾਤ ਦੇ ਮੱਦੇਨਜ਼ਰ ਆਰਥਿਕ ਨੀਤੀਆਂ ’ਚ ਤਬਦੀਲੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕੇਂਦਰ ਤੇ ਰਾਜਾਂ ਵਿਚਾਲੇ ਵਿੱਤੀ ਸਬੰਧਾਂ ਦੀ ਲਗਾਤਾਰ ਸਮੀਖਿਆ ਕੀਤੇ ਜਾਣ ਅਤੇ ਰਾਜਾਂ ਲਈ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਮੁਆਵਜ਼ਾ ਤਿੰਨ ਹੋਰ ਸਾਲਾਂ ਲਈ ਵਧਾਉਣ ਦੀ ਮੰਗ ਵੀ ਕੀਤੀ। ਕਾਂਗਰਸ ਦੇ ਤਿੰਨ ਰੋਜ਼ਾ ਚਿੰਤਨ ਸ਼ਿਵਿਰ ਲਈ ਬਣਾਈ ਗਈ ਅਰਥਚਾਰੇ ਸਬੰਧੀ ਤਾਲਮੇਲ ਕਮੇਟੀ ਦੇ ਕਨਵੀਨਰ ਚਿਦੰਬਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿੱਤੀ ਮੋਰਚੇ ’ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।