ਪੁਲੀਸ ਅਫ਼ਸਰਾਂ ਦੇ ਬਚਾਅ ’ਚ ਉੱਤਰੇ ਕਪਤਾਨ

ਪੁਲੀਸ ਅਫ਼ਸਰਾਂ ਦੇ ਬਚਾਅ ’ਚ ਉੱਤਰੇ ਕਪਤਾਨ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਿਰਾਸ਼ਾ ਵਿੱਚ ਡੁੱਬਿਆ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਹਾਲੀ ਲਈ ਨੀਵੇਂ ਪੱਧਰ ’ਤੇ ਜਾ ਡਿੱਗਿਆ ਹੈ। ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ’ਚੋਂ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੰਜਾਬ ਪੁਲੀਸ ਦੇ ਸੀਨੀਅਰ ਤੇ ਉੱਚ ਪੇਸ਼ੇਵਾਰਾਨਾ ਪਹੁੰਚ ਰੱਖਣ ਵਾਲੇ ਅਫ਼ਸਰ ਉੱਤੇ ਮਿਥ ਕੇ ਹਮਲਾ ਕਰਨ ਦੇ ਬਿਆਨ ਨੂੰ ਵੀ ਕਰੜੇ ਹੱਥੀਂ ਲਿਆ।

ਮੁੱਖ ਮੰਤਰੀ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਡੀਜੀਪੀ ਦਿਨਕਰ ਗੁਪਤਾ ’ਤੇ ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ) ਨੂੰ ਬਚਾਉਣ ਦੇ ਦੋਸ਼ ਲਗਾਉਣ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਅਕਾਲੀ ਆਗੂ ਨੇ ਐੱਸਐੱਸਪੀ ’ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸ਼ਰਾਬ ਮਾਫ਼ੀਆ ਖ਼ਿਲਾਫ਼ ਕੀਤੀ ਸ਼ਿਕਾਇਤ ਉੱਤੇ ਕਾਰਵਾਈ ਕਰਨ ’ਚ ਨਾਕਾਮ ਰਹਿਣ ਕਾਰਨ ਹੀ ਇਹ ਦੁਖਾਂਤ ਵਾਪਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਅਫ਼ਸਰ ਦੇ ‘ਬਚਾਅ’ ਵਿੱਚ ਆਉਣ ਦੀ ਲੋੜ ਹੀ ਨਹੀਂ ਹੁੰਦੀ ਜਿਸ ਦਾ ਨਸ਼ਿਆਂ, ਨਾਜਾਇਜ਼ ਸ਼ਰਾਬ ਤਸਕਰਾਂ/ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਸਣੇ ਆਪਣਾ ਟਰੈਕ ਰਿਕਾਰਡ ਬੇਦਾਗ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਐੱਸਐੱਸਪੀ ਤੇ ਡੀਸੀ ਉਨ੍ਹਾਂ ਵੱਲੋਂ ਸਿੱਧੇ ਤੌਰ ’ਤੇ ਨਿਯੁਕਤ ਕੀਤੇ ਜਾਂਦੇ ਹਨ ਜਿਸ ਲਈ ਕਿਸੇ ਵੀ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਡੀਜੀਪੀ ਜਾਂ ਮੁੱਖ ਸਕੱਤਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਦੇ ਨਕਲੀ ਸ਼ਰਾਬ ਦੀਆਂ ਸ਼ਿਕਾਇਤਾਂ ਦੇ ਦਾਅਵੇ ਝੂਠੇ ਹਨ। ਕੈਪਟਨ ਨੇ ਕਿਹਾ ਜੇ ਐੱਸਐੱਸਪੀ ਵੱਲੋਂ ਸ਼ਰਾਬ ਤਸਕਰਾਂ ਨੂੰ ਬਚਾਉਣ ਦਾ ਕੋਈ ਸ਼ੱਕ ਵੀ ਹੁੰਦਾ ਤਾਂ ਉਹ ਸਭ ਤੋਂ ਪਹਿਲਾਂ ਉਸ ਅਫ਼ਸਰ ਖ਼ਿਲਾਫ਼ ਕਾਰਵਾਈ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਐੱਸਐੱਸਪੀ ਦੀ ਨਿਗਰਾਨੀ ਹੇਠ ਅੰਮ੍ਰਿਤਸਰ ਪੁਲੀਸ ਨੇ ਨਕਲੀ ਸ਼ਰਾਬ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਥਾਈਂ ਕਾਰਵਾਈ ਕਰਦਿਆਂ ਕਈ ਗਰੋਹਾਂ ਦਾ ਪਰਦਾਫਾਸ਼ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All