ਨਿਊ ਮੋਤੀ ਬਾਗ ਦੇ ਦਰਵਾਜ਼ੇ ਲੋਕਾਂ ਲਈ ਰਹਿਣਗੇ ਬੰਦ

ਨਿਊ ਮੋਤੀ ਬਾਗ ਦੇ ਦਰਵਾਜ਼ੇ ਲੋਕਾਂ ਲਈ ਰਹਿਣਗੇ ਬੰਦ

ਨਿਊ ਮੋਤੀ ਬਾਗ ਪੈਲੇਸ ਦਾ ਬੰਦ ਪਿਆ ਗੇਟ।

ਰਵੇਲ ਸਿੰਘ ਭਿੰਡਰ
ਪਟਿਆਲ, 14 ਜੁਲਾਈ

ਨਿਊ ਮੋਤੀ ਬਾਗ ਪੈਲੇਸ ਉਰਫ਼ ‘ਕੈਂਪਸ ਆਫਿਸ ਸੀਐੱਮ ਹਾਊਸ’ ਪਟਿਆਲਾ ਦੇ ਦਰਵਾਜ਼ੇ ਆਮ ਲੋਕਾਂ ਲਈ ਹਾਲੇ ਬੰਦ ਹੀ ਰਹਿਣਗੇ। ਉਧਰ, ਸ਼ਾਹੀ ਸ਼ਹਿਰ ਦੇ ਅਕਾਲੀਆਂ ਨੇ ਸੱਤਾ ਧਿਰ ’ਤੇ ਸਿਆਸੀ ਚੁਟਕੀ ਲੈਂਦਿਆਂ ਕਿਹਾ ਹੈ ਕਿ ਜੇ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਕਾਂਗਰਸੀਆਂ ਨੂੰ ਲੋਕਾਂ ਨਾਲ ਪਿਆਰ ਹੈ ਤਾਂ ਮੋਤੀ ਬਾਗ ਪੈਲੇਸ ਦੇ ਦਰਵਾਜ਼ੇ ਆਮ ਲੋਕਾਂ ਲਈ ਖੁਲ.ਵਾਉਣ ਦੀ ਹਿੰਮਤ ਦਿਖਾਉਣ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਸਥਿਤ ਘਰ ‘ਨਿਊ ਮੋਤੀ ਬਾਗ ਪੈਲੇਸ’ ਨੂੰ ਕਰੋਨਾ ਕਾਰਨ ਆਮ ਲੋਕਾਂ ਲਈ ਬੰਦ ਕੀਤਾ ਹੋਇਆ ਹੈ। ਪੈਲੇਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਆਮ ਲੋਕ ਅਕਸਰ ਆਪਣੀਆਂ ਦੁੱਖ ਤਕਲੀਫ ਦੀਆਂ ਫਰਿਆਦਾਂ ਲੈ ਕੇ ਪੈਲੇਸ  ਜਾਂਦੇ ਸਨ, ਉਨ੍ਹਾਂ ਲਈ ਕਰੋਨਾ ਦੂਹਰੀ ਆਫ਼ਤ ਬਣ ਕੇ ਆਇਆ ਹੋਇਆ ਹੈ, ਕਿਉਂਕਿ ਸ਼ਹਿਰ ਤੇ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਅਜਿਹੇ ਲੋਕ ਸਨ ਜਿਹੜੇ ਵਰ੍ਹਿਆਂਬੱਧੀ ਪੈਲੇਸ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੂੰ ਜਦੋਂ ਵੀ ਕੋਈ ਬਿਪਤਾ ਪਈ ਜਾਂ ਸਰਕਾਰੇ ਦਰਬਾਰੇ ਕੋਈ ਕੰਮ ਪਿਆ ਤਾਂ  ਉਹ ਪੈਲੇਸ ’ਚ ਜਾ ਕੇ ਫਰਿਆਦ ਕਰਦੇ ਸਨ। ਅਜਿਹੇ ਫਰਿਆਦੀਆਂ ਲਈ ਪਿਛਲੇ ਕਈ ਸਾਲਾਂ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਮਸੀਹਾ ਬਣ ਕੇ ਪੇਸ਼ ਆ ਰਹੇ ਸਨ। ਹੁਣ ਕਰੋਨਾ ਦੇ ਮਾਹੌਲ ਮਗਰੋਂ ਪ੍ਰਨੀਤ ਕੌਰ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਆਮ ਲੋਕ ਮਾਯੂਸ  ਹਨ। ਕਰੋਨਾ ਦੇ ਪਹਿਲੇ ਮਹੀਨਿਆਂ ਦੌਰਾਨ ਭਾਵੇਂ ਪ੍ਰਨੀਤ ਕੌਰ ਪੈਲੇਸ ਹੀ ਰਹੇ, ਪਰ ਪੈਲੇਸ ਦੇ ਆਮ ਲੋਕਾਂ ਲਈ ਦਰਵਾਜੇ ਬੰਦ ਹੋਣ ਕਾਰਨ ਉਹ ਲੋਕਾਂ ਦੀ ਪਹੁੰਚ ਤੋਂ ਦੂਰ ਰਹੇ। ਪਿਛਲੇ ਕੁਝ ਹਫਤਿਆਂ ਤੋਂ ਉਹ ਪਟਿਆਲਾ ਤੋਂ ਬਾਹਰ ਕਿਸੇ ਹੋਰ ਸ਼ਹਿਰ ਜਾ ਕੇ ਰਹਿਣ ਕਾਰਨ ਪਟਿਆਲਵੀਆਂ ਦੀ ਪਹੁੰਚ ਤੋਂ ਪਹਿਲਾਂ ਨਾਲੋਂ ਵੀ ਦੁਰੇਡੇ ਹੋ ਗਏ ਹਨ। ਪੈਲੇਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਹਾਲੇ ਕੁਝ ਹਫਤੇ ਹੋਰ ‘ਆਊਟ ਆਫ ਪਟਿਆਲਾ’ ਹੀ ਰਹਿਣਗੇ। ਉਧਰ, ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਜ਼ਿਲਾ ਕੋਆਰਡੀਨੇਟਰ ਸਤਿੰਦਰ ਸਿੰਘ ਗਰੋਵਰ ਤੇ ਸੂਬਾ ਜੁਆਇੰਟ ਸੈਕਟਰੀ ਹਰਜੀਤ ਸਿੰਘ ਬੱਬੀ ਖਹਿਰਾ ਨੇ ਕਾਂਗਰਸੀਆਂ ’ਤੇ ਸਿਆਸੀ ਚੁੱਟਕੀ ਲੈਂਦਿਆਂ ਆਖਿਆ ਹੈ ਕਿ ਅਕਾਲੀ ਦਲ ਦੇ ਸਾਰੇ ਹੀ ਲੀਡਰ ਕਰੋਨਾ ਦੇ ਮਾਹੌਲ ਦੌਰਾਨ ਲੋਕ ਸੇਵਾ ’ਚ ਲੱਗੇ ਰਹੇ, ਪਰ ਸੱਤਾ ਸੁੱਖ ਦੌਰਾਨ ਵੀ ਮੋਤੀ ਬਾਗ ਵਾਲਿਆਂ ਨੇ ਆਮ ਲੋਕਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ। ਅਕਾਲੀ ਆਗੂਆਂ ਨੇ ਆਖਿਆ ਕਿ ਮਹਿਲਾਂ ਵਾਲੇ ਸਿਰਫ਼ ਵੋਟਾਂ ਵੇਲੇ ਹੀ ਪੈਲੇਸ ਨੂੰ ਆਮ ਲੋਕਾਂ ਲਈ ਖੋਲ੍ਹਦੇ ਹਨ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All