ਕਰਮਚਾਰੀਆਂ ਦਾ ਰਿਕਾਰਡ ਆਨਲਾਈਨ ਕਰਨ ’ਚ ਪੰਜਾਬੀ ’ਵਰਸਿਟੀ ਮੋਹਰੀ

ਤਨਖ਼ਾਹ ਆਦਿ ਵੇਰਵਿਆਂ ਨੂੰ ਵੀ ਜਲਦੀ ਹੀ ਆਨਲਾਈਨ ਕਰ ਦਿੱਤਾ ਜਾਵੇਗਾ: ਵਿੱਤ ਅਫ਼ਸਰ

ਕਰਮਚਾਰੀਆਂ ਦਾ ਰਿਕਾਰਡ ਆਨਲਾਈਨ ਕਰਨ ’ਚ ਪੰਜਾਬੀ ’ਵਰਸਿਟੀ ਮੋਹਰੀ

ਰਵੇਲ ਸਿੰਘ ਭਿੰਡਰ
ਪਟਿਆਲਾ, 6 ਜੁਲਾਈ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਸੂਬੇ ਵਿਚ ਪਹਿਲੀ ਅਜਿਹੀ ਸਟੇਟ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਇੰਟੀਗ੍ਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ ਰਾਹੀਂ ਕੈਂਪਸ ਵਿਚਲੇ ਸਮੂਹ ਰੈਗੂਲਰ ਅਧਿਆਪਨ ਫੈਕਲਟੀ ਦੇ ਸਰਵਿਸ ਰਿਕਾਰਡ ਨੂੰ ਨੈਸ਼ਨਲ ਇਨਫੌਰਮੈਟਿਕ ਸੈਂਟਰ ਦੀ ਮਦਦ ਨਾਲ ਆਨਲਾਈਨ ਕਰ ਦਿੱਤਾ ਹੈ। ਪਹਿਲੇ ਪੜਾਅ ਤਹਿਤ ਅਧਿਆਪਨ ਵਰਗ ਦੇ ਕਰਮਚਾਰੀਆਂ ਦੀ ਇਹ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਹੁਣ ਗ਼ੈਰ-ਅਧਿਆਪਨ ਅਮਲੇ ਦਾ ਸਾਰਾ ਰਿਕਾਰਡ ਵੀ ਆਨਲਾਈਨ ਕਰ ਦਿੱਤਾ ਜਾਵੇਗਾ।

ਪਹਿੜੇ ਪੜਾਅ ਦੇ ਮੁਕੰਮਲ ਹੋਣ ’ਤੇ ਖੁਸ਼ੀ ਪ੍ਰਗਟਾਉਂਦਿਆਂ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਨੇ ਦੱਸਿਆ ਕਿ ਬਿਨਾ ਕੋਈ ਖ਼ਰਚ ਕੀਤਿਆਂ ਇਹ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿੱਥੇ ਪਾਰਦਰਸ਼ਤਾ ਆਵੇਗੀ, ਉੱਥੇ ਹੀ ਸਭ ਕਰਮਚਾਰੀਆਂ ਲਈ ਆਪਣੇ ਸਰਵਿਸ-ਬੁੱਕ ਆਦਿ ਰਿਕਾਰਡ ਨੂੰ ਦੇਖਣ ਜਾਂ ਪ੍ਰਾਪਤ ਕਰਨ ਸਬੰਧੀ ਸੁਖਾਲ਼ਾ ਹੋ ਜਾਵੇਗਾ।

ਦੱਸਣਯੋਗ ਹੈ ਕਿ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਦੀ ਅਗਵਾਈ ਅਤੇ ਦੇਖ-ਰੇਖ ਹੇਠ ਸਮਾਪਤ ਹੋਏ ਇਸ ਪ੍ਰਾਜੈਕਟ ਨੂੰ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਵਿਸ਼ਾਲ ਗੋਇਲ ਵੱਲੋਂ ਸੁਝਾਇਆ ਗਿਆ ਸੀ। ਇਸ ਮੌਕੇ ਬੋਲਦਿਆਂ ਡਾ. ਨਿੱਜਰ ਨੇ ਦੱਸਿਆ ਕਿ ਡਿਪਟੀ ਰਜਿਸਟਰਾਰ ਦਲਬੀਰ ਸਿੰਘ, ਰਾਕੇਸ਼ ਡਾਵਰਾ ਅਤੇ ਸਤੀਸ਼ ਮਿੱਤਲ ਦੀ ਟੀਮ ਨੇ ਇਸ ਕਾਰਜ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਹੁਣ ਅਗਲੇ ਪੜਾਅ ਵਿਚ ਸਮੂਹ ਕੰਸਟੀਚੁਐਂਟ ਕਾਲਜਾਂ, ਨੇਬਰਹੁੱਡ ਕੈਂਪਸਿਜ਼ ਅਤੇ ਰਿਜਨਲ ਸੈਂਟਰਜ਼ ਰੈਗੂਲਰ ਅਧਿਆਪਕਾਂ ਦਾ ਰਿਕਾਰਡ ਆਨਲਾਈਨ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਕੈਂਪਸ ਵਿਚਲੇ ਗ਼ੈਰ-ਅਧਿਆਪਨ ਵਰਗ ਵਿਚੋਂ ਵੀ ਬਹੁ-ਗਿਣਤੀ ਦਾ ਡੇਟਾ ਵੀ ਇਸ ਸਿਸਟਮ ਵਿਚ ਪਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਰਿਕਾਰਡ ਵੀ ਆਨਲਾਈਨ ਹੋ ਜਾਵੇਗਾ।

ਕੋਆਰਡੀਨੇਟਰ ਆਈਐੱਚਐੱਮਆਰਐੱਸ ਡਾ. ਵਿਸ਼ਾਲ ਗੋਇਲ ਨੇ ਕਿਹਾ ਕਿ ਉਹ ਸਰਕਾਰ ਦੇ ਨੈਸ਼ਨਲ ਇਨਫੌਰਮੈਟਿਕ ਸੈਂਟਰ ਨੂੰ ਅਪੀਲ ਕਰਨਗੇ ਕਿ ਉਹ ਤਨਖ਼ਾਹ ਆਦਿ ਸਬੰਧੀ ਕੁੱਝ ਉਨ੍ਹਾਂ ਵੇਰਵਿਆਂ ਬਾਰੇ ਆਪਣੇ ਸਾਫਟਵੇਅਰ ਨੂੰ ਅਪਡੇਟ ਕਰਨ। ਵਿੱਤ ਅਫਸਰ ਡਾ. ਰਾਕੇਸ਼ ਖੁਰਾਣਾ ਨੇ ਇਸ ਮੌਕੇ ਬੋਲਦਿਆਂ ਭਰੋਸਾ ਦਿੱਤਾ ਕਿ ਇਸ ਸੰਬੰਧੀ ਬਾਕੀ ਰਹਿੰਦੇ ਤਨਖਾਹ ਆਦਿ ਵੇਰਵਿਆਂ ਨੂੰ ਵੀ ਜਲਦੀ ਹੀ ਆਨਲਾਈਨ ਕਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All