ਸਰਬਜੀਤ ਸਿੰਘ ਭੰਗੂ/ਗੁਰਪ੍ਰੀਤ ਸਿੰਘ
ਪਟਿਆਲਾ /ਘਨੌਰ 17 ਜੂਨ
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਖੇਤੀ ਵਿਰੋਧੀ ਕਾਨੂੰਨਾਂ ਤੋਂ ਤਪੇ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦਾ ਅਜਿਹਾ ਵਿਰੋਧ ਸਹਿਣ ਵਾਲੇ ਚੰਦੂਮਾਜਰਾ ਪਲੇਠੇ ਅਕਾਲੀ ਆਗੂ ਹਨ। ਘਨੌਰ ਅਸੈਂਬਲੀ ਸੀਟ ’ਤੇ ਰੱਖੀ ਅੱਖ ਦੇ ਚਲਦਿਆਂ ਉਹ ਅੱਜ ਘਨੌਰ ਹਲਕੇ ਦੇ ਗੁਰਦੁਆਰਾ ਨਿੰਮ ਸਾਹਿਬ ਆਕੜ ਵਿਖੇ ਅਕਾਲੀ ਅਤੇ ਬਸਪਾ ਕਾਰਕੁਨਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੂੰ ਮੀਟਿੰਗ ਬਾਰੇ ਪਤਾ ਅੱਗਾ ਤਾਂ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਪੱਕਾ ਧਰਨਾ ਲਾਈ ਬੈਠੇ ਕਿਸਾਨ ਕਾਲ਼ੀਆਂ ਝੰਡੀਆਂ ਨਾਲ ਲੈਸ ਹੋ ਕੇ ਇਥੇ ਪੁੱਜ ਗਏ। ਕਿਸਾਨਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ‘‘ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ ਤੇ ਇਹ ਵੀ ਚੋਰ’’ ਵਰਗੇ ਨਾਅਰੇ ਲਾਏ, ਜਿਸ ਕਰਕੇ ਇੱਕ ਵਾਰ ਮਾਹੌਲ ਤਣਾਅਪੂਰਣ ਬਣ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸੁਰਿੰਦਰਪਾਲ ਗੌਂਸਪੁਰਾ, ਇੰਦਰਮੋਹਣ ਘੁਮਾਣਾ, ਰਾਜਿੰਦਰ ਕੌਰ ਅਤੇ ਜਸਵਿੰਦਰ ਕੌਰ ਦੌਣਕਲਾਂ ਆਦਿ ਕਰ ਰਹੇ ਸਨ। ਕਿਸਾਨਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਚੰਦੂਮਾਜਰਾ ਮੀਟਿੰਗ ਵਿਚਾਲੇ ਛੱਡ ਕੇ ਉਥੋਂ ਚਲੇੇ ਗਏ। ਇਸ ਦੌਰਾਨ ਕਈ ਹੋਰਨਾਂ ਨਾਲ ਬਾਹਰ ਆਏ ਅਕਾਲੀ ਆਗੂ ਨਰਦੇਵ ਆਕੜੀ ਕਿਸਾਨਾਂ ਨਾਲ਼ ਗੱਲਬਾਤ ਕਰਨ ਲੱਗੇ ਤਾਂ ਦੋਵਾਂ ਧਿਰਾਂ ਵਿੱਚ ਭਖਵੀਂ ਬਹਿਸ ਵੀ ਹੋਈ। ਨਰਦੇਵ ਆਕੜੀ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਸਮੇਤ ਕਈ ਹੋਰ ਦਲੀਲਾਂ ਸਹਿਤ ਅਕਾਲੀ ਦਲ ਦੇ ਕਿਸਾਨ ਹਿਤੈਸ਼ੀ ਹੋਣ ਬਾਰੇ ਪੱਖ ਰੱਖਿਆ। ਦੂਜੇ ਪਾਸੇ ਕਿਸਾਨਾਂ, ਖਾਸ ਕਰਕੇ ਕਿਸਾਨ ਬੀਬੀ ਰਾਜਿੰਦਰ ਕੌਰ ਦੌਣਕਲਾਂ ਨੇ ਤਾਹਨੇ ਮਿਹਣੇ ਮਾਰਦਿਆਂ, ਕਿਹਾ ਕਿ ਕਾਨੂੰਨ ਬਣਵਾਉਣ ਮਗਰੋਂ ਅਸਤੀਫ਼ਾ ਦੇਣ ਨਾਲ ਅਕਾਲੀ ਕਾਨੂੰਨ ਸਮਰਥਕ ਹੋਣ ਤੋਂ ਸੁਰਖਰੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਧਰੇੜੀ ਟੌਲ ਪਲਾਜ਼ੇ ’ਤੇ ਧਰਨਾ ਮਾਰ ਕੇ ਬੈਠੀਆਂ ਬੀਬੀਆਂ ਦੀ ਅਕਾਲੀਆਂ ਨੇ ਕਦੇ ਸਾਰ ਵੀ ਨਹੀਂ ਲਈ। ਅੱਜ ਵੋਟਾਂ ਦੀ ਖਾਤਰ ਮੀਟਿੰਗਾਂ ਕਰਨ ਪੁੱਜ ਗਏ ਹਨ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸੇ ਨੂੰ ਵੀ ਰਾਜਸੀ ਮੀਟਿੰਗਾਂ ਨਾ ਕਰਨ ਦੇਣ ਦਾ ਐਲਾਨ ਵੀ ਕੀਤਾ। ਬਹਿਸ ਦੌਰਾਨ ਅਕਾਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਰਾਜਸੀ ਸਰਗਰਮੀਆਂ ਲਈ ਗੁਰਦੁਆਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਮਗਰੋਂ ਕਿਸਾਨ ਭਾਵੇਂ ਵਾਪਸ ਪਰਤ ਗਏ, ਪਰ ਉਹ ਆਖ ਰਹੇ ਸਨ ਕਿ ਖੇਤੀ ਕਾਨੂੰਨਾਂ ਦੇ ਨਿਪਟਾਰੇ ਤੱਕ ਰਾਜਸੀ ਮੀਟਿੰਗਾਂ ਨਹੀਂ ਹੋਣ ਦੇਣਗੇ।
ਖੁ਼ਦ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦਾ ਹਿਤੈਸ਼ੀ ਹਾਂ: ਚੰਦੂਮਾਜਰਾ
ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਖ਼ੁਦ ਇਕ ਕਿਸਾਨ ਹਨ ਤੇ ਹਮੇਸ਼ਾ ਕਿਸਾਨ ਹਿਤੈਸ਼ੀ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਵਾਲੇ ਕਿਸਾਨਾਂ ਨੂੰ ਹੱਥਕੜੀ ਲਾਉਣ ਦਾ ਅਮਲ 1985 ’ਚ ਸਹਿਕਾਰਤਾ ਮੰਤਰੀ ਹੁੰਦਿਆਂ ਉਨ੍ਹਾਂ ਨੇ ਹੀ ਬੰਦ ਕਰਵਾਇਆ ਸੀ। ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਕੀਤੇ ਰੋਸ ਵਿਖਾਵੇ ਬਾਰੇ ਉਨ੍ਹਾਂ ਕਿਹਾ ਕਿ ਝੱਖੜ ਕਾਰਨ ਖੇਤਰ ’ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਹੀ ਕਿਸਾਨ ਰੋਸ ਜ਼ਾਹਿਰ ਕਰਨ ਆਏ ਸਨ, ਜਦਕਿ ਇਸ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉਧਰ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਇਸ ਪ੍ਰਦਰਸ਼ਨ ਦਾ ਬਿਜਲੀ ਸਪਲਾਈ ਨਾਲ ਕੋਈ ਸਬੰਧ ਨਹੀਂ ਸੀ। ਉਹ ਤਾਂ ਸਿੱਧੇ ਤੌਰ ’ਤੇ ਚੰਦੂਮਾਜਰਾ ਦੀ ਮੀਟਿੰਗ ਦਾ ਵਿਰੋਧ ਕਰਨ ਆਏ ਸਨ।