ਬਾਦਲ ਗ਼ਲਤੀਆਂ ਲੁਕਾਉਣ ਲਈ ਧਰਨੇ ਦੇ ਰਿਹੈ: ਚਪੜ

ਬਾਦਲ ਗ਼ਲਤੀਆਂ ਲੁਕਾਉਣ ਲਈ ਧਰਨੇ ਦੇ ਰਿਹੈ: ਚਪੜ

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਜੋਗਾ ਸਿੰਘ ਚਪੜ ਤੇ ਹੋਰ।

ਰਵੇਲ ਸਿੰਘ ਭਿੰਡਰ

ਪਟਿਆਲਾ, 9 ਅਗਸਤ

ਪੰਥਕ ਅਕਾਲੀ ਲਹਿਰ ਪੰਜਾਬ ਦੇ ਬੁਲਾਰੇ ਜਥੇਦਾਰ ਜੋਗਾ ਸਿੰਘ ਚਪੜ ਨੇ ਕਿਹਾ ਹੈ ਕਿ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਲਈ ਅਕਾਲੀ ਦਲ ‘ਬਾਦਲ’ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਚੋਰੀ ਹੋਣ ਦੇ ਮਾਮਲੇ ’ਤੇ ਧਰਨੇ ਦੇ ਰਿਹਾ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਅਕਾਲੀ ਦਲ ਵੱਲੋਂ ਤਿੰਨ ਦਿਨਾਂ ਤੋਂ ਐੱਸਐੱਸਪੀ ਦਫ਼ਤਰ ਸਾਹਮਣੇ ਧਰਨੇ ਦਿੱਤੇ ਜਾ ਰਹੇ ਹਨ, ਅਸਲੀਅਤ ਇਹ ਹੈ ਕਿ ਸਬੰਧਿਤ ਗੁਰਦੁਆਰੇ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਵਿਚੋਂ 9 ਮੈਂਬਰ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਰੂਪਾਂ ਦੀ ਸੰਭਾਲ ਲਈ ਜ਼ਿੰਮੇਵਾਰ ਕਮੇਟੀ ਫੇਲ੍ਹ ਹੋਈ ਹੈ ਤੇ ਇਸ ’ਤੇ ਪਰਦਾ ਪਾਉਣ ਲਈ ਅਕਾਲੀ ਦਲ ਧਰਨੇ ਲਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਨ ਕਿ ਇਸ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਕੇ ਘੱਟੋ-ਘੱਟ 11 ਮੈਂਬਰੀ ਸੁਹਿਰਦ ਪੰਥਕ ਗੁਰਸਿੱਖ ਕਮੇਟੀ ਨਿਯੁਕਤ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਲਾਏ ਧਰਨੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ 267 ਸਰੂਪ ਚੋਰੀ ਹੋਣ ਦੀ ਅਸਲੀਅਤ ਵੀ ਸੰਗਤ ਨੂੰ ਦੱਸਣ।

ਕਮੇਟੀ ’ਤੇ ਲਾਏ ਸਾਰੇ ਦੋਸ਼ ਗ਼ਲਤ: ਪ੍ਰਧਾਨ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ ਨੇ ਪੰਥਕ ਅਕਾਲੀ ਲਹਿਰ ਦੇ ਦੋਸ਼ਾਂ ਨੂੰ ਗ਼ਲਤ ਦਸਦਿਆਂ ਆਖਿਆ ਹੈ ਕਿ ਕਮੇਟੀ ’ਚ ਸਾਰੇ ਮੈਂਬਰ ਸਿਆਸਤ ਤੋਂ ਉੱਪਰ ਉੱਠ ਕੇ ਮਹਿਜ਼ ਸੇਵਾਦਾਰ ਵਜੋਂ ਵਿਚਰ ਰਹੇ ਹਨ, ਕਈ ਮੈਂਬਰ ਤਾਂ ਕਾਂਗਰਸ ਨਾਲ ਵੀ ਸਬੰਧਿਤ ਹਨ ਪਰ ਸਿਆਸੀ ਗੱਲਾਂ ਨੂੰ ਕੋਈ ਤਵੱਕੋ ਹੀ ਦਿੱਤੀ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All