ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਮਾਰਚ
ਤਕਰੀਬਨ 50 ਨੌਜਵਾਨਾਂ ਦਾ ਇੱਕ ਜਥਾ ਪੰਜਾਬ ਤੋਂ ਪੈਦਲ ਯਾਤਰਾ ਕਰਦਾ ਹੋਇਆ ਅੱਜ ਸਿੰਘੂ ਬਾਰਡਰ ’ਤੇ ਪਹੁੰਚਿਆ। ਪਹਿਲੀ ਮਾਰਚ ਨੂੰ ਨੌਜਵਾਨਾਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਫ਼ਤਹਿਗੜ੍ਹ ਸਾਹਿਬ (ਪੰਜਾਬ) ਤੋਂ ਇਹ ਮਾਰਚ ਸ਼ੁਰੂ ਕੀਤਾ ਸੀ। ਬੁੱਧਵਾਰ ਸਵੇਰੇ ਸਿੰਘੂ ਹੱਦ ’ਤੇ ਪਹੁੰਚੇ ਨੌਜਵਾਨਾਂ ਦਾ ਕਿਸਾਨ ਆਗੂਆਂ ਨੇ ਨਿੱਘਾ ਸਵਾਗਤ ਕੀਤਾ। ਨੌਜਵਾਨਾਂ ਨੇ ਕਿਹਾ ਕਿ ਉਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਟਾਰਚ ਮਾਰਚ ਕਰ ਰਹੇ ਹਨ। ਇਹ ਜੱਥਾ ਵੀਰਵਾਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਪਰਤੇਗਾ। ਜੱਥੇ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਤੇ ਉਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਸਰਕਾਰ ਨੂੰ ਪ੍ਰਤੀਕਾਤਮਕ ਤਰੀਕੇ ਨਾਲ ਜਗਾਉਣ ਲਈ ਟਾਰਚ ਰਿਲੇਅ ਯਾਤਰਾ ਕਰਨ ਦਾ ਫੈਸਲਾ ਲਿਆ।