ਸ੍ਰੀਨਗਰ, 17 ਨਵੰਬਰ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਹੋਏ ਦੋ ਮੁਕਾਬਲਿਆਂ ’ਚ ਦਿ ਰਜ਼ਿਸਟੈਂਸ ਫਰੰਟ (ਟੀਆਰਐੱਫ) ਦੇ ਕਮਾਂਡਰ ਅਫ਼ਾਕ ਸਿਕੰਦਰ ਸਮੇਤ ਪੰਜ ਦਹਿਸ਼ਤਗਰਦ ਮਾਰੇ ਗਏ। ਇਹ ਮੁਕਾਬਲੇ ਗੋਪਾਲਪੋਰਾ ਅਤੇ ਪੋਮਬੇਅ ਇਲਾਕਿਆਂ ’ਚ ਹੋਏ। ਗੋਪਾਲਪੋਰਾ ’ਚ ਹੋਏ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ। ਆਈਜੀ (ਕਸ਼ਮੀਰ) ਵਿਜੈ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ’ਚੋਂ ਇਕ ਟੀਆਰਐੱਫ ਦਾ ਕਮਾਂਡਰ ਅਫ਼ਾਕ ਸਿਕੰਦਰ ਸੀ। ਅਧਿਕਾਰੀ ਨੇ ਦੱਸਿਆ ਕਿ ਤਿੰਨ ਹੋਰ ਦਹਿਸ਼ਤਗਰਦ ਪੋਮਬੇਅ ਇਲਾਕੇ ’ਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਉਨ੍ਹਾਂ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। –ਪੀਟੀਆਈ
ਪੁਲਵਾਮਾ ਵਿੱਚ ਦਹਿਸ਼ਤਗਰਦਾਂ ਦੇ ਦੋ ਸਾਥੀ ਗ੍ਰਿਫ਼ਤਾਰ, ਆਈਈਡੀ ਬਰਾਮਦ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਵੱਡੀ ਦਹਿਸ਼ਤੀ ਕਾਰਵਾਈ ਨਾਕਾਮ ਕਰਦਿਆਂ ਲਸ਼ਕਰ ਦਹਿਸ਼ਤਗਰਦਾਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਆਈਈਡੀ ਬਰਾਮਦ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਮਿਰ ਬਸ਼ੀਰ ਅਤੇ ਮੁਖਤਾਰ ਭੱਟ ਵਜੋਂ ਹੋਈ ਹੈ। ਪੁਲੀਸ ਨੇ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। -ਏਜੰਸੀ