ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਤੇ ਕੁਝ ਹੋਰ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਚਰਚਾ ਲਈ 24 ਜੂਨ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾਈ ਇੰਚਾਰਜਾਂ ਦੀ ਮੀਟਿੰਗ ਸੱਦੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਡਿਜੀਟਲ ਮੀਟਿੰਗ ’ਚ ਕਾਂਗਰਸ ਆਗੂ ਪਾਰਟੀ ਵੱਲੋਂ ਤਜਵੀਜ਼ ਕੀਤੀ ਸੰਪਰਕ ਮੁਹਿੰਮ ਬਾਰੇ ਵੀ ਚਰਚਾ ਕਰਨਗੇ। ਇਸ ਮੀਟਿੰਗ ’ਚ ਪੈਟਰੋਲ-ਡੀਜ਼ਲ ਅਤੇ ਜ਼ਰੂਰੀ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਦੇ ਸੰਦਰਭ ’ਚ ਭਵਿੱਖੀ ਰਣਨੀਤੀ ’ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ’ਚ ਕੋਵਿਡ ਦੇ ਮੌਜੂਦਾ ਹਾਲਾਤ ਤੇ ਦੇਸ਼ ਦੀ ਆਰਥਿਕ ਸਥਿਤੀ ’ਤੇ ਵੀ ਚਰਚਾ ਹੋ ਸਕਦੀ ਹੈ। ਇਸ ਮੀਟਿੰਗ ਤੋਂ ਬਾਅਦ ਸੂਬਾਈ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਮੀਟਿੰਗ ਵੀ ਸੱਦੀ ਜਾਵੇਗੀ। ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇਹ ਮੀਟਿੰਗ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸੱਦੀ ਹੈ। ਮੌਨਸੂਨ ਸੈਸ਼ਨ ਜੁਲਾਈ ’ਚ ਹੋ ਸਕਦਾ ਹੈ। -ਪੀਟੀਆਈ