ਵਡੋਦਰਾ(ਗੁਜਰਾਤ), 11 ਅਗਸਤ
ਪੰਜਾਬ ਪੁਲੀਸ ਨੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਨਾਮ ‘ਤੇ ਡਾਕਟਰਾਂ ਅਤੇ ਉਦਯੋਗਪਤੀਆਂ ਤੋਂ ਕਥਿਤ ਤੌਰ ‘ਤੇ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਬਿਹਾਰ ਦਾ ਵਸਨੀਕ ਹੈ ਅਤੇ ਉਹ ਪਿਛਲੇ 15 ਦਿਨਾਂ ਤੋਂ ਵਡੋਦਰਾ ਸ਼ਹਿਰ ਦੇ ਚੰਨੀ ਇਲਾਕੇ ਵਿੱਚ ਰਹਿ ਰਿਹਾ ਸੀ। ਪੁਲੀਸ ਅਨੁਸਾਰ ਮੁਲਜ਼ਮ ਸ਼ਰੀਫ਼ ਉਰਫ਼ ਮਜ਼ਾਰਆਲਮ ਸ਼ੇਖ ਨੇ ਅੰਮ੍ਰਿਤਸਰ ਦੇ ਇੱਕ ਡਾਕਟਰ ਨੂੰ ਫ਼ੋਨ ਕਰਕੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਉਸਨੇ ਆਪਣੇ ਆਪ ਨੂੰ ਵਿੱਕੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਿਆ ਸੀ। ਫਿਰੌਤੀ ਦੀ ਰਕਮ ਉਸ ਦੇ ਖਾਤੇ ਵਿੱਚ ਟਰਾਂਸਫਰ ਨਾ ਹੋਣ ‘ਤੇ ਉਸ ਨੇ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪਾਬੰਦੀਸ਼ੁਦਾ ਐਪ ’ਤੇ ਵਿਦੇਸ਼ ਸਿਮ ਦੀ ਵਰਤੋਂ ਕਰਕੇ ਉਹ ਡਾਕਟਰਾਂ ਅਤੇ ਉਦਯੋਗਪਤੀਆਂ ਨੂੰ ਫੋਨ ਕਰਦਾ ਸੀ।