ਮੁੰਬਈ, 25 ਜੁਲਾਈ
ਅਸ਼ਲੀਲ ਫਿਲਮਾਂ ਨਾਲ ਸਬੰਧਤ ਇੱਕ ਮਾਮਲੇ ’ਚ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਅਦਾਕਾਰਾ ਗਹਿਣਾ ਵਸ਼ਿਸ਼ਟ ਤੇ ਦੋ ਹੋਰਾਂ ਨੂੰ ਅੱਜ ਲਈ ਤਲਬ ਕੀਤਾ ਗਿਆ ਸੀ ਪਰ ਉਹ ਪੁੱਛ ਪੜਤਾਲ ਲਈ ਪੇਸ਼ ਨਹੀਂ ਹੋਏ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪੁਲੀਸ ਨੇ ਹਾਲ ਹੀ ’ਚ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਦੇ ਕਥਿਤ ਨਿਰਮਾਣ ਅਤੇ ਕੁਝ ਐਪਜ਼ ਰਾਹੀਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਗਹਿਣਾ ਵਸ਼ਿਸ਼ਟ ਕੁੰਦਰਾ ਵੀ ਐਪ ਲਈ ਬਣੀਆਂ ਤਿੰਨ ਫਿਲਮਾਂ ’ਚ ਕੰਮ ਕਰ ਚੁੱਕੀ ਹੈ। ਅਧਿਕਾਰੀ ਨੇ ਕਿਹਾ ਕਿ ਗਹਿਣਾ ਵਸ਼ਿਸ਼ਟ ਤੇ ਦੋ ਹੋਰਾਂ ਨੂੰ ਅਪਰਾਧ ਸ਼ਾਖਾ ਦੇ ਜਾਇਦਾਦ ਸੈੱਲ ’ਚ ਤਲਬ ਕੀਤਾ ਗਿਆ ਸੀ ਪਰ ਉਹ ਅੱਜ ਪੁਲੀਸ ਸਾਹਮਣੇ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਮਾਮਲੇ ਦੀ ਜਾਂਚ ਆਪਣੇ ਹੱਥ ’ਚ ਲੈਣ ਤੋਂ ਪਹਿਲਾਂ ਅਸ਼ਲੀਲ ਫਿਲਮਾਂ ਦੇ ਗਰੋਹ ਬਾਰੇ ਮਹਾਰਾਸ਼ਟਰ ਦੇ ਸਾਈਬਰ ਵਿਭਾਗ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। -ਪੀਟੀਆਈ