ਪਟਨਾ, 17 ਜੂਨ
ਲੋਕ ਜਨਸ਼ਕਤੀ ਪਾਰਟੀ ਤੋਂ ਸੰਸਦ ਮੈਂਬਰ ਪਸ਼ੂਪਤੀ ਕੁਮਾਰ ਪਾਰਸ ਨੂੰ ਅੱਜ ਬਿਨਾਂ ਕਿਸੇ ਵਿਰੋਧ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਹਾਲ ਹੀ ਵਿੱਚ ਆਪਣੇ ਭਤੀਜੇ ਚਿਰਾਗ ਪਾਸਵਾਨ ਨੂੰ ਲੋਕ ਸਭਾ ਵਿੱਚ ਪਾਰਟੀ ਦੇ ਨੇਤਾ ਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।
ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਅੱਜ ਦੁਪਹਿਰ 3 ਵਜੇ ਤੱਕ ਕਿਸੇ ਹੋਰ ਦਾਅਵੇਦਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਾ ਕੀਤੇ ਜਾਣ ਕਾਰਨ ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੂੰ ਬਿਨਾਂ ਕਿਸੇ ਵਿਰੋਧ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਪਾਰਟੀ ਦੇ ਸੰਸਥਾਪਕ ਸਵਰਗੀ ਰਾਮਵਿਲਾਸ ਪਾਸਵਾਨ ਦੇ ਛੋਟੇ ਭਰਾ ਅਤੇ ਸੂਬੇ ਦੇ ਸਾਬਕਾ ਮੰਤਰੀ ਪਾਰਸ ਨੇ ਹਾਲ ਹੀ ਵਿੱਚ ਪਾਰਟੀ ਦੇ ਚਾਰ ਹੋਰ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਚਿਰਾਗ ਦੀ ਜਗ੍ਹਾ ਲੋਕ ਸਭਾ ਵਿੱਚ ਪਾਰਟੀ ਦੇ ਨੇਤਾ ਦਾ ਅਹੁਦਾ ਹਾਸਲ ਕਰ ਲਿਆ ਸੀ। ਸੂਤਰਾਂ ਮੁਤਾਬਕ ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ। -ਪੀਟੀਆਈ
ਚਿਰਾਗ ਪਾਸਵਾਨ ਨੇ ਦਿੱਲੀ ਵਿੱਚ ਕੌਮੀ ਕਾਰਜਕਾਰਨੀ ਦੀ ਮੀਟਿੰਗ ਸੱਦੀ
ਨਵੀਂ ਦਿੱਲੀ: ਲੋਕ ਜਨਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅੱਜ ਆਪਣੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਦੀ ਪਾਰਟੀ ਪ੍ਰਧਾਨ ਵਜੋਂ ਚੋਣ ਨੂੰ ਰੱਦ ਕਰਦਿਆਂ ਕਿਹਾ ਕਿ ਪਟਨਾ ਵਿੱਚ ਬੁਲਾਈ ਗਈ ਮੀਟਿੰਗ ਗੈਰ-ਸੰਵਿਧਾਨਕ ਸੀ ਅਤੇ ਇਸ ਵਿੱਚ ਪਾਰਟੀ ਦੇ ਕੌਮੀ ਕਾਰਜਕਾਰੀ ਮੈਂਬਰਾਂ ਦੀ ਘੱਟੋ-ਘੱਟ ਹਾਜ਼ਰੀ ਵੀ ਪੂਰੀ ਨਹੀਂ ਸੀ। ਉਨ੍ਹਾਂ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪਾਰਟੀ ਨੇ ਆਪਣੀ ਮੀਟਿੰਗ ਵਿੱਚ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪਾਰਸ ਦੀ ਅਗਵਾਈ ਵਾਲੇ ਗੁੱਟ ਨੂੰ ਪਾਰਟੀ ਦਾ ਚੋਣ ਨਿਸ਼ਾਨ ਤੇ ਝੰਡੇ ਦੀ ਵਰਤੋਂ ਤੋਂ ਰੋਕਣ ਦੀ ਮੰਗ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਅਬਦੁੱਲ ਖਲੀਫ ਨੇ ਕਿਹਾ ਕਿ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦਿੱਲੀ ਵਿੱਚ ਐਤਵਾਰ ਨੂੰ ਹੋਵੇਗੀ। -ਪੀਟੀਆਈ