ਮੁੰਬਈ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਅੱਗੇ ਇੱਕ ਵਾਹਨ ਵਿੱਚ ਧਮਾਕਾਖੇਜ਼ ਸਮੱਗਰੀ ਰੱਖਣ ਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਸਾਬਕਾ ਐਨਕਾਊਂਟਰ ਮਾਹਰ ਪੁਲੀਸ ਅਧਿਕਾਰੀ ਪ੍ਰਦੀਪ ਸ਼ਰਮਾ ਨੂੰ ਇੱਥੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਸ਼ਰਮਾ ਪੁਲੀਸ ਵਿਭਾਗ ਦੇ ਪੰਜਵੇਂ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਐੱਨਆਈਏ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਦਸ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐੱਨਆਈਏ ਦੀ ਟੀਮ ਨੇ ਪ੍ਰਦੀਪ ਸ਼ਰਮਾ ਨੂੰ ਬੁੱਧਵਾਰ ਦੇਰ ਰਾਤ ਮੁੰਬਈ ਦੇ ਨਜ਼ਦੀਕ ਲੋਨਾਵਲਾ ਦੀ ਅੰਬੇ ਵੈਲੀ ਤੋਂ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਤੋਂ ਪੁੱਛਗਿੱਛ ਲਈ ਦੱਖਣ ਮੁੰਬਈ ਸਥਿਤ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ। ਐੱਨਆਈਏ ਨੇ ਅੰਧੇਰੀ (ਪੱਛਮ) ਸਥਿਤ ਜੇ ਬੀ ਨਗਰ ’ਚ ਉਨ੍ਹਾਂ ਦੀ ਰਿਹਾਇਸ਼ ਤੋਂ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮਲਾਡ ਤੋਂ ਸਤੀਸ਼ ਉਰਫ਼ ਤੰਨੀ ਭਾਈ ਉਰਫ਼ ਵਿੱਕੀ ਬਾਬਾ ਤੇ ਮਨੀਸ਼ ਸੋਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਇੱਥੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 28 ਜੂਨ ਤੱਕ ਐੱਨਆਈਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। -ਪੀਟੀਆਈ