ਆਰਥਿਕ ਨੀਤੀਆਂ ਵਿੱਚ ਤਬਦੀਲੀ ਦੀ ਲੋੜ: ਚਿਦੰਬਰਮ

ਕਾਂਗਰਸ ਦੇ ਚਿੰਤਨ ਸ਼ਿਵਿਰ ਦੇ ਦੂਜੇ ਦਿਨ ਦੇਸ਼ ਦੇ ਆਰਥਿਕ ਹਾਲਾਤ ’ਤੇ ਹੋਈ ਚਰਚਾ; ਮਹਿੰਗਾਈ ਤੇ ਬੇਰੁਜ਼ਗਾਰੀ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

ਆਰਥਿਕ ਨੀਤੀਆਂ ਵਿੱਚ ਤਬਦੀਲੀ ਦੀ ਲੋੜ: ਚਿਦੰਬਰਮ

ਕਾਂਗਰਸ ਆਗੂ ਪੀ ਚਿਦੰਬਰਮ ਪਾਰਟੀ ਦੇ ਚਿੰਤਨ ਸ਼ਿਵਿਰ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਉਦੈਪੁਰ, 14 ਮਈ

ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਭਾਰਤੀ ਅਰਥਚਾਰੇ ਦੀ ਸਥਿਤੀ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਲਮੀ ਤੇ ਸਥਾਨਕ ਹਾਲਾਤ ਦੇ ਮੱਦੇਨਜ਼ਰ ਆਰਥਿਕ ਨੀਤੀਆਂ ’ਚ ਤਬਦੀਲੀ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕੇਂਦਰ ਤੇ ਰਾਜਾਂ ਵਿਚਾਲੇ ਵਿੱਤੀ ਸਬੰਧਾਂ ਦੀ ਲਗਾਤਾਰ ਸਮੀਖਿਆ ਕੀਤੇ ਜਾਣ ਅਤੇ ਰਾਜਾਂ ਲਈ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਮੁਆਵਜ਼ਾ ਤਿੰਨ ਹੋਰ ਸਾਲਾਂ ਲਈ ਵਧਾਉਣ ਦੀ ਮੰਗ ਵੀ ਕੀਤੀ। ਕਾਂਗਰਸ ਦੇ ਤਿੰਨ ਰੋਜ਼ਾ ਚਿੰਤਨ ਸ਼ਿਵਿਰ ਲਈ ਬਣਾਈ ਗਈ ਅਰਥਚਾਰੇ ਸਬੰਧੀ ਤਾਲਮੇਲ ਕਮੇਟੀ ਦੇ ਕਨਵੀਨਰ ਚਿਦੰਬਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿੱਤੀ ਮੋਰਚੇ ’ਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਹੁਣ ਉਸ ਨੂੰ ਸਭ ਕੁਝ ਠੀਕ ਕਰਨ ਲਈ ਰਾਹ ਨਹੀਂ ਸੁੱਝ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਮਹਿੰਗਾਈ ਤੇ ਬੇਰੁਜ਼ਗਾਰੀ ’ਚ ਵੱਡਾ ਵਾਧਾ ਕਰ ਦਿੱਤਾ ਹੈ ਅਤੇ ਰਾਜਾਂ ਦੀ ਵਿੱਤੀ ਹਾਲਤ ਕਮਜ਼ੋਰ ਹੋ ਚੁੱਕੀ ਹੈ। ਉਨ੍ਹਾਂ ਇਸ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਬਾਹਰੀ ਹਾਲਾਤ ਕਾਰਨ ਦੇਸ਼ ਦੀ ਆਰਥਿਕਤਾ ’ਤੇ ਦਬਾਅ ਵਧਿਆ ਹੈ। ਉਨ੍ਹਾਂ ਕਿਹਾ, ‘ਸਰਕਾਰ ਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਦਾ ਕੋਈ ਰਾਹ ਨਹੀਂ ਲੱਭ ਰਿਹਾ।’ ਚਿਦੰਬਰਮ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਯੂਕਰੇਨ-ਰੂਸ ਜੰਗ ਕਾਰਨ ਦੇਸ਼ ’ਚ ਮਹਿੰਗਾਈ ਵਧੀ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ’ਚ ਵਾਧੇ ਲਈ ਯੂਕਰੇਨ-ਰੂਸ ਜੰਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਜੰਗ ਤੋਂ ਪਹਿਲਾਂ ਵੀ ਮਹਿੰਗਾਈ ਲਗਾਤਾਰ ਵਧ ਰਹੀ ਸੀ। ਯੂਕਰੇਨ ਜੰਗ ਨੇ ਸਮੱਸਿਆ ’ਚ ਵਾਧਾ ਜ਼ਰੂਰ ਕੀਤਾ ਹੈ। -ਪੀਟੀਆਈ

ਕਰਜ਼ ਮੁਕਤ ਕਿਸਾਨ ਸਾਡਾ ਟੀਚਾ: ਕਾਂਗਰਸ

ਕਾਂਗਰਸ ਨੇ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੀ ਆਪਣੀ ਮੰਗ ਦੁਹਰਾਉਂਦਿਆਂ ਅੱਜ ਕਿਹਾ ਕਿ ਕਰਜ਼ ਮੁਆਫੀ ਤੋਂ ਕਰਜ਼ਾ ਮੁਕਤੀ ਉਨ੍ਹਾਂ ਦਾ ਟੀਚਾ ਹੈ। ਪਾਰਟੀ ਦੇ ਚਿੰਤਨ ਸ਼ਿਵਿਰ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪਿਛਲੇ ਦਰਵਾਜ਼ਿਓਂ ਤਿੰਨੋਂ ਖੇਤੀ ਕਾਨੂੰਨ ਮੁੜ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਆਮਦਨ ਤਾਂ ਦੁੱਗਣੀ ਨਹੀਂ ਹੋਈ ਪਰ ਕਿਸਾਨਾਂ ’ਤੇ ਕਰਜ਼ਾ ਜ਼ਰੂਰ ਵੱਧ ਗਿਆ ਹੈ। 2014 ’ਚ ਕਿਸਾਨਾਂ ’ਤੇ ਕਰਜ਼ਾ 9.64 ਲੱਖ ਕਰੋੜ ਰੁਪਏ ਸੀ ਜੋ ਹੁਣ ਵੱਧ ਕੇ 16.8 ਲੱਖ ਕਰੋੜ ਰੁਪਏ ਹੋ ਗਿਆ ਹੈ।’ 

ਸੱਤਾ ’ਚ ਵਾਪਸੀ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ: ਪਾਇਲਟ

ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਸੱਤਾ ’ਚ ਵਾਪਸੀ ਲਈ ਪਾਰਟੀ ਦੇ ਸਾਰੇ ਸਾਥੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਪੀੜ੍ਹੀ ਤੇ ਹਰ ਉਮਰ ਦੇ ਆਗੂ ਨੂੰ ਪਾਰਟੀ ਦੀ ਸ਼ਾਨ ਬਹਾਲ ਕਰਨ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਾਰਟੀ ’ਚ ਵੱਡੀਆਂ ਤਬਦੀਲੀਆਂ ਕੀਤੇ ਜਾਣ ਦੇ ਦਿੱਤੇ ਗਏ ਸੰਕੇਤ ਬਾਰੇ ਉਨ੍ਹਾਂ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ, ਬਲਕਿ ਦੇਸ਼ ਭਰ ’ਚ ਕਾਂਗਰਸ ਪਾਰਟੀ ਬਾਰੇ ਹੈ।

ਐੱਸਸੀ/ਐੱਸਟੀ ਤੇ ਘੱਟ ਗਿਣਤੀਆਂ ਨੂੰ 50 ਫੀਸਦ ਨੁਮਾਇੰਦਗੀ ਦੇ ਸਕਦੀ ਹੈ ਕਾਂਗਰਸ

ਕਾਂਗਰਸ ਆਪਣੇ ਸੰਗਠਨ ’ਚ ਹਰ ਪੱਧਰ ’ਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੇ ਵਰਗਾਂ ਤੇ ਘੱਟ ਗਿਣਤੀਆਂ ਨੂੰ 50 ਫੀਸਦ ਨੁਮਾਇੰਦਗੀ ਯਕੀਨੀ ਬਣਾਉਣ ਲਈ ਕਦਮ ਚੁੱਕ ਸਕਦੀ ਹੈ। ਪਾਰਟੀ ਅਗੂ ਕੇ ਰਾਜੂ ਨੇ ਦੱਸਿਆ ਕਿ ਚਿੰਤਨ ਸ਼ਿਵਿਰ ’ਚ ਚਰਚਾ ਦੌਰਾਨ ਇਹ ਮਤਾ ਆਇਆ ਹੈ ਤੇ ਇਸ ਨੂੰ ਵਿਚਾਰਨ ਲਈ ਕਾਂਗਰਸ ਵਰਕਿੰਗ ਕਮੇਟੀ ਕੋਲ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਇਸ ਗੱਲ ਦੀ ਚਰਚਾ ਕੀਤੀ ਗਈ ਹੈ ਕਿ ਕੀ ਜਥੇਬੰਦਕ ਸੁਧਾਰ ਕਰਨੇ ਚਾਹੀਦੇ ਹਨ ਜਿਸ ਨਾਲ ਪਾਰਟੀ ਕਮਜ਼ੋਰ ਤਬਕਿਆਂ ਤੱਕ ਆਪਣਾ ਸੁਨੇਹਾ ਪਹੁੰਚਾ ਸਕੇ।’

ਆਚਾਰਿਆ ਪ੍ਰਮੋਦ ਵੱਲੋਂ ਪ੍ਰਿਯੰਕਾ ਨੂੰ ਪ੍ਰਧਾਨ ਬਣਾਉਣ ਦੀ ਪੈਰਵੀ

ਪਾਰਟੀ ਆਗੂ ਆਚਾਰਿਆ ਪ੍ਰਮੋਦ ਨੇ ਅੱਜ ਕਿਹਾ ਕਿ ਪ੍ਰਿਯੰਕਾ ਗਾਂਧੀ ਵਾਡਰਾ ਪਾਰਟੀ ਦੀ ਸਭ ਤੋਂ ਮਸ਼ਹੂਰ ਆਗੂ ਹੈ ਅਤੇ ਜੇਕਰ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਬਣਨਾ ਨਹੀਂ ਚਾਹੁੰਦੇ ਤਾਂ ਇਹ ਜ਼ਿੰਮੇਵਾਰੀ ਪ੍ਰਿਯੰਕਾ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚਿੰਤਨ, ਮੰਥਨ ਤੇ ਤਬਦੀਲੀ ਦੀ ਗੱਲ ਕਹੀ ਹੈ ਅਤੇ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣ ਲਈ ਨੌਵਜਾਨ ਪੀੜ੍ਹੀ ਨੂੰ ਪਾਰਟੀ ਦੀ ਕਮਾਨ ਸੰਭਾਲਣ ਦਾ ਮੌਕਾ ਦੇਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All