ਮਹਾਰਾਸ਼ਟਰ: ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹਾ ਡੁੱਬਿਆ

ਢਿੱਗਾਂ ਡਿੱਗਣ ਕਾਰਨ ਦੋ ਮੌਤਾਂ

ਮਹਾਰਾਸ਼ਟਰ: ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹਾ ਡੁੱਬਿਆ

ਮੁੰਬਈ, 22 ਜੁਲਾਈ

ਭਾਰੀ ਮੀਂਹ ਕਾਰਨ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਚਿਪਲਨ, ਖੇੜ ਅਤੇ ਕੁਝ ਹੋਰ ਕਸਬੇ ਹੜ੍ਹ ਦੀ ਮਾਰ ਹੇਠ ਆ ਗਏ ਹਨ।

ਸੂਬੇ ਦੇ ਇੱਕ ਮੰਤਰੀ ਨੇ ਕਿਹਾ ਕਿ ਕੋਂਕਣ ਖੇਤਰ ’ਚ ਖਰਾਬ ਮੌਸਮ ਅਤੇ ਲਗਾਤਾਰ ਮੀਂਹ ਕਾਰਨ ਸਰਕਾਰੀ ਏਜੰਸੀਆਂ ਨੂੰ ਬਚਾਅ ਕਾਰਜ ਚਲਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਪਰਸ਼ੂਰਾਮ ਘਾਟ ਨੇੜੇ ਢਿੱਗਾਂ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਕਿ ਭਾਰੀ ਮੀਂਹ ਕਾਰਨ ਰਤਨਾਗਿਰੀ ਜ਼ਿਲ੍ਹੇ ਦੀਆਂ ਮੁੱਖ ਨਦੀਆਂ ਜਗਬੁਡੀ, ਵਿਸ਼ਿਸ਼ਟੀ, ਕੋਦਾਵਲੀ, ਸ਼ਾਸਤਰੀ, ਬਾਵ ਆਦਿ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਖੇੜ, ਚਿਪਲੁਨ, ਲਾਂਜਾ, ਰਾਜਾਪੁਰ, ਸੰਗਮੇਸ਼ਵਰ ਕਸਬੇ ਅਤੇ ਨਾਲ ਲੱਗਦੇ ਇਲਾਕੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਬਚਾਅ ਕਾਰਜਾਂ ’ਚ ਲੱਗੇ ਸਰਕਾਰੀ ਏਜੰਸੀਆਂ ਦੇ ਅਮਲੇ ਨੂੰ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਣ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰਾਂਸਪੋਰਟ ਮੰਤਰੀ ਅਨਿਲ ਪ੍ਰਭ, ਜੋ ਕਿ ਰਤਨਾਗਿਰੀ ਦੇ ਜ਼ਿਲ੍ਹਾ ਨਿਗਰਾਨ ਮੰਤਰੀ ਹਨ, ਨੇ ਕਿਹਾ ਜ਼ਿਲ੍ਹੇ ਦੇ ਬਹੁਤੇ ਹਿੱਸਿਆਂ ਨਾਲੋਂ ਸੜਕੀ ਸੰਪਰਕ ਕੱਟਿਆ ਗਿਆ ਹੈ। ਉਨ੍ਹਾਂ ਕਿਹਾ, ‘ਬਚਾਅ ਕਾਰਜਾਂ ’ਚ ਲੱਗਾ ਹੈਲੀਕਾਪਟਰ ਵਾਪਸ ਜਾ ਚੁੱਕਾ ਹੈ। ਜਹਾਜ਼ ਵਾਪਸ ਆਉਣ ਮਗਰੋਂ ਫਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇਗਾ। ਉਦੋਂ ਤੱਕ, ਅਸੀਂ ਪੀੜਤ ਲੋਕਾਂ ਨੂੰ ਖਾਣਾ ਤੇ ਪਾਣੀ ਮੁਹੱਈਆ ਕਰਵਾ ਰਹੇ ਹਾਂ।’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ