ਗਿਆਨਵਾਪੀ ਮਸਜਿਦ: ਸ਼ਾਂਤਮਈ ਢੰਗ ਨਾਲ ਸ਼ੁਰੂ ਹੋਇਆ ਸਰਵੇਖਣ

ਗਿਆਨਵਾਪੀ ਮਸਜਿਦ: ਸ਼ਾਂਤਮਈ ਢੰਗ ਨਾਲ ਸ਼ੁਰੂ ਹੋਇਆ ਸਰਵੇਖਣ

ਮਸਜਿਦ ਦਾ ਸਰਵੇਖਣ ਕਰਨ ਤੋਂ ਬਾਅਦ ਪਰਤਦੇ ਹੋਏ ਵਕੀਲ, ਕੋਰਟ ਕਮਿਸ਼ਨਰ ਅਤੇ ਹੋਰ ਧਿਰਾਂ। -ਫੋਟੋ: ਪੀਟੀਆਈ

ਮੁੱਖ ਅੰਸ਼

  • ਸਰਵੇਖਣ ਦਾ ਕੰਮ ਅੱਜ ਵੀ ਰਹੇਗਾ ਜਾਰੀ
  • ਸਾਰੀਆਂ ਧਿਰਾਂ ਨੇ ਦਿੱਤਾ ਸਹਿਯੋਗ

ਵਾਰਾਨਸੀ, 14 ਮਈ

ਸਥਾਨਕ ਅਦਾਲਤ ਦੇ ਹੁਕਮਾਂ ਮਗਰੋਂ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਵੀਡੀਓਗ੍ਰਾਫ਼ੀ ਸਰਵੇਖਣ ਅੱਜ ਤੋਂ ਸ਼ਾਂਤਮਈ ਢੰਗ ਨਾਲ ਸ਼ੁਰੂ ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਵੇਖਣ ਦੌਰਾਨ ਕਿਸੇ ਨੇ ਵੀ ਅੜਿੱਕਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਾਰੀਆਂ ਧਿਰਾਂ ਨੇ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸਰਵੇਖਣ ਦਾ ਕੰਮ ਐਤਵਾਰ ਨੂੰ ਵੀ ਜਾਰੀ ਰਹੇਗਾ। ਮਸਜਿਦ ਕਮੇਟੀ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਸਰਵੇਖਣ ਦਾ ਕੰਮ ਪਿਛਲੇ ਹਫ਼ਤੇ ਰੋਕ ਦਿੱਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕੋਰਟ ਕਮਿਸ਼ਨਰ ਕੋਲ ਕੰਪਲੈਕਸ ਦੇ ਅੰਦਰ ਸਰਵੇਖਣ ਕਰਨ ਦੀ ਇਜਾਜ਼ਤ ਨਹੀਂ ਹੈ। ਵਾਰਾਨਸੀ ਦੇ ਪੁਲੀਸ ਕਮਿਸ਼ਨਰ ਏ ਸਤੀਸ਼ ਗਣੇਸ਼ ਨੇ ਖ਼ਬਰ ਏਜੰਸੀ ਨੂੰ ਦੱਸਿਆ,‘‘ਸਰਵੇਖਣ ਦਾ ਕੰਮ ਸ਼ਾਂਤਮਈ ਢੰਗ ਨਾਲ ਹੋਇਆ। ਕਿਸੇ ਨੇ ਵੀ ਇਸ ’ਤੇ ਇਤਰਾਜ਼ ਨਹੀਂ ਜਤਾਇਆ। ਹਾਲਾਤ ਆਮ ਵਰਗੇ ਹਨ ਅਤੇ ਸਾਰੀਆਂ ਧਿਰਾਂ ਨੇ ਪੂਰਾ ਸਹਿਯੋਗ ਦਿੱਤਾ।’’ ਜ਼ਿਲ੍ਹਾ ਮੈਜਿਸਟਰੇਟ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਸ਼ਨਿਚਰਵਾਰ ਨੂੰ ਵੀਡੀਓਗ੍ਰਾਫ਼ੀ ਹੋਈ ਅਤੇ ਸਰਵੇਖਣ ਦਾ ਕੰਮ ਕਰੀਬ 50 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ। ‘ਸਵੇਰੇ 8 ਤੋਂ 12 ਵਜੇ ਤੱਕ ਹੋਏ ਸਰਵੇਖਣ ਦੌਰਾਨ ਪੁਲੀਸ ਕਮਿਸ਼ਨਰ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦਾ ਇਕ ਟਰੱਸਟੀ ਵੀ ਹਾਜ਼ਰ ਸਨ।’ ਉਨ੍ਹਾਂ ਕਿਹਾ ਕਿ ਜਿਹੜੀਆਂ ਥਾਵਾਂ ਦਾ ਸਰਵੇਖਣ ਕੀਤਾ ਗਿਆ ਹੈ, ਉਨ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਕੰਮ ਅਦਾਲਤ ਦੀ ਨਿਗਰਾਨੀ ਹੇਠ ਹੋ ਰਿਹਾ ਹੈ। ਮਸਜਿਦ ਦੇ ਨੇੜੇ 1500 ਪੁਲੀਸ ਕਰਮੀ ਅਤੇ ਪੀਏਸੀ ਦੀ ਜਵਾਨ ਤਾਇਨਾਤ ਕੀਤੇ ਗਏ ਸਨ। ਲੋਕਾਂ ਨੂੰ ਗਿਆਨਵਾਪੀ ਕੰਪਲੈਕਸ ਤੋਂ 500 ਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ। ਪੁਲੀਸ ਨੇ ਗੋਦੌਲੀਆ ਅਤੇ ਹੋਰ ਇਲਾਕਿਆਂ ਤੋਂ ਆਉਣ ਵਾਲੇ ਵਾਹਨਾਂ ਨੂੰ ਵੀ ਰੋਕ ਦਿੱਤਾ ਸੀ। ਗਿਆਨਵਾਪੀ ਕੰਪਲੈਕਸ ’ਚ ਦਾਖ਼ਲ ਹੋਣ ਤੋਂ ਪਹਿਲਾਂ ਹਿੰਦੂ ਧਿਰਾਂ ਵੱਲੋਂ ਪੇਸ਼ ਹੋਏ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਸਰਵੇਖਣ ਟੀਮ ਦੇ ਸਾਰੇ ਮੈਂਬਰਾਂ ਨੂੰ ਸਵੇਰੇ ਸਾਢੇ 7 ਵਜੇ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਦੇ ਗੇਟ ਨੰਬਰ 4 ’ਤੇ ਜੁੜਨ ਲਈ ਕਿਹਾ ਗਿਆ ਸੀ। ਸਰਵੇਖਣ ਦੇ ਕੰਮ ਲਈ ਵਿਸ਼ੇਸ਼ ਲਾਈਟਾਂ ਅਤੇ ਕੈਮਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਕੰਪਲੈਕਸ ਤੋਂ ਬਾਹਰ ਆਉਣ ਮਗਰੋਂ ਦੋਵੇਂ ਧਿਰਾਂ ਦੇ ਵਕੀਲਾਂ ਅਤੇ ਕੋਰਟ ਕਮਿਸ਼ਨਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ 

ਇਕ ਹੋਰ ਮਸਜਿਦ ਨੂੰ ਹੱਥੋਂ ਨਹੀਂ ਜਾਣ ਦੇਵਾਂਗੇ: ਓਵਾਇਸੀ

ਅਹਿਮਦਾਬਾਦ: ਏਆਈਐੈੱਮਆਈਐੱਮ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵੀਡੀਓ ਸਰਵੇਖਣ ਬਾਰੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਦੀ ਖਾਮੋਸ਼ੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀਆਂ ਇਸ ਲਈ ਚੁੱਪ ਹਨ ਕਿਉਂਕਿ ਮੁਸਲਮਾਨ ਉਨ੍ਹਾਂ ਦੇ ਵੋਟ ਬੈਂਕ ਨਹੀਂ ਹਨ। ਅਹਿਮਦਾਬਾਦ ’ਚ ਈਦ ਮਿਲਾਪ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ,‘‘ਮੈਂ ਤੁਹਾਨੂੰ ਅਤੇ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਕ ਬਾਬਰੀ ਮਸਜਿਦ ਗੁਆ ਲਈ ਹੈ ਪਰ ਇਕ ਹੋਰ ਮਸਜਿਦ ਹੱਥੋਂ ਨਹੀਂ ਜਾਣ ਦੇਵਾਂਗੇ। ਉਹ ਚਲਾਕੀ ਅਤੇ ਨਿਆਂ ਦੀ ਹੱਤਿਆ ਕਰਕੇ ਸਾਡੀ ਬਾਬਰੀ ਮਸਜਿਦ ਲੈ ਗਏ ਪਰ ਯਾਦ ਰੱਖਿਓ ਕਿ ਤੁਸੀਂ ਸਾਡੀ ਹੋਰ ਮਸਜਿਦ ਨਹੀਂ ਲੈ ਸਕਦੇ ਹੋ।’’ ਓਵਾਇਸੀ ਨੇ ਕਿਹਾ ਕਿ 1991 ਦਾ ਪੂਜਾ ਅਸਥਾਨ ਐਕਟ ਆਖਦਾ ਹੈ ਕਿ ਧਾਰਮਿਕ ਸਥਾਨ ਦੇ ਮੌਜੂਦਾ ਅਮਲ ’ਚ ਬਦਲਾਅ ਨਹੀਂ ਕੀਤਾ ਜਾ ਸਕਦਾ ਹੈ ਅਤੇ ਜੋ ਇਸ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਹੈ। -ਪੀਟੀਆਈ 

ਮਸਜਿਦ ਕਮੇਟੀ ਦੀ ਅਰਜ਼ੀ ’ਤੇ ਸੁਪਰੀਮ ਕੋਰਟ ’ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਵਾਰਾਨਸੀ ’ਚ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇਖਣ ਖ਼ਿਲਾਫ਼ ਮਸਜਿਦ ਕਮੇਟੀ ਵੱਲੋਂ ਪਾਈ ਗਈ ਅਰਜ਼ੀ ’ਤੇ ਅਗਲੇ ਹਫ਼ਤੇ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਹੁਕਮਾਂ ਮੁਤਾਬਕ ਅੰਜੁਮਨ ਇੰਤਜ਼ਾਮੀਆ ਮਸਜਿਦ ਪ੍ਰਬੰਧਨ ਕਮੇਟੀ ਦੀ ਅਰਜ਼ੀ ’ਤੇ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲਾ ਬੈਂਚ ਸੁਣਵਾਈ ਕਰੇਗਾ। ਵੈੱਬਸਾਈਟ ’ਤੇ ਪ੍ਰਸਤਾਵਿਤ ਸੁਣਵਾਈ ਦੀ ਤਰੀਕ ਅਪਲੋਡ ਨਹੀਂ ਕੀਤੀ ਗਈ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਸ਼ੁੱਕਰਵਾਰ ਨੂੰ ਸਰਵੇਖਣ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਨ੍ਹਾਂ ਅਰਜ਼ੀ ’ਤੇ ਸੁਣਵਾਈ ਲਈ ਸਹਿਮਤੀ ਪ੍ਰਗਟਾਈ ਸੀ। -ਪੀਟੀਆਈ 

ਪੂਜਾ ਅਸਥਾਨਾਂ ਦੀ ਸਥਿਤੀ ਨੂੰ ਨਹੀਂ ਬਦਲਿਆ ਜਾਣਾ ਚਾਹੀਦਾ: ਕਾਂਗਰਸ

ਉਦੈਪੁਰ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਹੈ ਕਿ ਕਿਸੇ ਵੀ ਪੂਜਾ ਅਸਥਾਨ ਦੀ ਸਥਿਤੀ ਨੂੰ ਨਹੀਂ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਵੱਡਾ ਟਕਰਾਅ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਟਕਰਾਅ ਨੂੰ ਟਾਲਣ ਲਈ ਹੀ ਨਰਸਿਮਹਾ ਰਾਓ ਸਰਕਾਰ ਨੇ ਪੂਜਾ ਅਸਥਾਨਾਂ ਬਾਰੇ ਐਕਟ ਪਾਸ ਕੀਤਾ ਸੀ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇਖਣ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਦੱਖਣ-ਪੱਛਮੀ ਮੌਨਸੂਨ ਦੇ ਇਸ ਵਾਰ ਚਾਰ ਦਿਨ ਪਹਿਲਾਂ ਕੇਰਲ ਪੁੱਜਣ ਦੀ ਸੰਭਾਵਨਾ: ਮੌਸਮ ਵਿਭਾਗ

ਆਮ ਤੌਰ ’ਤੇ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਮੌਨਸੂਨ

ਸ਼ਹਿਰ

View All