ਸੀਕਰ, 4 ਦਸੰਬਰ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ‘ਚ ਘਰ ਦੇ ਗੇਟ ‘ਤੇ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਦੇ ਮਾਮਲੇ ‘ਚ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਲੀਬਾਰੀ ਦੌਰਾਨ ਤਾਰਾਚੰਦ ਜਾਟ ਨਾਮ ਦਾ ਵਿਅਕਤੀ ਵੀ ਮਾਰਿਆ ਗਿਆ ਸੀ ਜੋ ਕੋਚਿੰਗ ਇੰਸਟੀਚਿਊਟ ‘ਚ ਪੜ੍ਹਦੀ ਆਪਣੀ ਧੀ ਨੂੰ ਮਿਲਣ ਲਈ ਉਸ ਇਲਾਕੇ ‘ਚ ਗਿਆ ਸੀ। ਹਮਲਾਵਰਾਂ ਨੂੰ ਸ਼ੱਕ ਸੀ ਕਿ ਉਹ ਠੇਠ ਦਾ ਸਾਥੀ ਹੈ। ਪੁਲੀਸ ਨੇ ਦੱਸਿਆ ਕਿ ਹਮਲਾਵਰ ਤਾਰਾਚੰਦ ਦੀ ਕਾਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਡੀਜੀਪੀ ਉਮੇਸ਼ ਮਿਸ਼ਰਾ ਨੇ ਜੈਪੁਰ ‘ਚ ਦੱਸਿਆ ਕਿ ਪੁਲੀਸ ਨੇ ਸੀਕਰ ਦੇ ਵਸਨੀਕਾਂ ਮਨੀਸ਼ ਜਾਟ ਤੇ ਵਿਕਰਮ ਗੁੱਜਰ ਅਤੇ ਹਰਿਆਣਾ ਦੇ ਸਤੀਸ਼ ਕੁਮਹਾਰ, ਜਤਿਨ ਮੇਘਵਾਲ ਅਤੇ ਨਵੀਨ ਮੇਘਵਾਲ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਵਾਲੇ ਪੁਲੀਸ ਕਰਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਕਿਹਾ ਕਿ ਸੀਕਰ ‘ਚ ਸ਼ਨਿਚਰਵਾਰ ਨੂੰ ਹੋਈ ਹੱਤਿਆ ਦੇ ਪੰਜ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਵਾਹਨਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਤੇਜ਼ੀ ਨਾਲ ਮੁਕੱਦਮਾ ਚਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਇਸ ਹੱਤਿਆ ਦੇ ਕੁਝ ਘੰਟਿਆਂ ਬਾਅਦ ਕੁਝ ਲੋਕਾਂ ਨੇ ਤੇਜ਼ ਰਫ਼ਤਾਰ ਕਾਰ ਝੁਨਝਨੂੰ ਜ਼ਿਲ੍ਹੇ ‘ਚ ਦੇਖੀ ਸੀ ਜਿਨ੍ਹਾਂ ਦਾਅਵਾ ਕੀਤਾ ਸੀ ਕਿ ਕਾਰ ਸਵਾਰਾਂ ਨੇ ਸੜਕ ਦੀ ਮੁਰੰਮਤ ਕਰ ਰਹੇ ਕੁਝ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ ਸਨ। -ਪੀਟੀਆਈ