ਨਵੀਂ ਦਿੱਲੀ, 17 ਜੂਨ
ਕਰੋਨਾਵਾਇਰਸ ਦੀ ਦੂਜੀ ਲਹਿਰ ਮੱਠੀ ਪੈਣ ਦੇ ਦਾਅਵਿਆਂ ਦਰਮਿਆਨ ਪਿਛਲੇ 24 ਘੰਟਿਆਂ ਵਿੱਚ 67,208 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵੱਧ ਕੇ 2,97,00,313 ਹੋ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 8,26,740 ਰਹਿ ਗਈ ਹੈ, ਜੋ 71 ਦਿਨਾਂ ਮਗਰੋਂ ਸਭ ਤੋਂ ਹੇਠਲਾ ਅੰਕੜਾ ਹੈ ਤੇ ਕੁੱਲ ਕੇਸਲੋਡ ਦਾ 2.78 ਫੀਸਦ ਬਣਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸੇ ਅਰਸੇ ਦੌਰਾਨ 2330 ਹੋਰ ਮੌਤਾਂ ਨਾਲ ਕਰੋਨਾ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,81,903 ਹੋ ਗਈ ਹੈ। ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਫੀਸਦ ਵੱਡੇ ਸੁਧਾਰ ਨਾਲ 95.93 ਫੀਸਦ ਰਹੀ ਹੈ। ਬੀਤੇ ਇਕ ਦਿਨ ਵਿੱਚ ਸਰਗਰਮ ਕੇਸਾਂ ਦੀ ਗਿਣਤੀ 38,692 ਕੇਸਾਂ ਦੇ ਕਰੀਬ ਘਟੀ ਹੈ। ਨਿਯਮਤ ਦਰਜ ਕੀਤੀ ਜਾਣ ਵਾਲਾ ਪਾਜ਼ੇਟਿਵਿਟੀ ਦਰ 3.48 ਫੀਸਦ ਰਿਕਾਰਡ ਕੀਤੀ ਗਈ ਹੈ ਤੇ ਲਗਾਤਾਰ 10ਵੇਂ ਦਿਨ ਇਹ ਦਰ 5 ਫੀਸਦ ਤੋਂ ਘੱਟ ਹੈ। ਪਿਛਲੇ 24 ਘੰਟਿਆਂ ’ਚ ਰਿਪੋਰਟ ਹੋਈਆਂ 2330 ਹੋਰ ਮੌਤਾਂ ’ਚੋਂ ਮਹਾਰਾਸ਼ਟਰ ’ਚ 1236, ਤਾਮਿਲ ਨਾਡੂ ’ਚ 270, ਕਰਨਾਟਕ 148 ਤੇ ਕੇਰਲਾ ਵਿੱਚ 147 ਵਿਅਕਤੀ ਕਰੋਨਾ ਕਰਕੇ ਦਮ ਤੋੜ ਗਏ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ 2.18 ਕਰੋੜ ਤੋਂ ਵੱਧ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਮੌਜੂਦ ਹਨ ਜਦੋਂਕਿ ਅਗਲੇ ਤਿੰਨ ਦਿਨਾਂ ਵਿੱਚ 56,70,350 ਤੋਂ ਵੱਧ ਖੁਰਾਕਾਂ ਅਜੇ ਹੋਰ ਦਿੱਤੀਆਂ ਜਾਣਗੀਆਂ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਰਾਜਾਂ ਤੇ ਯੂਟੀਜ਼ ਨੂੰ ਹੁਣ ਤੱਕ 27.28 ਕਰੋੜ ਵੈਕਸੀਨ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ। -ਪੀਟੀਆਈ