ਮਾਥਾਭੰਗਾ(ਪੱਛਮੀ ਬੰਗਾਲ), 14 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਚੌਥੇ ਗੇੇੜ ਦੀਆਂ ਚੋਣਾਂ ਦੌਰਾਨ ਕੂਚ ਬਿਹਾਰ ਦੇ ਇਕ ਪੋਲਿੰਗ ਬੂਥ ’ਤੇ ਸੀਆਈਐੱਸਐੱਫ ਵੱਲੋਂ ਕੀਤੀ ਫਾਇਰਿੰਗ, ਜਿਸ ਵਿੱਚ ਪੰਜ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਮਾਮਲੇ ਦੀ ਜਾਂਚ ਕਰਵਾਉਣ ਤੇ ਕਸੂਰਵਾਰਾਂ ਨੂੰ ਸਜ਼ਾਵਾਂ ਦਿਵਾਉਣ ਦਾ ਭਰੋਸਾ ਦਿੱਤਾ ਹੈ। ਟੀਐੱਮਸੀ ਸੁਪਰੀਮੋ ਨੇ ਫਾਇਰਿੰਗ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਉਪਰੋਕਤ ਭਰੋਸਾ ਦਿੱਤਾ। ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸਿਆਸੀ ਆਗੂਆਂ ਦੇ ਕੂਚ ਬਿਹਾਰ ਵਿੱਚ ਦਾਖ਼ਲੇ ’ਤੇ ਲਾਈ 72 ਘੰਟਿਆਂ ਦੀ ਪਾਬੰਦੀ ਕਰ ਕੇ ਉਹ ਪਹਿਲਾਂ ਪੀੜਤ ਪਰਿਵਾਰਾਂ ਨੂੰ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਮਾਰੇ ਗਏ ਪੰਜਾਂ ਵਿਅਕਤੀਆਂ ਦੀ ਯਾਦ ਵਿੱਚ ਸ਼ਹੀਦੀ ਯਾਦਗਾਰ ਬਣਾਈ ਜਾਵੇਗੀ।
ਮਮਤਾ ਨੇ ਕਿਹਾ, ‘ਸਾਡੀ ਜਾਂਚ ਬੇਰਹਿਮੀ ਨਾਲ ਕੀਤੀਆਂ ਇਨ੍ਹਾਂ ਹੱਤਿਆਵਾਂ ਲਈ ਜ਼ਿੰਮੇਵਾਰਾਂ ਦੀ ਪੈੜ ਨੱਪੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿਵਾਈਆਂ ਜਾਣ।’ ਦੱਸਣਾ ਬਣਦਾ ਹੈ ਕਿ ਬੈਨਰਜੀ ਨੇ ਪਿਛਲੇ ਹਫ਼ਤੇ ਵਾਪਰੀ ਇਸ ਘਟਨਾ ਤੋਂ ਫੌਰੀ ਮਗਰੋਂ ਕਿਹਾ ਸੀ ਕਿ ਸੂਬਾ ਸਰਕਾਰ ਇਸ ਪੂਰੇ ਮਾਮਲੇ ਦੀ ਸੀਆਈਡੀ ਜਾਂਚ ਕਰਵਾਏਗੀ। ਮੁੱਖ ਮੰਤਰੀ ਨੇ ਕੂਚ ਬਿਹਾਰ ਜ਼ਿਲ੍ਹੇ ਵਿੱਚ ਹੀ ਇਕ ਵੱਖਰੇ ਬੂਥ ’ਤੇ ਗੋਲੀ ਮਾਰ ਕੇ ਹਲਾਕ ਕੀਤੇ ਆਨੰਦ ਬਰਮਨ (18) ਦੇ ਪਰਿਵਾਰ ਨੂੰ ਵੀ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ। ਬਰਮਨ ਪਹਿਲੀ ਵਾਰ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਗਿਆ ਸੀ। ਟੀਐੱਮਸੀ ਸੁਪਰੀਮੋ ਪੀੜੜ ਪਰਿਵਾਰਾਂ, ਜਿਨ੍ਹਾਂ ਵਿੱਚ ਇਕ ਵਿਧਵਾ ਤੇ ਫਾਇਰਿੰਗ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਮਾਪੇ ਅਤੇ ਬਰਮਨ ਦੇ ਰਿਸ਼ਤੇਦਾਰ ਸ਼ਾਮਲ ਸਨ, ਨਾਲ ਮੁਲਾਕਾਤ ਕੀਤੀ। ਬੈਨਰਜੀ ਨੇ ਕੂਚ ਬਿਹਾਰ ਦੀ ਇਸ ਘਟਨਾ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਸੀ ਜਦੋਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟੀਐੱਮਸੀ ਸੁਪਰੀਮੋ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮ੍ਰਿਤਕ ਦੇਹਾਂ ਦੇ ਨਾਂ ’ਤੇ ‘ਪਤਿਆਉਣ ਦੀ ਸਿਆਸਤ’ ਨਾ ਖੇਡੇ। -ਪੀਟੀਆਈ
ਟੀਐਮਸੀ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ
ਨਵੀਂ ਦਿੱਲੀ: ਟੀਐਮਸੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਅੱਜ ਦਿੱਲੀ ਵਿਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੱਛਮੀ ਬੰਗਾਲ ਚੋਣਾਂ ਵਿਚ ਕਮਿਸ਼ਨ ਦੀਆਂ ਸਾਹਮਣੇ ਆਈਆਂ ਕਥਿਤ ਖਾਮੀਆਂ ਬਾਰੇ ਇਕ ਮੈਮੋਰੰਡਮ ਅਧਿਕਾਰੀਆਂ ਨੂੰ ਸੌਂਪਿਆ। ਪਾਰਟੀ ਨੇ ਕਿਹਾ ਕਿ ਟੀਐਮਸੀ ਤੇ ਭਾਜਪਾ ਨੂੰ ਲੈ ਕੇ ਕਮਿਸ਼ਨ ਦੀ ਪੱਛਮੀ ਬੰਗਾਲ ਵਿਚ ਜੋ ਪਹੁੰਚ ਹੈ, ਉਸ ਨੂੰ ਉਹ ਸਾਹਮਣੇ ਲਿਆਉਣਾ ਚਾਹੁੰਦੇ ਹਨ। ਟੀਐਮਸੀ ਨੇ ਕਿਹਾ ਕਿ ਕਈ ਵਾਰ ਬਿਲਕੁਲ ਕਾਰਵਾਈ ਨਹੀਂ ਹੋਈ, ਕਈ ਥਾਈਂ ਵੱਧ ਤੇ ਕਈ ਥਾਈਂ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰੈਲੀਆਂ ਵਿਚ ਵਰਤੀ ਭਾਸ਼ਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜ਼ਾਬਤੇ ਦੀ ਉਲੰਘਣਾ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਉਹ ਵੀਡੀਓ ਦੇਖ ਕੇ ਫ਼ੈਸਲਾ ਲੈਣਗੇ। -ਪੀਟੀਆਈ
ਬੜਾਨਗਰ ਵਿੱਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨ ਭਿੜੇ
ਕੋਲਕਾਤਾ: ਪੱਛਮੀ ਬੰਗਾਲ ਵਿੱਚ ਬੜਾਨਗਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਾਰਨੋ ਮਿੱਤਰਾ ਦੀ ਮੋਟਰਸਾਈਕਲ ਰੈਲੀ ਦੌਰਾਨ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਦੀ ਝੜਪ ਹੋ ਗਈ। ਇਸ ਸੀਟ ਲਈ ਅੱਜ ਚੋਣ ਪ੍ਰਚਾਰ ਖਤਮ ਹੋ ਗਿਆ। ਪੁਲੀਸ ਨੇ ਦੱਸਿਆ ਕਿ ਸਤੀਨ ਸੇਨ ਨਗਰ ਤੋਂ ਰੈਲੀ ਲੰਘਣ ਦੌਰਾਨ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਕਾਰਕੁਨਾਂ ਵਿੱਚ ਝੜਪ ਹੋ ਗਈ, ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਕਾਰਕੁਨ ਜ਼ਖ਼ਮੀ ਹੋ ਗਏ। ਸ੍ਰੀ ਮਿੱਤਰਾ ਨੇ ਦੋਸ਼ ਲਾਇਆ ਕਿ ਟੀਐੱਮਸੀ ਦੇ ਕਾਰਕੁਨ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਨੂੰ ਪਿਛਲੇ ਇਕ ਹਫ਼ਤੇ ਤੋਂ ਧਮਕਾ ਰਹੇ ਸਨ ਤੇ ਅਚਾਨਕ ਰੈਲੀ ਵਿੱਚ ਭਾਜਪਾ ਕਾਰਕੁਨਾਂ ’ਤੇ ਹਮਲਾ ਕਰ ਦਿੱਤਾ। -ਪੀਟੀਆਈ
‘ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ’ਚ ਭਾਜਪਾ ਦਾ ਅਹਿਮ ਯੋਗਦਾਨ’
ਜਲਪਾਇਗੁੜੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਵਿੱਚ ਕਥਿਤ ਭਾਜਪਾ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਨੇ ‘ਵੱਡੀ ਗਿਣਤੀ ਬਾਹਰੀ ਵਿਅਕਤੀਆਂ’ ਨੂੰ ਸੂਬੇ ਵਿੱਚ ਲਿਆਂਦਾ ਹੈ, ਜਿਸ ਕਰ ਕੇ ਕਰੋਨਾ ਕੇਸਾਂ ਦੀ ਗਿਣਤੀ ਵਧੀ। ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਭਾਜਪਾ ਨੂੰ ਵਿਧਾਨ ਸਭਾ ਚੋਣਾਂ ’ਚ 70 ਸੀਟਾਂ ’ਤੇ ਵੀ ਜਿੱਤ ਨਸੀਬ ਨਹੀਂ ਹੋਵੇਗੀ। ਟੀਐੱਮਸੀ ਸੁਪਰੀਮੋ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਡੀ ਗਿਣਤੀ ਲੋਕਾਂ ਦੇ ਟੀਕਾਕਰਨ ਸਬੰਧੀ ਸੂਬਾ ਸਰਕਾਰ ਦੀ ਮੰਗ ਵੱਲ ਕੋਈ ਧਿਆਨ ਨਹੀਂ ਧਰ ਰਹੀ। ਮੁੱਖ ਮੰਤਰੀ ਨੇ ਕਿਹਾ, ‘ਉਨ੍ਹਾਂ (ਭਾਜਪਾ ਆਗੂਆਂ) ਚੋਣ ਪ੍ਰਚਾਰ ਦੌਰਾਨ ਬਾਹਰੋਂ ਬੰਦੇ ਲਿਆ ਕੇ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਵਿੱਚ ਯੋਗਦਾਨ ਪਾਇਆ ਹੈ। ਅਸੀਂ ਕੋਵਿਡ ਹਾਲਾਤ ਨੂੰ ਕਾਬੂ ਰੱਖਿਆ ਸੀ, ਪਰ ਉਨ੍ਹਾਂ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ।’