ਨਵੀਂ ਦਿੱਲੀ, 7 ਨਵੰਬਰ
ਦਿੱਲੀ ਸਰਕਾਰ ਨੇ 9 ਨਵੰਬਰ ਤੋਂ ਦਿੱਲੀ ਦੇ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸ਼ਹਿਰ ਦੀ ਹਵਾ ਗੁਣਵੱਤਾ ‘ਚ ਸੁਧਾਰ ਨੂੰ ਧਿਆਨ ‘ਚ ਰੱਖਦੇ ਹੋਏ ਆਪਣੇ 50 ਫੀਸਦ ਸਟਾਫ਼ ਨੂੰ ਘਰੋਂ ਕੰਮ ਕਰਨ ਦੇ ਦਿੱਤੇ ਹੁਕਮ ਵੀ ਵਾਪਸ ਲੈ ਲਏ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਹਾਲਾਤ ‘ਚ ਵੱਡਾ ਸੁਧਾਰ ਆਇਆ ਹੈ ਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵੀ ਘਟੀਆਂ ਹਨ। ਉਨ੍ਹਾਂ ਕਿਹਾ, ”ਲਿਹਾਜ਼ਾ ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮਿਸ਼ਨ ਦੀਆਂ ਹਦਾਇਤਾਂ ‘ਤੇ ਗਰੇਡਿਡ ਰਿਸਪੌਂਸ ਕਾਰਜ ਯੋਜਨਾ ਦੀ ਸਟੇਜ 4 ਦਾ ਪਾਲਣ ਕਰਦਿਆਂ ਲਾਈਆਂ ਰੋਕਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।” ਮੰਤਰੀ ਨੇ ਕਿਹਾ, ”ਪ੍ਰਾਇਮਰੀ ਸਕੂਲ 9 ਨਵੰਬਰ ਤੋਂ ਮੁੜ ਖੁੱਲ੍ਹਣਗੇ ਤੇ 50 ਫੀਸਦ ਸਰਕਾਰੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੇ ਦਿੱਤੇ ਹੁਕਮ ਵਾਪਸ ਲਏ ਜਾਂਦੇ ਹਨ।” ਰਾਏ ਨੇ ਕਿਹਾ ਕਿ ਦਿੱਲੀ ‘ਚ ਬੀਐੱਸ-3 ਪੈਟਰੋਲ ਤੇ ਬੀਐੇੱਸ-4 ਡੀਜ਼ਲ ਚਾਰ ਪਹੀਆ ਵਾਹਨਾਂ ਦੀ ਆਵਾਜਾਈ ‘ਤੇ ਲੱਗੀ ਰੋਕ ਜਾਰੀ ਰਹੇਗੀ। ਪਿਛਲੇ ਦੋ ਦਿਨਾਂ ਵਿੱਚ ਦਿੱਲੀ-ਐੱਨਸੀਆਰ ‘ਚ ਹਵਾ ਪ੍ਰਦੂਸ਼ਣ ‘ਚ ਸੁਧਾਰ ਕਰਕੇ ਐਤਵਾਰ ਨੂੰ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਅਥਾਰਿਟੀਜ਼ ਨੂੰ ਕੀਤੀਆਂ ਹਦਾਇਤਾਂ ਵਿੱਚ ਗੈਰ-ਬੀਐੱਸ 6 ਡੀਜ਼ਲ ਹਲਕੇ ਮੋਟਰ ਵਾਹਨਾਂ ਦੀ ਆਵਾਜਾਈ ਤੇ ਟਰੱਕਾਂ ਦੇ ਦਾਖ਼ਲੇ ‘ਤੇ ਲਾਈ ਰੋਕ ਹਟਾਉਣ ਲਈ ਕਿਹਾ ਸੀ। -ਪੀਟੀਆਈ