ਮੁੱਖ ਮੰਤਰੀ ਯੋਗੀ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਯੋਗੀ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਅਯੁੱਧਿਆ, 3 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਰਾਮ ਮੰਦਿਰ ਲਈ ਭੂਮੀ ਪੂਜਨ ਸਮਾਗਮ ਸਮੇਂ ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਮੁੱਖ ਮੰਤਰੀ ਇੱਥੇ 5 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਸਮਾਗਮ ’ਤੇ ਨਾਂਹਪੱਖੀ ਟਿੱਪਣੀਆਂ ਕਰਨ ਵਾਲਿਆਂ ਨੇ ਰਾਮ ਮੰਦਿਰ ਦੇ ਨਿਰਮਾਣ ’ਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤੇ ਮੁਲਕ ਦੇ ਲੋਕ ਉਨ੍ਹਾਂ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ,‘ਇਹ ਇਤਿਹਾਸਕ ਹੀ ਨਹੀਂ ਭਾਵੁਕ ਪਲ ਵੀ ਹੋਵੇਗਾ ਕਿਉਂਕਿ 500 ਸਾਲਾਂ ਬਾਅਦ ਰਾਮ ਮੰਦਿਰ ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋਵੇਗਾ ਜੋ ਨਵੇਂ ਭਾਰਤ ਦਾ ਆਧਾਰ ਬਣੇਗਾ।’ ਉਨ੍ਹਾਂ ਕਿਹਾ ਕਿ ਕਿਉਂਕਿ ਪ੍ਰਧਾਨ ਮੰਤਰੀ ਇੱਥੇ 135 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਨਗੇ, ਇਸ ਲਈ ਉਨ੍ਹਾਂ ਦੀ ਅਪੀਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੱਦਾ ਪੱਤਰ ਮਿਲਿਆ ਹੈ, ਸਿਰਫ ਉਹੀ ਅਯੁੱਧਿਆ ਆਉਣ।’

ਭਗਵਾਨ ਰਾਮ ਦਾ ਨਾਂ ਲੈਣ ਨਾਲ ਸਮਾਂ ਸ਼ੁਭ ਹੋ ਜਾਂਦੈ: ਸ਼ਿਵਰਾਜ ਚੌਹਾਨ

ਕਾਂਗਰਸੀ ਆਗੂ ਦਿਗਵਿਜੈ ਸਿੰਘ ਵੱਲੋਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਦੀ ਰਸਮ ਦਾ ਸਮਾਂ ਅਸ਼ੁੱਭ ਦੱਸਣ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਲਟ ਵਾਰ ਕਰਦਿਆਂ ਕਿਹਾ ਕਿ ਭਗਵਾਨ ਰਾਮ ਦਾ ਨਾਂ ਲੈਣ ਨਾਲ ਹੀ ਅਸ਼ੁੱਭ ਸਮਾਂ ਸ਼ੁਭ ’ਚ ਬਦਲ ਜਾਂਦਾ ਹੈ। ਇੱਥੇ ਇੱਕ ਹਸਪਤਾਲ ’ਚ ਕੋਵਿਡ- 19 ਦਾ ਇਲਾਜ ਕਰਵਾ ਰਹੇ ਸ੍ਰੀ ਚੌਹਾਨ ਨੇ ਕਿਹਾ,‘ਭਗਵਾਨ ਰਾਮ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਕਾਂਗਰਸੀ ਆਗੂ ਅੱਜ ਭਗਵਾਨ ਰਾਮ ਦੇ ਨਾਂ ’ਤੇ ਬਣ ਰਹੇ ਮੰਦਿਰ ਦੀ ਉਸਾਰੀ ਲਈ ਸ਼ੁੱਭ-ਅਸ਼ੁੱਭ ਮਹੂਰਤ ਬਾਰੇ ਗੱਲਾਂ ਕਰ ਰਹੇ ਹਨ। ਉਨ੍ਹਾਂ ਟਵੀਟ ਕਰਦਿਆਂ ਕਿਹਾ,‘ਓ, ਕਾਂਗਰਸੀਓ, ਸਿਰਫ਼ ਭਗਵਾਨ ਰਾਮ ਦਾ ਨਾਂ ਲੈਣ ਨਾਲ ਹੀ ਅਸ਼ੁਭ ਸਮਾਂ ਸ਼ੁਭ ’ਚ ਬਦਲ ਜਾਂਦਾ ਹੈ।’

ਰਾਮ ਮੰਦਿਰ ਦੇ ਮੁੱਖ ਪੁਜਾਰੀ ਨੂੰ ਏਕਾਂਤਵਾਸ ’ਚ ਭੇਜਿਆ

ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਦੇ ਸਹਾਇਕ ਪ੍ਰਦੀਪ ਦਾਸ ਦੇ ਤਿੰਨ ਦਿਨ ਪਹਿਲਾਂ ਕਰੋਨਾ ਪਾਜ਼ੇਟਿਵ ਮਿਲਣ ਮਗਰੋਂ ਹੁਣ ਮੁੱਖ ਪੁਜਾਰੀ ਨੂੰ ਘਰ ’ਚ ਏਕਾਂਤਵਾਸ ਕਰ ਦਿੱਤਾ ਗਿਆ ਹੈ। ਆਚਾਰੀਆ ਸਤੇਂਦਰ ਦਾਸ ਨੇ ਕਿਹਾ,‘ਮੇਰੇ ਇੱਕ ਸਹਾਇਕ ਦੇ ਕਰੋਨਾਵਾਇਰਸ ਪਾਜ਼ੇਟਿਵ ਮਿਲਣ ’ਤੇ ਟਰੱਸਟ ਨੇ ਮੈਨੂੰ ਤਿੰਨ ਦਿਨਾਂ ਤੱਕ ਮੰਦਿਰ ਨਾ ਆਉਣ ਲਈ ਕਿਹਾ ਹੈ। ਭੂਮੀ ਪੂਜਨ ਲਈ ਦੂਜੇ ਪੁਜਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ। ਟਰੱਸਟ ਮੈਂਬਰਾਂ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All