ਤੀਜੇ ਗੇੜ ਦੀਆਂ ਵੋਟਾਂ

ਹਿੰਸਾ ਦਰਮਿਆਨ ਬੰਪਰ ਵੋਟਿੰਗ

ਅਸਾਮ, ਤਾਮਿਲ ਨਾਡੂ, ਕੇਰਲਾ ਅਤੇ ਪੁੱਡੂਚੇਰੀ ’ਚ ਚੋਣ ਅਮਲ ਮੁਕੰਮਲ

ਹਿੰਸਾ ਦਰਮਿਆਨ ਬੰਪਰ ਵੋਟਿੰਗ

ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਰੂਈਪੁਰ ’ਚ ਵੋਟਿੰਗ ਲਈ ਲੱਗੀਆਂ ਹੋਈਆਂ ਲੰਬੀਆਂ ਕਤਾਰਾਂ। -ਫੋਟੋ: ਪੀਟੀਆਈ

ਨਵੀਂ ਦਿੱਲੀ, 6 ਅਪਰੈਲ

ਚਾਰ ਸੂਬਿਆਂ ਪੱਛਮੀ ਬੰਗਾਲ, ਅਸਾਮ, ਤਾਮਿਲ ਨਾਡੂ ਤੇ ਕੇਰਲਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਅੱਜ ਵਿਧਾਨ ਸਭਾ ਚੋਣਾਂ ਦਾ ਅਮਲ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਨੇਪਰੇ ਚੜ੍ਹ ਗਿਆ। ਪੱਛਮੀ ਬੰਗਾਲ ’ਚ ਚੋਣਾਂ ਦੇ ਤੀਜੇ ਗੇੜ ਦੌਰਾਨ 31 ਹੋਰ ਸੀਟਾਂ ਤੇ ਅਸਾਮ ’ਚ ਤੀਜੇ ਅਤੇ ਆਖਰੀ ਗੇੜ ’ਚ 40 ਹਲਕਿਆਂ ’ਚ ਵੋਟਾਂ ਪਈਆਂ। ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਕੇਰਲਾ, ਤਾਮਿਲ ਨਾਡੂ ਅਤੇ ਪੁੱਡੂਚੇਰੀ ’ਚ ਅੱਜ ਇਕੋ ਗੇੜ ’ਚ ਵੋਟਿੰਗ ਮੁਕੰਮਲ ਹੋ ਗਈ। ਚੋਣ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ ’ਚ 84.2 ਫ਼ੀਸਦ, ਅਸਾਮ ’ਚ 82.28, ਕੇਰਲਾ ’ਚ 74.02, ਤਾਮਿਲ ਨਾਡੂ ’ਚ 71.79 ਅਤੇ ਪੁੱਡੂਚੇਰੀ ’ਚ 81.84 ਫ਼ੀਸਦ ਵੋਟਿੰਗ ਹੋਈ ਹੈ। ਪੱਛਮੀ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੇਂਦਰੀ ਬਲਾਂ ਦੀ ਦੁਰਵਰਤੋਂ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਅੱਜ ਤਿੰਨ ਜ਼ਿਲ੍ਹਿਆਂ ਦੱਖਣੀ 24 ਪਰਗਨਾ, ਹੁਗਲੀ ਅਤੇ ਹਾਵੜਾ ’ਚ ਵੱਡੀ ਗਿਣਤੀ ’ਚ ਲੋਕ ਆਪਣੇ ਹੱਕ ਦੀ ਵਰਤੋਂ ਕਰਨ ਲਈ ਬਾਹਰ ਨਿਕਲੇ। ਪਹਿਲੇ ਦੋ ਗੇੜਾਂ ਵਾਂਗ ਹੀ ਤੀਜੇ ਗੇੜ ’ਚ ਵੀ ਬੰਪਰ ਵੋਟਿੰਗ ਹੋਈ ਹੈ। ਮਮਤਾ ਬੈਨਰਜੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤਾ ਕਿ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ ਅਤੇ ਕੇਂਦਰੀ ਬਲਾਂ ਦੀ ਤ੍ਰਿਣਮੂਲ ਕਾਂਗਰਸ ਦੇ ਵੋਟਰਾਂ ਨੂੰ ਡਰਾਉਣ ਲਈ ਦੁਰਵਰਤੋਂ ਲਗਾਤਾਰ ਜਾਰੀ ਹੈ ਅਤੇ ਲੋਕਾਂ ਨੂੰ ਇਕ ਪਾਰਟੀ ਦੇ ਪੱਖ ’ਚ ਵੋਟਾਂ ਭੁਗਤਾਉਣ ਲਈ ਆਖਿਆ ਜਾ ਰਿਹਾ ਹੈ। ਤ੍ਰਿਣਮੂਲ ਅਤੇ ਭਾਜਪਾ ਵਿਚਕਾਰ ਇਕ-ਦੂਜੇ ’ਤੇ ਹਮਲੇ ਦੇ ਦੋਸ਼ ਲਾਏ ਗਏ। ਪੁਲੀਸ ਨੇ ਅਰਾਮਬਾਗ ’ਚ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਸੁਜਾਤਾ ਮੰਡਲ ’ਤੇ ਹਮਲੇ ਦੇ ਦੋਸ਼ ਹੇਠ ਤ੍ਰਿਣਮੂਲ ਕਾਂਗਰਸ ਦੇ ਤਿੰਨ ਅਤੇ ਭਾਜਪਾ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਰਲਾ ’ਚ ਦਾਅ ’ਤੇ ਲੱਗੀਆਂ 140 ਸੀਟਾਂ ਲਈ ਲੋਕ ਵੱਡੀ ਗਿਣਤੀ ’ਚ ਵੋਟਿੰਗ ਲਈ ਬਾਹਰ ਨਿਕਲੇ। ਇਸ ਦੌਰਾਨ ਪਠਾਨਮਥਿੱਟਾ ਅਤੇ ਚਵਿੱਟੂਵਰੀ ’ਚ ਕਤਾਰ ’ਚ ਲੱਗੀਆਂ ਦੋ ਮਹਿਲਾਵਾਂ ਦੀ ਮੌਤ ਹੋ ਗਈ। ਤਿਰੂਵਨੰਤਪੁਰਮ ਜ਼ਿਲ੍ਹੇ ਦੇ ਮਾਰਕਸਵਾਦੀਆਂ ਦੇ ਗੜ੍ਹ ਕਜ਼ਾਕੂਟਮ ਹਲਕੇ ’ਚ ਸੀਪੀਐੱਮ ਅਤੇ ਭਾਜਪਾ ਵਰਕਰਾਂ ਵਿਚਕਾਰ ਝੜਪਾਂ ਹੋਈਆਂ ਜਿਸ ’ਚ ਭਾਜਪਾ ਦੇ ਚਾਰ ਵਰਕਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਕਾਰ ਨੁਕਸਾਨੀ ਗਈ।

ਐੱਲਡੀਐੱਫ ਦੇ ਉਮੀਦਵਾਰ ਅਤੇ ਦੇਵਾਸਮ ਮੰਤਰੀ ਕੇ ਸੁਰੇਂਦਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਦਰਸ਼ਨ ਦਾ ਉਦੇਸ਼ ਵੋਟਿੰਗ ਅਮਲ ’ਚ ਅੜਿੱਕੇ ਖੜ੍ਹੇ ਕਰਨਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ‘ਭਾਜਪਾ ਏਜੰਟ’ ਵਜੋਂ ਕੰਮ ਕੀਤਾ ਹੈ। ਪੁਲੀਸ ਨੇ ਮੰਤਰੀ ਦੇ ਨਿੱਜੀ ਸਟਾਫ ਸਮੇਤ ਤਿੰਨ ਮਾਰਕਸਵਾਦੀ ਵਰਕਰਾਂ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੇ ਦੋ ਕਾਰਾਂ ’ਚ ਆ ਕੇ ਵਾਡਰ ਕਾਊਂਸਲਰ ਸਮੇਤ ਸੀਪੀਐੱਮ ਵਰਕਰਾਂ ’ਤੇ ਹਮਲਾ ਕੀਤਾ ਜਿਸ ਦੀ ਉਹ ਚੋਣ ਕਮਿਸ਼ਨ ਅਤੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਕਜ਼ਾਕੂਟਮ ਤੋਂ ਭਾਜਪਾ ਉਮੀਦਵਾਰ ਸ਼ੋਭਾ ਸੁਰੇਂਦਰਨ ਰੋਸ ਵਜੋਂ ਇਕ ਪੋਲਿੰਗ ਬੂਥ ਦੇ ਬਾਹਰ ਧਰਨੇ ’ਤੇ ਬੈਠ ਗ ਸਨ। ਸੂਬੇ ’ਚ ਸੀਪੀਐੱਮ ਦੀ ਅਗਵਾਈ ਹੇਠਲੇ ਐੱਲਡੀਐੱਫ, ਕਾਂਗਰਸ ਦੀ ਅਗਵਾਈ ਹੇਠਲੇ ਯੂਡੀਐੱਫ ਅਤੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਵਿਚਕਾਰ ਮੁਕਾਬਲਾ ਹੈ। ਤਾਮਿਲ ਨਾਡੂ ’ਚ ਅੰਨਾ ਡੀਐੱਮਕੇ ਦੇ ਕੇ ਕੇ ਪਲਾਨੀਸਵਾਮੀ, ਓ ਪਨੀਰਸੇਲਵਮ, ਡੀਐੱਮਕੇ ਮੁਖੀ ਐੱਮ ਕੇ ਸਟਾਲਿਨ, ਐੱਮਐੱਨਐੱਮ ਆਗੂ ਕਮਲ ਹਾਸਨ, ਕਾਂਗਰਸ ਆਗੂ ਪੀ ਚਿਦੰਬਰਮ, ਅਦਾਕਾਰ ਰਜਨੀਕਾਂਤ, ਵਿਜੈ ਅਤੇ ਹੋਰਾਂ ਨੇ ਵੀ ਵੋਟਾਂ ਪਾਈਆਂ। ਸੂਬੇ ’ਚ ਇਕ-ਦੋ ਥਾਵਾਂ ਤੋਂ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਪਰ ਜ਼ਿਆਦਾਤਰ ਥਾਵਾਂ ’ਤੇ ਪੋਲਿੰਗ ਸ਼ਾਂਤਮਈ ਰਹੀ। ਅੰਨਾ ਡੀਐੱਮਕੇ ਨੇ ਮੁੱਖ ਚੋਣ ਅਧਿਕਾਰੀ ਕੋਲ ਡੀਐੱਮਕੇ ਉਮੀਦਵਾਰ ਉਦੈਨਿਧੀ ਸਟਾਲਿਨ ਵੱਲੋਂ ਵੋਟਿੰਗ ਦੌਰਾਨ ਪਾਰਟੀ ਦਾ ਚੋਣ ਨਿਸ਼ਾਨ ਪਹਿਨਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਦੇ ਲੋਕ ਸਭਾ ਮੈਂਬਰ ਪੀ ਰਵਿੰਦਰਨਾਥ ਨੇ ਦੋਸ਼ ਲਾਇਆ ਕਿ ਡੀਐੱਮਕੇ ਵਰਕਰਾਂ ਨੇ ਉਨ੍ਹਾਂ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ। ਡੀਐੱਮਕੇ ਦੇ ਥੋਂਡਾਮੁਤੂਰ ਹਲਕੇ ਤੋਂ ਉਮੀਦਵਾਰ ਕਾਰਤੀਕੇਯ ਸ਼ਿਵਸੈਨਾਪਤੀ ਨੇ ਦੋਸ਼ ਲਾਇਆ ਕਿ ਅੰਨਾ ਡੀਐੱਮਕੇ ਅਤੇ ਭਾਜਪਾ ਦੇ ਵਰਕਰਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ। ਸਲੇਮ ਜ਼ਿਲ੍ਹੇ ’ਚ ਇਕ ਵੋਟਿੰਗ ਕੇਂਦਰ ’ਤੇ ਪੀਐੱਮਕੇ ਪਾਰਟੀ ਦਾ ਤੌਲੀਆ ਰੱਖਣ ਵਾਲੇ ਇਕ ਵਿਅਕਤੀ ਅਤੇ ਇਕ ਵੋਟਰ ਵਿਚਕਾਰ ਝੜਪ ਹੋ ਗਈ। ਡਿੰਡੀਗੁਲ ਜ਼ਿਲ੍ਹਿਆਂ ’ਚ ਅੰਨਾ ਡੀਐੱਮਕੇ ਅਤੇ ਡੀਐੱਮਕੇ ਵਰਕਰਾਂ ਵਿਚਕਾਰ ਇਕ ਬੂਥ ’ਤੇ ਝੜਪ ਹੋਈ। ਅਸਾਮ ’ਚ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਗੇੜ ’ਚ 40 ਸੀਟਾਂ ’ਤੇ ਵੋਟਾਂ ਪਈਆਂ। ਗੋਲਕਗੰਜ ’ਚ ਪੋਲਿੰਗ ਸਟੇਸ਼ਨ ’ਤੇ ਕਿਸੇ ਮੁੱਦੇ ਨੂੰ ਲੈ ਕੇ ਦੋ ਗੁੱਟਾਂ ’ਚ ਝੜਪ ਹੋਈ ਜਿਸ ਕਾਰਨ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹਵਾ ’ਚ ਗੋਲੀਆਂ ਚਲਾਉਣੀਆਂ ਪਈਆਂ। ਅਧਿਕਾਰੀ ਨੇ ਕਿਹਾ ਕਿ ਕੁਝ ਸਮੇਂ ਲਈ ਬੂਥ ’ਤੇ ਪੋਲਿੰਗ ਰੁਕੀ ਰਹੀ ਪਰ ਬਾਅਦ ’ਚ ਹਾਲਾਤ ਸ਼ਾਂਤ ਹੋਣ ਮਗਰੋਂ ਇਹ ਮੁੜ ਸ਼ੁਰੂ ਕਰਵਾ ਦਿੱਤੀ ਗਈ ਸੀ। ਬਿਲਾਸੀਪਾੜਾ ਦੇ ਗੁਟੀਪਾੜਾ ਦੇ ਬੂਥ ’ਤੇ ਪਥਰਾਅ ਮਗਰੋਂ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਕਾਰਨ ਵੋਟਿੰਗ ਅੱਧੇ ਘੰਟੇ ਲਈ ਰੁਕੀ ਰਹੀ। ਗੁਹਾਟੀ ’ਚ ਪੋਲਿੰਗ ਬੂਥ ’ਤੇ ਭਾਜਪਾ ਦੇ ਪਰਚੇ ਵੰਡਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਕੁਝ ਹੋਰ ਥਾਵਾਂ ਤੋਂ 10 ਵਿਅਕਤੀਆਂ ਨੂੰ ਵੀ ਫੜਿਆ ਗਿਆ ਹੈ। ਕੁਝ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ’ਚ ਨੁਕਸ ਪੈਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ ਪਰ ਉਨ੍ਹਾਂ ਨੂੰ ਬਦਲਣ ਮਗਰੋਂ ਵੋਟਿੰਗ ਸੁਚਾਰੂ ਢੰਗ ਨਾਲ ਹੋਈ। ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੀਆਂ 30 ਸੀਟਾਂ ’ਤੇ ਤੇਜ਼ੀ ਨਾਲ ਵੋਟਿੰਗ ਹੋਈ। ਇਥੇ ਸ਼ਾਂਤਮਈ ਢੰਗ ਨਾਲ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਪੁੱਡੂਚੇਰੀ ’ਚ ਏਆਈਐੱਨਆਰਸੀ-ਐੱਨਡੀਏ ਅਤੇ ਕਾਂਗਰਸ ਦੀ ਅਗਵਾਈ ਹੇਠਲੇ ਧਰਮ ਨਿਰਪੱਖ ਲੋਕਰਾਜੀ ਧੜੇ ਵਿਚਕਾਰ ਹੈ। -ਪੀਟੀਆਈ

ਕਨੀਮੋੜੀ ਨੇ ਪੀਪੀਈ ਕਿੱਟ ਪਾ ਕੇ ਕੀਤੀ ਹੱਕ ਦੀ ਵਰਤੋਂ

ਸੰਸਦ ਮੈਂਬਰ ਕਨੀਮੋੜੀ (ਵਿਚਕਾਰ) ਚੇੱਨਈ ਵਿੱਚ ਬਣੇ ਪੋਲਿੰਗ ਸਟੇਸ਼ਨ ’ਤੇ ਪੀਪੀਈ ਕਿੱਟ ਪਾ ਕੇ ਵੋਟ ਪਾਉਣ ਮਗਰੋਂ ਬਾਹਲ ਨਿਕਲਦੀ ਹੋਈ। -ਫੋਟੋ: ਪੀਟੀਆਈ

ਚੇਨੱਈ: ਕੋਵਿਡ-19 ਦਾ ਇਲਾਜ ਕਰਵਾ ਰਹੀ ਡੀਐੱਮਕੇ ਦੀ ਲੋਕ ਸਭਾ ਮੈਂਬਰ ਕਨੀਮੋੜੀ ਨੇ ਅੱਜ ਇਥੇ ਇਕ ਵੋਟਿੰਗ ਕੇਂਦਰ ’ਤੇ ਪੀਪੀਈ ਕਿੱਟ ਪਹਿਨ ਕੇ ਆਪਣੇ ਹੱਕ ਦੀ ਵਰਤੋਂ ਕੀਤੀ। ਹਸਪਤਾਲ ’ਚ ਦਾਖ਼ਲ ਕਨੀਮੋੜੀ ਐਂਬੂਲੈਂਸ ’ਚ ਇਥੇ ਪਹੁੰਚੀ ਸੀ। ਇਸ ਦੇ ਨਾਲ ਲਾਗ ਦਾ ਇਲਾਜ ਕਰਾਉਣ ਵਾਲੇ ਕਈ ਹੋਰ ਵਿਅਕਤੀਆਂ ਨੇ ਵੀ ਤਾਮਿਲ ਨਾਡੂ ਦੇ ਹੋਰ ਹਿੱਸਿਆਂ ’ਚ ਵੋਟਾਂ ਪਾਈਆਂ। ਬਾਅਦ ’ਚ ਸਾਰੇ ਪੋਲਿੰਗ ਬੂਥਾਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ। ਚੋਣ ਕਮਿਸ਼ਨ ਨੇ ਕਰੋਨਾ ਪੀੜਤਾਂ ਲਈ ਸ਼ਾਮ 6 ਤੋਂ 7 ਵਜੇ ਤੱਕ ਵੋਟਿੰਗ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। -ਪੀਟੀਆਈ

ਟੀਐੱਮਸੀ ਉਮੀਦਵਾਰਾਂ ਵੱਲੋਂ ਭਾਜਪਾ ਕਾਰਕੁਨਾਂ ’ਤੇ ਹਮਲੇ ਦਾ ਦੋਸ਼

ਅਰਾਮਬਾਗ (ਪੱਛਮੀ ਬੰਗਾਲ): ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਸੂਬੇ ਦੇ ਕਈ ਹਿੱਸਿਆਂ ’ਚ ਝੜਪਾਂ ਦੀਆਂ ਰਿਪੋਰਟਾਂ ਮਿਲੀਆਂ ਹਨ। ਇਸ ਦੌਰਾਨ ਟੀਐੱਮਸੀ ਉਮੀਦਵਾਰਾਂ ਸੁਜਾਤਾ ਮੰਡਲ ਅਤੇ ਨਿਰਮਲ ਮਾਝੀ ਨੇ ਦੋਸ਼ ਲਾਇਆ ਕਿ ਭਾਜਪਾ ਕਾਰਕੁਨਾਂ ਵੱਲੋਂ ਉਨ੍ਹਾਂ ਦੀ ਖਿੱਚ-ਧੂਹ ਕੀਤੀ ਗਈ ਤੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਜਦਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਅਰਾਮਬਾਗ ਤੋਂ ਚੋਣ ਲੜ ਰਹੀ ਉਮੀਦਵਾਰ ਮੰਡਲ ਨੇ ਦੋਸ਼ ਲਾਇਆ ਕਿ ਵੋਟਰਾਂ ਨੂੰ ਵੋਟਾਂ ਪਾਉਣ ਦੀ ਆਗਿਆ ਨਾ ਦੇਣ ਸਬੰਧੀ ਜਾਣਕਾਰੀ ਮਿਲਣ ਮਗਰੋਂ ਉਸ ਵੱਲੋਂ ਅਰੰਡੀ ਇਲਾਕੇ ਵਿੱਚ ਚੋਣ ਬੂਥਾਂ ਦੇ ਦੌਰੇ ਦੌਰਾਨ ਭਾਜਪਾ ਕਾਰਕੁਨਾਂ ਨੇ ਉਸਦਾ ਪਿੱਛਾ ਕੀਤਾ ਤੇ ਉਸ ਦੇ ਸਿਰ ’ਚ ਕੁਝ ਮਾਰਿਆ, ਜਿਸ ਦੌਰਾਨ ਉਸਦੇ ਸੁਰੱਖਿਆ ਗਾਰਡਾਂ ਨੇ ਉਸਦਾ ਬਚਾਅ ਕੀਤਾ। ਉਸਦੇ ਵਿਰੋਧੀ ਅਤੇ ਭਾਜਪਾ ਉਮੀਦਵਾਰ ਮਧੂਸੂਧਨ ਬਾਗ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ’ਚੋਂ ਕਿਸੇ ਨੇ ਵੀ ਮੰਡਲ ’ਤੇ ਹਮਲਾ ਨਹੀਂ ਕੀਤਾ। ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨੇ ਮੰਡਲ ’ਤੇ ਕਥਿਤ ਹਮਲੇ ਸਬੰਧੀ ਹੁਗਲੀ ਜ਼ਿਲ੍ਹੇ ਦੇ ਚੋਣ ਮੁਲਾਜ਼ਮਾਂ ਤੋਂ ਰਿਪੋਰਟ ਮੰਗੀ ਹੈ। ਇਸੇ ਤਰ੍ਹਾਂ ਟੀਐੱਮਸੀ ਉਮੀਦਵਾਰ ਡਾ. ਨਿਰਮਲ ਮਾਝੀ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਉਲੂਬੇਰੀਆ (ਉੱਤਰੀ) ਹਲਕੇ ਵਿੱਚ ਇੱਕ ਬੂਥ ਦਾ ਦੌਰਾ ਕਰਨ ਦਾ ਯਤਨ ਕੀਤਾ ਤਾਂ ਭਾਜਪਾ ਸਮਰਥਕਾਂ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਤੇ ਉਸਦੇ ਵਾਹਨ ਦੀ ਭੰਨ-ਤੋੜ ਕੀਤੀ। ਮਾਝੀ ਨੂੰ ਹੈਲਮਟ ਪੁਆ ਕੇ ਪੁਲੀਸ ਵੱਲੋਂ ਗੜਬੜੀ ਵਾਲੇ ਇਲਾਕੇ ’ਚੋਂ ਬਾਹਰ ਲਿਜਾਇਆ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਸੁਰੱਖਿਆ ਗਾਰਡ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਸ੍ਰੀ ਮਾਝੀ ’ਤੇ ਵੀ ਇੱਟਾਂ ਸੁੱਟੀਆਂ ਗਈਆਂ। ਸ੍ਰੀ ਮਾਝੀ ਸਥਾਨਕ ਹਸਪਤਾਲ ’ਚ ਜ਼ੇਰੇ ਇਲਾਜ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All