ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਪਰੈਲ
ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ’ਤੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ‘ਸੰਵਿਧਾਨ ਬਚਾਓ ਦਿਵਸ’ ਵਜੋਂ ਮਨਾਈ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਆਰਐੱਸਐੱਸ-ਭਾਜਪਾ ਸੰਵਿਧਾਨ ਵਿੱਚ ਸੋਧ ਦੇ ਨਾਮ ‘ਤੇ ਬਹੁਤ ਸਾਰੀਆਂ ਹੇਰਾਫੇਰੀਆਂ ਕਰ ਰਹੀਆਂ ਹਨ ਜੋ ਕਿ ਆਰਥਿਕਤਾ ਤੇ ਸਮਾਜ ਦੋਵਾਂ ਲਈ ਖ਼ਤਰਨਾਕ ਹੈ। ਖੇਤੀ, ਰਾਜ ਸਰਕਾਰਾਂ ਦਾ ਵਿਸ਼ਾ ਹੈ, ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਬਣਾਉਣਾ ਨਿਸ਼ਚਿਤ ਤੌਰ ’ਤੇ ਗੈਰ-ਸੰਵਿਧਾਨਕ ਕਦਮ ਹੈ।
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਲੋਕ ਪਹਿਲਾਂ ਵੀ ਇਨ੍ਹਾਂ ਸੰਵਿਧਾਨ ਵਿਰੋਧੀ ਤਾਕਤਾਂ ਦਾ ਵਿਰੋਧ ਕਰਦੇ ਰਹੇ ਹਨ। ਮੌਜੂਦਾ ਕਿਸਾਨੀ ਲਹਿਰ ਨੇ ਨਾ ਸਿਰਫ਼ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਬਲਕਿ ਇਸ ਦੀ ਤਾਕਤ ਰਾਹੀਂ ਸੰਵਿਧਾਨ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਅੱਜ ‘ਕਿਸਾਨ ਬਹੁਜਨ ਏਕਤਾ ਦਿਵਸ’ ਵੀ ਮਨਾਇਆ ਗਿਆ। ਮੰਚ ‘ਤੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਸਮੇਂ ਬਿਨਾਂ ਕਿਸੇ ਗੱਲਬਾਤ ਅਤੇ ਮੰਗ ਦੇ ਤਿੰਨ ਖੇਤੀਬਾੜੀ ਕਾਨੂੰਨ ਲਾਗੂ ਕੀਤੇ ਗਏ ਸਨ। ਮੰਡੀ ਪ੍ਰਣਾਲੀ, ਵਾਜਬਿ ਐੱਮਐੱਸਪੀ ਅਤੇ ਕਰਜ਼ੇ ਤੋਂ ਛੁਟਕਾਰਾ ਕਿਸਾਨਾਂ ਲਈ ਸਭ ਤੋਂ ਵੱਡੀ ਆਜ਼ਾਦੀ ਹੈ, ਇਸੇ ਤਰ੍ਹਾਂ ਮਜ਼ਦੂਰਾਂ ਦੀ ਘੱਟੋ ਘੱਟ ਆਮਦਨ ਅਤੇ ਆਦਰਯੋਗ ਕੰਮ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਂਦਾ ਹੈ। ਇਸ ਸਮੇਂ ਕੇਂਦਰ ਸਰਕਾਰ ਵੱਲੋਂ ਦੋਵੇਂ ਜਮਾਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਾਰਪੋਰੇਟ ਤੇ ਸਰਕਾਰ ਦੀ ਮਿਲੀਭੁਗਤ ਵਿਰੁੱਧ ਵੀ ਕਿਸਾਨ ਅਤੇ ਮਜ਼ਦੂਰ ਇੱਕਜੁੱਟ ਹਨ। ਸਰਕਾਰ ਮਜ਼ਦੂਰ ਜਮਾਤ ਨੂੰ ਜਾਤੀਆਂ ਵਿੱਚ ਵੰਡ ਕੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਲਾਗੂ ਕਰ ਰਹੀ ਹੈ। ਨਾ ਸਿਰਫ਼ ਜ਼ਰੂਰੀ ਵਸਤੂਆਂ ਸੋਧ ਐਕਟ ਬਲਕਿ ਦੂਸਰੇ ਦੋ ਕਾਨੂੰਨ ਵੀ ਦਲਿਤ ਬਹੁਜਨਾਂ ਦੀ ਆਰਥਿਕਤਾ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਨਗੇ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰਿਆਣਾ ਦੇ ਦਲਿਤ ਸੰਗਠਨਾਂ ਨੇ ਟਿਕਰੀ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਦੇ ਧਰਨਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਪ੍ਰਗਤੀਸ਼ੀਲ ਆਗੂ ਚੰਦਰਸ਼ੇਖਰ ਆਜ਼ਾਦ ਨੇ ਗਾਜ਼ੀਪੁਰ ਬਾਰਡਰ ਤੇ ਸਿੰਘੂ ਬਾਰਡਰ ‘ਤੇ ਪਹੁੰਚ ਕੇ ਸਾਂਝੇ ਸੰਘਰਸ਼ ਦੀ ਮੰਗ ਕੀਤੀ। ਪੰਜਾਬ ਨਰੇਗਾ ਮਜ਼ਦੂਰ ਐਸੋਸੀਏਸ਼ਨ ਦੇ ਵਰਕਰਾਂ ਨੇ ਸਿੰਘੂ ਸਰਹੱਦ ‘ਤੇ ਸ਼ਮੂਲੀਅਤ ਕੀਤੀ।
ਸਿੰਘੂ ਬਾਰਡਰ ’ਤੇ ਪ੍ਰੋ. ਮਨਜੀਤ ਨੂੰ ਨੌਜਵਾਨਾਂ ਨੇ ਘੇਰਿਆ
ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ਕੋਲ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਖਰੇ ਮੰਚ ਕੋਲ ਸਮਾਜਿਕ ਕਾਰਕੁਨ ਪ੍ਰੋ. ਮਨਜੀਤ ਸਿੰਘ ਨਾਲ ਦੀਪ ਸਿੱਧੂ ਦੇ ਕਥਿਤ ਸਮਰਥਕਾਂ ਵੱਲੋਂ ਉਲਝਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੋ. ਮਨਜੀਤ ਸਿੰਘ ਨੂੰ ਉਦੋਂ ਕੁੱਝ ਨੌਜਵਾਨਾਂ ਨੇ ਘੇਰਾ ਪਾ ਲਿਆ ਜਦੋਂ ਉਹ ਇਕ ਸੋਸ਼ਲ ਮੀਡੀਆ ਟੀਵੀ ਨੂੰ ਇੰਟਰਵਿਊ ਦੇ ਰਹੇ ਸਨ। ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਕੁੱਝ ਲੋਕ ਉੱਥੇ ਆਏ ਤੇ ਦੀਪ ਸਿੱਧੂ ਨੂੰ ਲੈ ਕੇ ਉਨ੍ਹਾਂ ਨਾਲ ਤਿੱਖੀ ਬਹਿਸ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਦੀ ਭਾਸ਼ਾ ਧਮਕੀਨੁਮਾ ਸੀ ਤੇ ਉਹ ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਗ੍ਰਿਫ਼ਤਾਰ ਦੀਪ ਸਿੱਧੂ ਨਾਲ ਉਨ੍ਹਾਂ ਨੂੰ ਖਾਹਮਖਾਹ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰੋਫੈਸਰ ਨੇ ਕਿਹਾ, ‘ਪੁਰਾਣੀਆਂ ਤਸਵੀਰਾਂ ਦੇ ਆਧਾਰ ਉਤੇ ਉਹ ਲੋਕ ਮੇਰਾ ਨਾਂ ਦੀਪ ਸਿੱਧੂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬਹਿਸ ਉਪਰ ਉਤਾਰੂ ਹੋ ਗਏ।’ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਦੀਪ ਸਿੱਧੂ ਨਾਲ ਮੰਚ ਸਾਂਝਾ ਨਹੀਂ ਕੀਤਾ ਹੈ ਜਿਨ੍ਹਾਂ ਤਸਵੀਰਾਂ ਦਾ ਉਹ ਨੌਜਵਾਨ ਜ਼ਿਕਰ ਕਰ ਰਹੇ ਸਨ ਉਹ ਪੰਜਾਬ ਬੰਦ ਅੰਦੋਲਨ ਦੌਰਾਨ ਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਡਾ. ਅੰਬੇਡਕਰ ਜੈਅੰਤੀ ਮੌਕੇ ਬੁੱਧੀਜੀਵੀਆਂ ਤੇ ਹੋਰ ਸਮਾਜਿਕ ਕਾਰਕੁਨਾਂ ਦਾ 17 ਵਿਅਕਤੀਆਂ ਦਾ ਕਾਫ਼ਲਾ ਸਿੰਘੂ ਵਿਖੇ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਨ ਲਈ ਪੁੱਜਾ ਸੀ। ਇਸ ਘਟਨਾ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਰਾਕੇਸ਼ ਟਿਕੈਤ ਨੂੰ ਜਾਨੋਂ ਮਾਰਨ ਦੀ ਧਮਕੀ
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਯੂਪੀ ਗੇਟ ’ਤੇ ਚੱਲ ਰਹੇ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਮੋਬਾਈਲ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਭਾਰਤੀ ਕਿਸਾਨ ਯੂਨੀਅਨ ਸੰਗਠਨ ਦੇ ਮੈਂਬਰ ਵਿਪਿਨ ਕੁਮਾਰ ਨੇ ਰਾਕੇਸ਼ ਟਿਕੈਤ ਨੂੰ ਧਮਕੀ ਮਿਲਣ ਦੇ ਮਾਮਲੇ ਵਿੱਚ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਜਿਸਦੇ ਆਧਾਰ ’ਤੇ ਧਮਕੀ ਦੇਣ ਤੇ ਆਈਟੀ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਤੇ ਰਾਕੇਸ਼ ਟਿਕੈਤ ਦੇ ਕਰੀਬੀ ਵਿਪਿਨ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਕੇਸ਼ ਟਿਕੈਤ ਨੂੰ ਇੱਕ ਮੋਬਾਈਲ ਨੰਬਰ ਤੋਂ ਵਟਸਐਪ ਕਾਲ ਤੇ ਧਮਕੀ ਭਰੇ ਸੁਨੇਹੇ ਆ ਰਹੇ ਹਨ। -ਏਜੰਸੀ