ਬੋਲਪੁਰ (ਪੱਛਮੀ ਬੰਗਾਲ), 11 ਅਗਸਤ
ਸੀਬੀਆਈ ਨੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਨੁਬਰਤ ਮੰਡਲ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ’ਤੇ ਪਸ਼ੂ ਤਸਕਰੀ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਹੈ। ਕੇਂਦਰੀ ਏਜੰਸੀ ਨੇ ਟੀਐਮਸੀ ਆਗੂ ਵੀਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦੀ ਇੱਕ ਟੀਮ ਅੱਜ ਤੜਕੇ ਟੀਐਮਸੀ ਦੇ ਬੀਰਭੂਮ ਜ਼ਿਲ੍ਹਾ ਪ੍ਰਧਾਨ ਅਨੁਬਰਤ ਮੰਡਲ ਦੇ ਘਰ ਪਹੁੰਚੀ ਅਤੇ ਇੱਕ ਘੰਟੇ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਟੀਐਮਸੀ ਆਗੂ ਨੂੰ ਪਸ਼ੂ ਤਸਕਰੀ ਘੁਟਾਲੇ ਦੀ ਜਾਂਚ ਵਿੱਚ ਸਹਿਯੋਗ ਨਾ ਦੇਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਡਲ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਜਾਂਚ ਏਜੰਸੀ ਨੇ ਪਿਛਲੇ ਕੁਝ ਦਿਨਾਂ ‘ਚ ਦੋ ਵਾਰ ਟੀਐੱਮਸੀ ਨੇਤਾ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਪੇਸ਼ ਨਹੀਂ ਹੋਏ ਸਨ। –ਏਜੰਸੀ