ਨਵੀਂ ਦਿੱਲੀ: ਭਾਰਤ ਵਿਚ ਅਗਲੇ ਸਾਲ ਹੋਣ ਵਾਲੇ ਜੀ-20 ਸਿਖ਼ਰ ਸੰਮੇਲਨ ਦੀਆਂ ਰਣਨੀਤੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਕੇਂਦਰ ਸਰਕਾਰ ਭਲਕੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਬੈਠਕ ਕਰੇਗੀ। ਇਸ ਵਿਚ ਉਨ੍ਹਾਂ ਦੇ ਸੁਝਾਅ ਲਏ ਜਾਣਗੇ ਤੇ ਹੋਰ ਵਿਚਾਰ-ਚਰਚਾ ਹੋਵੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਰੀਬ 40 ਪਾਰਟੀਆਂ ਦੇ ਪ੍ਰਧਾਨਾਂ ਨੂੰ ਬੈਠਕ ਲਈ ਸੱਦਾ ਦਿੱਤਾ ਹੈ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵਿਚ ਹੋਣ ਵਾਲੀ ਮੀਟਿੰਗ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਦਸੰਬਰ ਤੋਂ ਜੀ20 ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਸਾਲ ਦਸੰਬਰ ਤੋਂ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ 200 ਤੋਂ ਵੱਧ ਮੀਟਿੰਗਾਂ ਦਾ ਸਿਲਸਿਲਾ ਆਰੰਭ ਹੋਵੇਗਾ। ਜੀ20 ਦੇਸ਼ਾਂ ਦੇ ਆਗੂਆਂ ਦਾ ਮੁੱਖ ਸੰਮੇਲਨ ਅਗਲੇ ਸਾਲ ਨੌਂ ਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਵੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜੀ20 ਨਾਲ ਸਬੰਧਤ ਕਈ ਬੈਠਕਾਂ ਹੋਣਗੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸ਼ਾਮ ਦਿੱਲੀ ਪਹੁੰਚ ਗਏ ਹਨ ਅਤੇ ਉਹ ਵੀ ਬੈਠਕ ਵਿਚ ਹਿੱਸਾ ਲੈਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਤ੍ਰਿਣਮੂਲ ਕਾਂਗਰਸ ਪ੍ਰਧਾਨ ਵਜੋਂ ਮੀਟਿੰਗ ਵਿਚ ਹਿੱਸਾ ਲੈਣਗੇ, ਨਾ ਕਿ ਮੁੱਖ ਮੰਤਰੀ ਵਜੋਂ। ਜ਼ਿਕਰਯੋਗ ਹੈ ਕਿ ਿਪਛਲੇ ਕੁੱਝ ਸਮੇਂ ਤੋਂ ਮਮਤਾ ਤੇ ਭਾਜਪਾ ਦੇ ਸਬੰਧੀ ਖ਼ਰਾਬ ਚੱਲੇ ਆ ਰਹੇ ਹਨ। -ਪੀਟੀਆਈ
ਫਰਾਂਸ ਦੇ ਰਾਸ਼ਟਰਪਤੀ ਵੱਲੋਂ ਭਾਰਤ ‘ਚ ਭਰੋਸਾ ਜ਼ਾਹਿਰ
ਲੰਡਨ: ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਜੀ-20 ਦੀ ਪ੍ਰਧਾਨਗੀ ਸੰਭਾਲ ਰਹੇ ਭਾਰਤ ਪ੍ਰਤੀ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਮਿੱਤਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਸ਼ਾਂਤੀਪੂਰਨ ਤੇ ਟਿਕਾਊ ਦੁਨੀਆ ਬਣਾਉਣ ਲਈ ਸਾਰਿਆਂ ਨੂੰ ਇਕੱਠੇ ਕਰਨਗੇ। ਮੈਕਰੋਂ ਨੇ ਅੱਜ ਇਕ ਟਵੀਟ ਵਿਚ ਆਪਣੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਸ਼ੇਅਰ ਕਰਦਿਆਂ ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਥੀਮ ਦਾ ਸਮਰਥਨ ਕੀਤਾ ਜਿਸ ਨੂੰ ਭਾਰਤ ਨੇ ਆਪਣੇ ਜੀ20 ਦੇ ਪ੍ਰਧਾਨਗੀ ਕਾਲ ਦੌਰਾਨ ਕੰਮ ਕਰਨ ਲਈ ਚੁਣਿਆ ਹੈ। -ਪੀਟੀਆਈ