ਐਸ਼ਵਰਿਆ ਤੇ ਆਰਾਧਿਆ ਵੀ ਕਰੋਨਾ ਪਾਜ਼ੇਟਿਵ

ਐਸ਼ਵਰਿਆ ਤੇ ਆਰਾਧਿਆ ਵੀ ਕਰੋਨਾ ਪਾਜ਼ੇਟਿਵ

ਮੁੰਬੲੀ ਵਿੱਚ ਅੈਤਵਾਰ ਨੂੰ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਰਿਹਾਇਸ਼ ‘ਜਲਸਾ’ ਦੇ ਬਾਹਰੀ ਖੇਤਰ ਨੂੰ ਸੈਨੀਟਾੲੀਜ਼ ਕਰਦੇ ਹੋਏ ਨਗਰ ਨਿਗਮ ਦੇ ਮੁਲਾਜ਼ਮ ਅਤੇ (ਖੱਬੇ) ਅੈਸ਼ਵਰਿਆ ਰਾਏ ਤੇ ੳੁਸ ਦੀ ਧੀ ਆਰਾਧਿਆ। -ਫੋਟੋ: ਪੀਟੀਆੲੀ

ਮੁੰਬਈ, 12 ਜੁਲਾਈ

ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ (44) ਨੂੰ ਕਰੋਨਾ ਦੀ ਲਾਗ ਚਿੰਬੜਨ ਮਗਰੋਂ ਉਨ੍ਹਾਂ ਦੀ ਨੂੰਹ ਐਸ਼ਵਰਿਆ (46) ਤੇ ਪੋਤੀ ਆਰਾਧਿਆ ਵੀ ਕਰੋਨਾ ਪਾਜ਼ੇਟਿਵ ਨਿਕਲ ਆਏ ਹਨ। ਅਭਿਸ਼ੇਕ ਨੇ ਇਕ ਟਵੀਟ ’ਚ ਕਿਹਾ ਕਿ ਉਹਦੀ ਪਤਨੀ ਐਸ਼ਵਰਿਆ ਰਾੲੇ ਤੇ ਧੀ ਆਰਾਧਿਆ ‘ਖੁ਼ਦ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਨਗੇ।’ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਦੀ ਸੱਸ ਤੇ ਰਾਜ ਸਭਾ ਮੈਂਬਰ ਜਯਾ ਬੱਚਨ ਦਾ ਬਚਾਅ ਹੈ ਤੇ ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਕ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਅਮਿਤਾਭ ਤੇ ਅਭਿਸ਼ੇਕ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਸ ਦੌਰਾਨ ਬੱਚਨ ਪਰਿਵਾਰਾਂ ਦੀਆਂ ਰਿਹਾਇਸ਼ਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਇਸ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ ਅਗਲੇ 14 ਦਿਨਾਂ ਲਈ ਏਕਾਂਤਵਾਸ ਕਰ ਦਿੱਤਾ ਗਿਆ ਹੈ। ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਮੈਗਾਸਟਾਰ ਦੇ ਤਿੰਨ ਬੰਗਲਿਆਂ- ਜਨਕ, ਜਲਸਾ ਤੇ ਪ੍ਰਤੀਕਸ਼ਾ ਤੇ ਦਫ਼ਤਰ ਅਹਾਤੇ ਨੂੰ ਸੈਨੇਟਾਈਜ਼ ਕੀਤਾ ਤੇ ਪਰਿਵਾਰ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਧਰ ਫ਼ਿਲਮ ਜਗਤ ਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੇ ਬੱਚਨ ਪਰਿਵਾਰ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਅਭਿਸ਼ੇਕ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ, ‘ਮੈਂ ਤੇ ਮੇਰੇ ਪਿਤਾ ਡਾਕਟਰਾਂ ਵੱਲੋਂ ਕੋਈ ਫੈਸਲਾ ਲਏ ਜਾਣ ਤਕ ਅਜੇ ਹਸਪਤਾਲ ਵਿੱਚ ਹੀ ਰਹਾਂਗੇ। ਐਸ਼ਵਰਿਆ ਤੇ ਆਰਾਧਿਆ, ਖ਼ੁਦ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਨਗੇ। ਬੀਐੱਮਸੀ ਨੂੰ ਉਨ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਉਹ ਹਰ ਸੰਭਵ ਮਦਦ ਕਰ ਰਹੇ ਹਨ। ਮੇਰੀ ਮਾਂ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਨੈਗੇਟਿਵ ਹਨ। ਤੁਹਾਡੀਆਂ ਦੁਆਵਾਂ ਤੇ ਪ੍ਰਾਰਥਨਾਵਾਂ ਲਈ ਧੰਨਵਾਦ।’ ਇਸ ਤੋਂ ਪਹਿਲਾਂ ਰਾਜ ਦੇ ਸਿਹਤ ਮੰਤਰੀ ਟੋਪੇ ਨੇ ਕਿਹਾ ਸੀ ਕਿ ਐਸ਼ਵਰਿਆ ਤੇ ਉਹਦੀ ਅੱਠ ਸਾਲਾ ਧੀ ਆਰਾਧਿਆ ਕਰੋਨਾ ਪਾਜ਼ੇਟਿਵ ਹਨ, ਪਰ ਹਾਲ ਦੀ ਘੜੀ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਹਨ। ਉਨ੍ਹਾਂ ਨੂੰ ਘਰ ਵਿੱਚ ੲੇਕਾਂਤਵਾਸ ਜਾਂ ਫਿਰ ਹਸਪਤਾਲ ਵਿੱਚ ਵੀ ਦਾਖ਼ਲ ਕੀਤਾ ਜਾ ਸਕਦਾ ਹੈ। ਇਹ ਫੈਸਲਾ ਪੂਰੀ ਤਰ੍ਹਾਂ ਪਰਿਵਾਰ ਨੇ ਲੈਣਾ ਹੈ। ਮੰਤਰੀ ਨੇ ਐਸ਼ਵਰਿਆ ਤੇ ਆਰਾਧਿਆ ਦਾ ਡਾਇਗਨੋਸਿਸ ਪਹਿਲਾਂ ਟਵਿੱਟਰ ’ਤੇ ਸਾਂਝਾ ਕੀਤਾ, ਪਰ ਜਲਦੀ ਹੀ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ। ਅਮਿਤਾਭ ਤੇ ਅਭਿਸ਼ੇਕ ਨੂੰ ਐਤਵਾਰ ਰਾਤ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਹੋਣ ਮਗਰੋਂ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਮਿਤਾਭ ਨੇ ਇਕ ਟਵੀਟ ’ਚ ਕਰੋਨਾ ਦੀ ਜੱਦ ਵਿੱਚ ਆਉਣ ਦੀ ਪੁਸ਼ਟੀ ਕਰਦਿਆਂ ਪਿਛਲੇ ਦਸ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆੲੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਮੁੰਬਈ ਦੇ ਮੇਅਰ ਕਿਸ਼ੋਰੀ ਪੇਡਨੇਕਰ ਨੇ ਅਮਿਤਾਭ ਦੀ ਪਤਨੀ ਜਯਾ ਬੱਚਨ ਤੇ ਐਸ਼ਵਰਿਆ ਦੀ ਕਰੋਨਾ ਰਿਪੋਰਟ ਨੈਗੇਟਿਵ ਆਉਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਬੱਚਨ ਪਰਿਵਾਰ ਦੇ ਜੁਹੂ ਵਿਚਲੇ ਦੋ ਬੰਗਲਿਆਂ ਤੇ ਨਾਨਾਵਤੀ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਹਸਪਤਾਲ ਦੇ ਡਾ.ਅਬਦੁਲ ਸਮਾਦ ਅੰਸਾਰੀ ਨੇ ਕਿਹਾ ਕਿ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੀ ਹਾਲਤ ਪਹਿਲਾਂ ਨਾਲੋਂ ਠੀਕ ਤੇ ਸਥਿਰ ਹੈ। ਅੰਸਾਰੀ ਨੇ ਕਿਹਾ, ‘ਦੋਵਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਚੰਗੀ ਨੀਂਦ ਲਈ ਤੇ ਸਵੇਰ ਦਾ ਨਾਸ਼ਤਾ ਵੀ ਕੀਤਾ।’ -ਪੀਟੀਆਈ

ਹੇਮਾ ਮਾਲਿਨੀ, ਨੀਤੂ ਸਿੰਘ ਤੇ ਰਣਬੀਰ ਕਪੂਰ ਦੇ ਕਰੋਨਾ ਪਾਜ਼ੇਟਿਵ ਹੋਣ ਦੀਆਂ ਅਫ਼ਵਾਹਾਂ ਨੂੰ ਨਕਾਰਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਸਬੰਧੀ ਅਫ਼ਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਅੱਜ ਟਵਿੱਟਰ ’ਤੇ 28 ਸਕਿੰਟ ਦਾ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਹੈ। ਇਸੇ ਦੌਰਾਨ ਫੈਸ਼ਨ ਡਿਜ਼ਾਈਨਰ ਰਿਧੀਮਾ ਕਪੂਰ ਸਾਹਨੀ ਨੇ ਆਪਣੀ ਮਾਂ ਨੀਤੂ ਸਿੰਘ ਕਪੂਰ ਅਤੇ ਭਰਾ ਰਣਬੀਰ ਕਪੂਰ ਦੇ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਦੀਆਂ ਅਫ਼ਵਾਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕ ਗ਼ਲਤ ਸੂਚਨਾਵਾਂ ਨਾ ਫੈਲਾਉਣ। ਇਸੇ ਤਰ੍ਹਾਂ ਬ੍ਰਿਹਨਮੁੰਬਈ ਨਗਰ ਕੌਂਸਲ ਨੇ ਉਪ ਨਗਰ ਬਾਂਦਰਾ ਵਿੱਚ ਬਾਲੀਵੁੱਡ ਦੀ ਉੱਘੀ ਅਦਾਕਾਰਾ ਰੇਖਾ ਦੇ ਬੰਗਲੇ ਵਿੱਚ ਇਕ ਸੁਰੱਖਿਆ ਕਰਮੀ ਦੇ ਕਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੰਗਲੇ ਨੂੰ ਸੀਲ ਕਰ ਦਿੱਤਾ ਹੈ। ਬੀਐੱਮਸੀ ਨੇ ਬੰਗਲੇ ਦੇ ਬਾਹਰ ਇਕ ਬੋਰਡ ਲਗਾ ਕੇ ਇਸ ਨੂੰ ਕੰਟੇਨਮੈਂਟ ਖੇਤਰ ਐਲਾਨ ਦਿੱਤਾ ਹੈ। -ਪੀਟੀਆਈ

ਅਭਿਸ਼ੇਕ ਦੇ ਸਹਿ ਕਲਾਕਾਰ ਅਮਿਤ ਸਾਧ ਵੱਲੋਂ ਵੀ ਕੋਵਿਡ ਜਾਂਚ ਕਰਵਾਉਣ ਦਾ ਫ਼ੈਸਲਾ

ਮੁੰਬਈ: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੀ ਕਰੋਨਾਵਾਇਰਸ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਲੜੀ ‘ਬਰੀਦ: ਇਨਟੂ ਦਿ ਸ਼ੈਡੋਜ਼’ ਵਿੱਚ ਉਸ ਦੇ ਨਾਲ ਕੰਮ ਕਰ ਚੁੱਕੇ ਸਹਿ ਕਲਾਕਾਰ ਅਮਿਤ ਸਾਧ ਨੇ ਵੀ ਆਪਣੀ ਕਰੋਨਾਵਾਇਰਸ ਜਾਂਚ ਕਰਵਾਉਣ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਅਭਿਸ਼ੇਕ ਬੱਚਨ ਤੇ ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਨੇ ਐਲਾਨ ਕੀਤਾ ਸੀ ਕਿ ਕਰੋਨਾਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਉਨ੍ਹਾਂ ਦੋਹਾਂ ਜਣਿਆਂ ਨੂੰ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਦੋਂ ਤੋਂ ਹੀ ਅਮਿਤ ਦੇ ਚਾਹੁਣ ਵਾਲਿਆਂ ਨੂੰ ਉਸ ਦੀ ਸਿਹਤ ਦੀ ਚਿੰਤਾ ਹੋਣ ਲੱਗ ਗਈ ਸੀ ਕਿਉਂਕਿ ਮਹਾਮਾਰੀ ਦੌਰਾਨ ਅਮਿਤ ਤੇ ਅਭਿਸ਼ੇਕ ਨੂੰ ਕਈ ਵਾਰ ਡੱਬਿੰਗ ਸਟੂਡੀਓ ਵਿੱਚ ਇਕੱਠੇ ਦੇਖਿਆ ਜਾ ਚੁੱਕਿਆ ਹੈ।ਇਸ ਦੌਰਾਨ ਅੱਜ ਅਮਿਤ ਨੇ ਆਪਣੀ ਸਿਹਤ ਸਬੰਧੀ ਜਾਣਕਾਰੀ ਆਪਣੇ ਚਾਹੁਣ ਵਾਲਿਆਂ ਨੂੰ ਦਿੰਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਮੇਰੀ ਚਿੰਤਾ ਤੇ ਮੇਰੇ ਲਈ ਪ੍ਰਾਰਥਨਾ ਕਰਨ ਲਈ ਸਾਰਿਆਂ ਦਾ ਧੰਨਵਾਦ। ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹਾਂ। ਹਾਲਾਂਕਿ, ਸਾਵਧਾਨੀ ਵਜੋਂ ਮੈਂ ਅੱਜ ਹੀ ਕਰੋਨਾਵਾਇਰਸ ਜਾਂਚ ਕਰਵਾਵਾਂਗਾ।’’ -ਆਈਏਐੱਨਐੱਸ

ਅਨੁਪਮ ਖ਼ੇਰ ਦੀ ਮਾਂ, ਭਰਾ, ਭਰਜਾਈ ਤੇ ਭਤੀਜੀ ਕਰੋਨਾ ਪਾਜ਼ੇਟਿਵ

ਮੁੰਬਈ: ਅਦਾਕਾਰ ਅਨੁਪਮ ਖ਼ੇਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮਾਂ ਦੁਲਾਰੀ, ਉਨ੍ਹਾਂ ਦਾ ਭਰਾ ਰਾਜੂ ਅਤੇ ਉਸ ਦਾ ਪਰਿਵਾਰ ਕਰੋਨਾਵਾਇਰਸ ਦੀ ਲਪੇਟ ਵਿਚ ਹਨ। ਖੇਰ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਾਤਾ ਪਿਛਲੇ ਕੁਝ ਦਿਨਾਂ ਤੋਂ ਖਾਣਾ ਨਹੀਂ ਸੀ ਖਾ ਰਹੀ ਅਤੇ ਉਸ ਨੇ ਆਪਣੇ ਖ਼ੂਨ ਦੀ ਜਾਂਚ ਵੀ ਕਰਵਾਈ ਸੀ, ਜਿਸ ਵਿੱਚ ਕੁਝ ਚਿੰਤਾ ਵਾਲੀਆਂ ਗੱਲਾਂ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ, ‘‘ਉਪਰੰਤ ਸਾਡੇ ਡਾਕਟਰ ਨੇ ਸਾਨੂੰ ਮਾਂ ਨੂੰ ਇਕ ਸੀਟੀ ਸਕੈਨ ਕੇਂਦਰ ਲੈ ਕੇ ਜਾਣ ਅਤੇ ਉਨ੍ਹਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ, ਤਾਂ ਪਤਾ ਲੱਗਿਆ ਕਿ ਉਹ ਕਰੋਨਾਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ ਵਿੱਚ ਮਾਮੂਲੀ ਲੱਛਣ ਹਨ।’’ ਅਦਾਕਾਰ ਨੇ ਕਿਹਾ, ‘‘ਮੈਂ ਤੇ ਮੇਰੇ ਭਰਾ ਨੇ ਵੀ ਜਾਂਚ ਕਰਵਾਈ, ਜਿਸ ਵਿੱਚ ਰਾਜੂ ਮਾਮੂਲੀ ਲੱਛਣਾਂ ਨਾਲ ਪੀੜਤ ਪਾਇਆ ਗਿਆ ਅਤੇ ਮੇਰੀ ਰਿਪੋਰਟ ਨੈਗੇਟਿਵ ਹੈ। ਮੇਰੀ ਭਰਜਾਈ ਤੇ ਭਤੀਜੀ ਵੀ ਮਾਮੂਲੀ ਲੱਛਣਾਂ ਨਾਲ ਪੀੜਤ ਪਾਈਆਂ ਗਈਆਂ ਹਨ।’’ ਖ਼ੇਰ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਕੋਕਿਲਾਬੇਨ ਹਸਪਤਾਲ ਵਿੱਚ ਦਾਖ਼ਲ ਹੈ ਜਦੋਂਕਿ ਉਸ ਦੇ ਭਰਾ ਦਾ ਪਰਿਵਾਰ ਘਰ ਵਿੱਚ ਹੀ ਇਕਾਂਤਵਾਸ ’ਚ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All