ਸੌ ਦਾ ਚੜ੍ਹਾਵਾ

ਸੌ ਦਾ ਚੜ੍ਹਾਵਾ

ਪਾਲੀ ਰਾਮ ਬਾਂਸਲ

ਗੱਲ 1989-90 ਦੀ ਹੈ। ਮਾਲਵਾ ਗਰਾਮੀਣ ਬੈਂਕ ਦੀ ਬਰਾਂਚ ਖਨਾਲ ਕਲਾਂ ਖੁੱਲ੍ਹੀ ਤੇ ਮੈਂ ਬਤੌਰ ਪਹਿਲੇ ਮੈਨੇਜਰ ਉੱਥੇ ਜਾ ਹਾਜ਼ਰ ਹੋਇਆ। ਉਨ੍ਹੀਂ ਦਿਨੀਂ ਪੇਂਡੂ ਖੇਤਰ ਵਿਚ ਲੋਕਾਂ ਕੋਲ ਬੱਚਤ ਦਾ ਪੈਸਾ ਬਹੁਤ ਘੱਟ ਸੀ। ਜਿਨ੍ਹਾਂ ਕੋਲ ਹੁੰਦਾ ਸੀ, ਉਹ ਬੈਂਕਾਂ ਦੀ ਥਾਂ ਆੜ੍ਹਤੀਆਂ ਕੋਲ ਵੱਧ ਵਿਆਜ ਤੇ ਰੱਖਦੇ ਸੀ। ਨਵੀਂ ਬਰਾਂਚ ਹੋਣ ਕਾਰਨ ਮੁੱਖ ਦਫਤਰ ਵੱਲੋਂ ਲੋਕਾਂ ਦੇ ਖਾਤੇ ਖੋਲ੍ਹ ਕੇ ਉਨ੍ਹਾਂ ਵਿਚ ਪੈਸੇ ਜਮ੍ਹਾਂ ਕਰਾਉਣ ਦਾ ਦਬਾਅ ਸੀ।

ਇੱਕ ਤਾਂ ਨਵਾਂ ਨਵਾਂ ਮੈਨੇਜਰ ਬਣਨ ਦਾ ਚਾਅ, ਦੂਜਾ ਜਵਾਨੀ ਦਾ ਜੋਸ਼; ਹਾਲਾਤ ਖਰਾਬ ਹੋਣ ਦੇ ਬਾਵਜੂਦ ਹਨੇਰਾ-ਸਵੇਰਾ ਦੇਖੇ ਬਗੈਰ ਬੈਂਕ ਦਾ ਲੈਣ-ਦੇਣ ਵਧਾਉਣ ਲਈ ਭੱਜ-ਨੱਠ ਕਰਦਾ। ਜਿੱਥੇ ਕਿਤੇ ਵੀ ਪਤਾ ਲਗਦਾ ਕਿ ਫਲਾਣੇ ਕੋਲ ਪੈਸੇ ਆਏ ਨੇ, ਉਧਰ ਨੂੰ ਸਕੂਟਰ ਦਾ ਮੂੰਹ ਘੁੰਮਾ ਦਿੰਦਾ।

“ਗਨਪਤ ਰਾਏ, ਲੋਨ ਤਾਂ ਤੇਰਾ ਕਰ ਦਿੱਤਾ, ਤੂੰ ਬਾਣੀਆ ਪਰਿਵਾਰ ਨਾਲ ਸਬੰਧ ਰਖਦੈਂ, ਤੇਰੇ ਤਾਂ ਬਥੇਰੇ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਕੋਲ ਬੈਂਕ ਵਿਚ ਪੈਸੇ ਜਮਾਂ ਕਰਾਉਣ ਨੂੰ ਹੋਣਗੇ।” ਗਨਪਤ ਰਾਏ ਦਾ 10000 ਰੁਪਏ ਦੇ ਲੋਨ ਦਾ ਚੈੱਕ ਉਹਨੂੰ ਫੜਾਉਂਦਿਆਂ ਕਿਹਾ।

“ਬਿਲਕੁਲ ਮੈਨੇਜਰ ਸਾਹਿਬ, ਤੁਸੀਂ ਮੇਰਾ ਕੰਮ ਕੀਤਾ ਹੈ ਤਾਂ ਮੇਰਾ ਵੀ ਕੋਈ ਫਰਜ਼ ਬਣਦੈ।” ਅਗਲੇ ਹੀ ਦਿਨ ਉਹ ਆਇਆ, “ਮੈਨੇਜਰ ਸਾਹਿਬ ਹਜ਼ਾਰਾਂ ਦੀ ਛੱਡੋ, ਆਪਣੇ ਹੱਥ ਤਾਂ ਲੱਖਾਂ ਰੁਪਏ ਜਮ੍ਹਾਂ ਕਰਾਉਣ ਵਾਲੇ ਲਾ’ਗੇ।” ਉਨ੍ਹੀਂ ਦਿਨੀਂ ਵਿਚ ਲੱਖ ਰੁਪਏ ਵੀ ਕਾਫੀ ਵੱਡੀ ਰਕਮ ਹੁੰਦੀ ਸੀ। ਲੱਖਾਂ ਦੀ ਗੱਲ ਸੁਣ ਕੇ ਮੇਰੇ ਕੋਲੋਂ ਖੁਸ਼ੀ ਨਾ ਝੱਲੀ ਜਾਵੇ।

“ਸੁਖਦੇਵ, ਦੋ ਕੱਪ ਚਾਹ ਬਣਾ, ਦੁੱਧ ਵਿਚ ਪੱਤੀ ਪਾ ਕੇ।” ਮੈਂ ਬੈਂਕ ਦੇ ਦਰਜਾ ਚਾਰ ਮੁਲਾਜ਼ਮ ਨੂੰ ਆਵਾਜ਼ ਮਾਰੀ। ਖ਼ੈਰ! ਚਾਹ ਦੀਆਂ ਚੁਸਕੀਆਂ ਭਰਦਿਆਂ ਮੈਂ ਸੁਪਨਿਆਂ ਵਿਚ ਗੁਆਚ ਗਿਆ ਸੀ। ਹੁਣ ਤਾਂ ਚੇਅਰਮੈਨ ਸਾਰੇ ਮੈਨੇਜਰਾਂ ਦੀ ਮੀਟਿੰਗ ਵਿਚ ਮੈਨੂੰ ਪ੍ਰਸ਼ੰਸਾ ਪੱਤਰ ਦਿੰਦਾ ਕਹੇਗਾ, “ਦੇਖਿਆ ... ਇਹਤੋ ਸਿੱਖੋ ਕੁਝ, ਕਿਵੇਂ ਬੈਂਕ ਦਾ ਬਿਜਨੈਸ ਵਧਾਈਦੈ।”

“ਚਲੀਏ ਸਰ।” ਮੇਰੇ ਨਜ਼ਾਰੇਦਾਰ ਸੁਪਨਿਆਂ ਦੀ ਲੜੀ ਤੋੜਦਾ ਗਨਪਤ ਰਾਏ ਬੋਲਿਆ। “ਕਿੱਥੇ ਜਾਣੈ?” ਮੈਂ ਸੁਪਨਿਆਂ ਵਿਚ ਗੁਆਚੇ ਨੇ ਪੁੱਛਿਆ। “ਦਿੜਬੇ ਮੰਡੀ ਜੀ।” ਗਨਪਤ ਨੇ ਗੱਲ ਅੱਗੇ ਤੋਰੀ। “ਦਿੜਬੇ ਜਾਣਾ ਪਊ!” “ਹਾਂਜੀ, ਓਥੇ ਹੀ ਮਿਲੂ ਡਿਪਾਜਟ।”

ਹਾੜ੍ਹ ਮਹੀਨਾ, ਸਿਖਰ ਦੁਪਿਹਰਾ। ਬਾਹਰ ਕਾਂ-ਅੱਖ ਨਿਕਲ ਰਹੀ ਸੀ ਪਰ ਲੱਖਾਂ ਰੁਪਏ ਦੀ ਡਿਪਾਜਿਟ ਦੀ ਆਸ ਨਾਲ ਬਗੈਰ ਗਰਮੀ ਦੀ ਪਰਵਾਹ ਕੀਤੇ ਸਕੂਟਰ ਚੁੱਕਿਆ ਅਤੇ ਗਨਪਤ ਨੂੰ ਪਿੱਛੇ ਬਿਠਾ ਦਿੜਬੇ ਨੂੰ ਚੱਲ ਪਏ। ਦਿੜਬੇ ਤੋਂ ਬਾਹਰ ਬਾਹਰ ਹੀ ਗਨਪਤ ਨੇ ਖੇਤਾਂ ਵੱਲ ਇਸ਼ਾਰਾ ਕੀਤਾ, “ਆਹ ਪਟੜੀ ਪਟੜੀ ਪਾ’ਲੋ ਜੀ ਸਕੂਟਰ।”

ਕੱਚਾ ਰੇਤਾ, ਉਪਰੋਂ ਗਰਮੀ! ਸਕੂਟਰ ਕਦੇ ਰੇਤੇ ਵਿਚ ਧਸ ਜਾਵੇ, ਕਦੇ ਡਿਕ-ਡੋਲੇ ਖਾਵੇ। ਮੈਂ ਸੋਚਾਂ, ਆਹ ਖੇਤਾਂ ਵਿਚ ਕਿਹੜਾ ਖਜ਼ਾਨਾ ਦਬਿਆ ਹੋਇਐ ਬਈ!

“ਐਥੇ ਰੋਕ ਲੋ’ਜੀ ਸਕੂਟਰ।” ਗਨਪਤ ਨੇ ਪੁਰਾਣੇ ਜਿਹੇ ਘਰ ਮੂਹਰੇ ਪਹੁੰਚ ਕੇ ਇਸ਼ਾਰਾ ਕੀਤਾ। ਸਕੂਟਰ ਪਹੀ ਵਿਚ ਹੀ ਖੜ੍ਹਾ ਕੇ ਪੈਦਲ ਹੀ ਵੱਟੋ-ਵੱਟ ਤੁਰ ਪਏ।

“ਮੈਨੇਜਰ ਸਾਹਿਬ, ਆਪਾਂ ਜਿੱਥੇ ਜਾ ਰਹੇ ਹਾਂ, ਇਹ ਬਹੁਤ ਪਹੁੰਚੇ ਹੋਏ ਸੰਤਾਂ ਦਾ ਡੇਰਾ। ਇਨ੍ਹਾਂ ਕੋਲ ਬਹੁਤ ਲੋਕ ਆਉਂਦੇ ਨੇ ਵਿਦੇਸ਼ਾਂ ਤੋਂ, ਆਪ ਵੀ ਇਹ ਵਿਦੇਸ਼ ਜਾਂਦੇ ਰਹਿੰਦੇ।” ਗਨਪਤ ਨੇ ਡੇਰੇ ਦੇ ਗੇਟ ਅੰਦਰ ਦਾਖਲ ਹੁੰਦਿਆ ਕਿਹਾ।

ਧੂੰਏਂ ਤੇ ਤੰਬਾਕੂ ਨਾਲ ਭਰੇ ਹੋਏ ਛੋਟੇ ਜਿਹੇ ਕਮਰੇ ਅੰਦਰ ਗਏ ਤਾਂ ਮੈਂ ਸ਼ਰਧਾ ਵਸ ਘੱਟ ਅਤੇ ਲਾਲਚ ਵਸ ਜ਼ਿਆਦਾ, ਸੌ ਰੁਪਏ ਦੇ ਨੋਟ ਦਾ ਮੱਥਾ ਟੇਕਿਆ। ਲਗਦਾ ਸੀ, ਬਾਬਾ ਜੀ ਅੰਤਰ-ਧਿਆਨ ਬੈਠੇ ਹਨ। ਗਰਮੀ ਦੇ ਦਿਨ ਤੇ ਉਧਰੋਂ ਧੂੰਆਂ, ਦਮ ਘੁੱਟਣ ਨੂੰ ਹੋ ਰਿਹਾ ਸੀ। ਕੁਝ ਦੇਰ ਬਾਅਦ ਬਾਬਾ ਜੀ ਨੇ ਅੱਖਾਂ ਖੋਲ੍ਹੀਆਂ। ਗਨਪਤ ਰਾਏ ਨੇ ਜਾਣ-ਪਛਾਣ ਕਰਾਵਾਈ, “ਬਾਬਾ ਜੀ, ਇਹ ਮੈਨੇਜਰ ਸਾਹਿਬ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ ਤੁਹਾਡੇ ਕੋਲ।” ਬਾਬੇ ਦੇ ਗੀਝੇ ਵਿਚ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਆਸ ਨਾਲ ਮੈਂ ਉਹਦੇ ਪੈਰੀਂ ਹੱਥ ਲਾਏ। ਬਾਬੇ ਨੇ ਹੱਥ ਮੇਰੇ ਸਿਰ ਤੇ ਰੱਖ ਕੇ ਅਸ਼ੀਰਵਾਦ ਦਿੱਤਾ। ਗਨਪਤ ਨੇ ਗੱਲ ਅਗਾਂਹ ਤੋਰੀ, “ਬਾਬਾ ਜੀ ਦਿਓ ਕੁਝ ਪੈਸੇ ਜਮਾਂ ਕਰਾਉਣ ਲਈ।”

“ਹਾਂ, ਜ਼ਰੂਰ ਦੇਵਾਂਗੇ। ਮੇਰੇ ਕੋਲ 10000 ਹਜ਼ਾਰ ਪੌਂਡ ਹੈਗੇ। ਕੱਲ੍ਹ ਆ ਜਾਇਓ।” ਬਾਬੇ ਨੇ ਚਿਲਮ ਦਾ ਸੂਟਾ ਮਾਰਿਆ। ਅਸੀਂ ਮੁੜ ਪੈਰੀਂ ਹੱਥ ਲਾ ਕੇ ਵਾਪਸ ਆ ਗਏ। ਮੈਂ ਸੋਚੀ ਜਾਵਾਂ, 10000 ਪੌਂਡਾਂ ਦੇ ਤਾਂ ਲੱਖਾਂ ਰੁਪਏ ਬਣ ਜਾਣਗੇ! ਬੇਸਬਰੀ ਨਾਲ ਕੱਲ੍ਹ ਦੀ ਉਡੀਕ ਕਰਨ ਲੱਗਾ। ਫਿਰ ਸਵੇਰੇ ਬੈਂਕ ਜਾਣ ਦੀ ਬਜਾਏ ਸਿੱਧਾ ਗਨਪਤ ਦੇ ਘਰ ਚਲਾ ਗਿਆ ਅਤੇ ਉਹਨੂੰ ਨਾਲ ਲੈ ਕੇ ਦਿੜਬੇ ਚਾਲੇ ਪਾ ਦਿੱਤੇ। ਡੇਰੇ ਅੰਦਰ ਜਾ ਕੇ ਬਾਬਾ ਜੀ ਦੇ ਚਰਨੀਂ ਹੱਥ ਲਾ ਕੇ ਸੌ ਰੁਪਏ ਦਾ ਮੱਥਾ ਫਿਰ ਟੇਕਿਆ। ਬਾਬੇ ਨੇ ਆਪਣੇ ਚੇਲੇ ਨੂੰ ਹੁਕਮ ਦਿੱਤਾ, “ਰਾਜਨ, ਜਿਹੜਾ 10000 ਪੌਂਡ ਦਾ ਨੋਟ ਅਲਮਾਰੀ ਵਿਚ ਪਿਐ, ਉਹ ਮੈਨੇਜਰ ਸਾਹਿਬ ਨੂੰ ਦੇ ਦਿਓ।”

ਨੋਟ ਫੜਦੇ ਸਾਰ ਗਨਪਤ ਨੂੰ ਖਨਾਲ ਕਲਾਂ ਛੱਡ ਕੇ ਸਿੱਧਾ ਸੰਗਰੂਰ ਨੂੰ ਚਾਲੇ ਪਾ ਦਿੱਤੇ। ਸਟੇਟ ਬੈਂਕ ਆਫ ਪਟਿਆਲਾ, ਸੰਗਰੂਰ ਜਿੱਥੇ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਹੁੰਦਾ ਸੀ, ਦਾ ਮੈਨੇਜਰ ਮੇਰਾ ਵਾਕਿਫ ਸੀ। ਸਿੱਧਾ ਉਹਦੀ ਕੈਬਿਨ ਵਿਚ ਜਾ ਧਮਕਿਆ।

“ਅੱਜ ਕਿਵੇਂ ਗਰਮੀ ਗਰਮੀ ਹੋਏ ਫਿਰਦੇ ਹੋ, ਸੁੱਖ ਤਾਂ ਹੈ।”

“ਹਾਂਜੀ, ਹਾਂਜੀ। ਬਿਲਕੁਲ ਆਨੰਦ-ਮੰਗਲ।” ਮੇਰੀ ਜੇਬ ਵਿਚ ਪਿਆ 10000 ਦਾ ਨੋਟ ਕੁਤਕਤਾਰੀਆ ਕੱਢ ਰਿਹਾ ਸੀ। ਫਟਾ-ਫਟ ਜੇਬ ਵਿਚੋਂ ਨੋਟ ਕੱਢਿਆ, ਇਹ ਸੋਚਦਿਆਂ ਕਿ ਮੈਨੇਜਰ ਨੋਟ ਫੜਨ ਸਾਰ ਕਹੇਗਾ, “ਇਹ ਕਿੱਥੋਂ ਮੇਥੀ ਮਾਰ ਲਿਆਏ, ਐਡੀ ਵੱਡੀ ਰਕਮ ਦੀ?” ਨੋਟ ਉਹਨੂੰ ਫੜਾਉਂਦਿਆਂ ਪੁਛਿਆ, “ਇਹਦੀ ਪੇਮੈਂਟ ਕਿਵੇਂ ਮਿਲੂ?”

ਮੈਨੇਜਰ ਨੇ ਨੋਟ ਫੜਿਆ, ਦੋ-ਤਿੰਨ ਵਾਰ ਘੁੰਮਾ ਘੁੰਮਾ ਕੇ ਦੇਖਿਆ, ਫਿਰ ਠਹਾਕਾ ਛੁੱਟ ਪਿਆ। ਮੈਂ ਹੈਰਾਨ, ਇਹਨੂੰ ਹਾਸਾ ਕਿਸ ਗੱਲ ਦਾ ਆ ਰਿਹੈ! ਹੱਸਦਾ ਹੱਸਦਾ ਲੋਟ ਪੋਟ ਹੁੰਦਾ ਮੈਨੇਜਰ ਕਹਿੰਦਾ, “ਓਹ ਭਲਿਆ ਲੋਕਾ! ਇਹ ਤਾਂ ਇਟਲੀ ਦੀ ਕਰੰਸੀ ਲੀਰਾ ਹੈ ਜਿਸ ਦੀ ਹੁਣ ਕੋਈ ਕੀਮਤ ਨਹੀਂ।” ਸੱਚਮੁੱਚ ਮੇਰੇ ਤਾਂ ਖਾਨਿਓਂ ਗਈ ਪਰ ਜਦੋਂ ਉਹਨੇ ਵਿਦੇਸ਼ੀ ਕਰੰਸੀ ਵਾਲੀ ਹਦਾਇਤ ਬੁੱਕ ਦਿਖਾਈ ਤਾਂ ਹਕੀਕਤ ਪਤਾ ਲੱਗੀ।

ਰੋਣ-ਹਾਕਾ ਹੋਇਆ ਮੈਂ ਅਗਲੇ ਦਿਨ ‘ਧੰਨਵਾਦ ਸਹਿਤ’ ਉਹ ਨੋਟ ਗਨਪਤ ਨੂੰ ਵਾਪਸ ਕਰ ਆਇਆ। ਸਿਖਰ ਦੁਪਹਿਰੇ ਹੋਈ ਭਕਾਈ ਦੇ ਨਾਲ ਨਾਲ ਦੋ ਸੌ ਦੇ ਚੜ੍ਹਾਵੇ ਦਾ ਗਮ ਹੁਣ ਮੈਨੂੰ ਵੱਢ ਵੱਢ ਖਾ ਰਿਹਾ ਸੀ।

ਸੰਪਰਕ: 81465-80919

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All