ਦੂਜੇ ਦਿਨ ਵੀ ਬੰਦ ਨਾ ਹੋਇਆ ਨਹਿਰੀ ਪਾੜ

ਦੂਜੇ ਦਿਨ ਵੀ ਬੰਦ ਨਾ ਹੋਇਆ ਨਹਿਰੀ ਪਾੜ

ਮੂਸਾ ਬ੍ਰਾਂਚ ਵਿੱਚ ਪਏ ਪਾੜ ਨੂੰ ਪੂਰਦੇ ਹੋਏ ਕਿਸਾਨ ਤੇ ਸਮਾਜ ਸੇਵੀ।-ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ

ਮੂਸਾ ਬ੍ਰਾਂਚ ਵਿੱਚ ਪਿਆ ਪਾੜ ਲਗਾਤਾਰ ਦੂਸਰੇ ਦਿਨ ਵੀ ਪੂਰਿਆ ਨਾ ਜਾ ਸਕਿਆ ਤੇ ਖੇਤਾਂ ਵਿੱਚ ਬੇਮੁਹਾਰਾ ਤੁਰਿਆ-ਫਿਰਦਾ ਪਾਣੀ ਕਿਸਾਨਾਂ ਦੀਆਂ ਸਾਉਣੀ ਵਾਲੀਆਂ ਫ਼ਸਲਾਂ ਨੂੰ ਲਗਾਤਾਰ ਡੋਬ ਰਿਹਾ ਹੈ। ਇਸ ਪਾਣੀ ਨੇ ਗਾਗੋਵਾਲ ਪਿੰਡ ਤੋਂ ਇਲਾਵਾ ਘਰਾਂਗਣੇ ਪਿੰਡ ਦੇ ਖੇਤਾਂ ਨੂੰ ਵੀ ਮਾਰ ਪਾਉਣੀ ਆਰੰਭ ਕਰ ਦਿੱਤੀ ਹੈ। ਬੇਸ਼ੱਕ ਵੱਡੇ ਸਿਆਸੀ ਨੇਤਾਵਾਂ ਸਮੇਤ ਉਚ ਅਧਿਕਾਰੀਆਂ ਨੇ ਪਏ ਪਾੜ ਨੂੰ ਵੇਖਣ ਲਈ ਦੌਰਾ ਕੀਤਾ ਹੈ, ਪਰ ਸਭ ਉਪਰਾਲਿਆਂ ਦੇ ਬਾਵਜੂਦ ਕਿਸਾਨ ਦੀ ਫਸਲ ਲਗਾਤਾਰ ਡੁੱਬ ਰਹੀ ਹੈ। ਪਿੰਡਾਂ ਦੇ ਕਿਸਾਨ ਆਪਣੇ ਤੌਰ ‘ਤੇ ਬੰਨ੍ਹ ਮਾਰਨ ਲਈ ਜੁੱਟੇ ਹੋਏ ਹਨ ਤੇ ਉਨ੍ਹਾਂ ਦੀ ਸਹਾਇਤਾ ਲਈ ਬੇਸ਼ੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੱਗੇ ਹੋਏ ਹਨ, ਪਰ ਬੇਮੁਹਾਰੇ ਪਾਣੀ ਮੁਹਰੇ ਕਿਸੇ ਦੀ ਵਾਹ-ਪੇਸ਼ ਨਹੀਂ ਜਾ ਰਹੀ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੱਛੋਂ ਫਰਮਾਹੀ ਹੈੱਡ ਤੋਂ ਪਾਣੀ ਨੂੰ ਰੋਕੇ ਭਲਕੇ ਤੱਕ ਟੁੱਟੇ ਹੋਏ ਬੰਨ੍ਹ ਵਾਲੀ ਥਾਂ ਨੂੰ ਬਿਲਕੁਲ ਮਜ਼ਬੂਤ ਕਰ ਲਿਆ ਜਾਵੇਗਾ।

ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਾਰੀ ਰਾਤ ਤੇ ਅੱਜ ਸਾਰਾ ਦਿਨ ਖੇਤਾਂ ਵਿੱਚ ਪਾਣੀ ਭਰਦਾ ਰਿਹਾ ਤੇ ਦੂਰ-ਦੂਰ ਤੱਕ ਪਾਣੀ ਨੇ ਫ਼ਸਲਾਂ ਨੂੰ ਡੋਬ ਦਿੱਤਾ ਹੈ। ਅੱਜ ਇਸ ਪਾੜ ਨੂੰ ਵੇਖਣ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਤੇ ਮਾਨਸਾ ਦੇ ਐੱਸਡੀਐੱਮ ਸਰਬਜੀਤ ਕੌਰ ਮੌਕੇ ’ਤੇ ਗਏ ਤੇ ਉਨ੍ਹਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਪਾੜ ਪੂਰਨ ਲਈ ਹਰ ਤਰ੍ਹਾਂ ਦਾ ਹੰਭਲਾ ਵਰਤਣ ਦੇ ਸਖ਼ਤ ਆਦੇਸ਼ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵੀ ਮੌਕੇ ’ਤੇ ਪੀੜਤ ਕਿਸਾਨਾਂ ਨੂੰ ਹੌਸਲਾ ਦਿੰਦਿਆਂ ਪਾੜ ਪੂਰਨ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਗਾਗੋਵਾਲ ਤੇ ਘਰਾਂਗਣਾ ਦੇ 300 ਏਕੜ ਰਕਬੇ ਵਿੱਚ ਪਾਣੀ ਫੈਲ ਗਿਆ ਹੈ, ਜਿਸ ਕਰਕੇ ਡਿਪਟੀ ਕਮਿਸ਼ਨਰ ਨੂੰ ਫੋਨ ਉਪਰ ਤੁਰੰਤ ਹੀ ਨੁਕਸਾਨ ਦੀ ਪੂਰਤੀ ਲਈ ਵਿਸ਼ੇਸ਼ ਗਿਰਦਾਵਰੀ ਕਰਨ ਲਈ ਕਿਹਾ।ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਛੇਤੀ ਹੀ ਪਾੜ ਨੂੰ ਪੂਰਿਆ ਜਾਵੇਗਾ ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦੀ ਸਹਾਇਤਾ ਦਿਵਾਈ ਜਾਵੇਗੀ।

ਐੱਸਡੀਐੱਮ ਮੈਡਮ ਸਰਬਜੀਤ ਕੌਰ ਨੇ ਕਿਸਾਨਾਂ ਨੂੰ ਕਿਹਾ ਕਿ ਜਲਦੀ ਹੀ ਇਸ ਪਾੜ ਨੂੰ ਬੰਦ ਕਰਵਾ ਦਿੱਤਾ ਜਾਵੇਗਾ, ਜਦੋਂਕਿ ਪਿੱਛੋਂ ਵੀ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਜ਼ਰੂਰ ਪ੍ਰਭਾਵਿਤ ਹੋਈ ਹੈ,ਜਿਸਦੇ ਲਈ ਉਹ ਲਿਸਟਾਂ ਬਣਾਕੇ ਸਰਕਾਰ ਤੱਕ ਪਹੁੰਚਾਉਣਗੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ।

ਨਿਊ ਫੱਤਾ ਮਾਈਨਰ ’ਚ ਪਾੜ ਪੈਣ ਕਾਰਨ ਪੰਜਾਹ ਏਕੜ ਫਸਲ ਨੁਕਸਾਨੀ

ਸਰਦੂਲਗੜ੍ਹ/ਝੁਨੀ(ਬਲਜੀਤ ਸਿੰਘ/ਕ੍ਰਾਂਤੀ ) ਨਿਊ ਫੱਤਾ ਮਾਈਨਰ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਪੰਜਾਹ ਏਕੜ ਨਰਮਾ, ਝੋਨਾ ਤੇ ਗੰਨਾ ਡੁੱਬ ਗਿਆ ਹੈ। ਪ੍ਰਾਪਤ ਜਾਣਕਾਰੀ ਆਨੁਸਾਰ ਪਿੰਡ ਜਟਾਣਾ ਖ਼ੁਰਦ ਦੇ ਗੁਰਿੰਦਰ ਸਿੰਘ ਦਾ ਚਾਰ ਏਕੜ ਨਰਮਾ, ਗੁਰਸੇਵਕ ਸਿੰਘ ਤਿੰਨ ਏਕੜ ਝੋਨਾ, ਹਰਦੀਪ ਸਿੰਘ ਦਾ ਢਾਈ ਏਕੜ ਨਰਮਾ, ਜਟਾਣਾ ਕਲਾਂ ਦੇ ਜਰਨੈਲ ਸਿੰਘ ਤੇ ਆਤਮਾ ਸਿੰਘ ਦਾ ਨਰਮਾ ਨਿਊ ਫੱਤਾ ਮਾਈਨਰ ਵਿੱਚ ਪਾੜ ਪੈਣ ਕਾਰਨ ਪਾਣੀ ਵਿੱਚ ਡੁੱਬਣ ਕਾਰਨ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਬੇਸ਼ੱਕ ਇਹ ਮਾਈਨਰ ਗਿਆਰਾਂ ਜੁਲਾਈ ਤੱਕ ਬੰਦੀ ਹੋਣ ਕਾਰਨ ਸੁੱਕਾ ਪਿਆ ਸੀ ਪਰ ਰਾਤ ਨੂੰ ਨਹਿਰੀ ਵਿਭਾਗ ਨੇ ਅਚਾਨਕ ਮਾਈਨਰ ਵਿੱਚ ਪਾਣੀ ਛੱਡ ਦਿੱਤਾ ਗਿਆ। ਇਸ ਤੋਂ ਪਹਿਲਾਂ ਰਾਤ ਨੂੰ ਆਏ ਝੱਖੜ ਕਾਰਨ ਨਿਊ ਫੱਤਾ ਮਾਈਨਰ ਵਿੱਚ ਦਰਖ਼ਤ ਡਿੱਗ ਪਏ ਸਨ। ਜਿਸ ਕਾਰਨ ਪਾਣੀ ਦੀ ਦਰੱਖ਼ਤਾਂ ਕਾਰਨ ਡਾਫ ਲੱਗਣ ਕਰਕੇ ਮਾਈਨਰ ਵਿੱਚ ਟੇਲ ਤੋਂ ਪੰਜ ਕੁ ਸੌ ਫੁੱਟ ਪਹਿਲਾਂ ਉੱਤਰ ਵਾਲੇ ਪਾਸੇ ਪਾੜ ਪੈ ਗਿਆ। ਕਿਸਾਨਾਂ ਨੇ ਕਿਹਾ ਕਿ ਫਸਲ ਦੀ ਤਬਾਹੀ ਦਾ ਕਾਰਨ ਨਹਿਰੀ ਵਿਭਾਗ ਦੀ ਅਣਗਹਿਲੀ ਹੈ। ਜਿਨ੍ਹਾਂ ਨੇ ਮਾਇਨਰ ਦੇ ਗੇਟ ਹੀ ਬੰਦ ਨਹੀਂ ਸਨ ਕੀਤੇ ਹੋਏ। ਕਿਸਾਨਾਂ ਨੂੰ ਖੁਦ ਹੀ ਨੱਕਾ ਬੰਦ ਕਰਨਾ ਪਿਆ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਕਰਵਾਕੇ ਬਣਦਾ ਢੁੱਕਵਾ ਮੁਆਵਜ਼ਾ ਦਿੱਤਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All