ਫ਼ਿਰੋਜ਼ਪੁਰ ਜ਼ਿਲ੍ਹੇ ’ਚੋਂ ਭੁੱਕੀ ਲੈ ਕੇ ਭੱਜੀ ਮੋਗਾ ਪੁਲੀਸ

ਫ਼ਿਰੋਜ਼ਪੁਰ ਜ਼ਿਲ੍ਹੇ ’ਚੋਂ ਭੁੱਕੀ ਲੈ ਕੇ ਭੱਜੀ ਮੋਗਾ ਪੁਲੀਸ

ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੁਲਾਈ

ਜੇਕਰ ਕਿਤੇ ਦੋ ਜ਼ਿਲ੍ਹਿਆਂ ਦੀ ਹੱਦ ਉੱਤੇ ਕੋਈ ਸੰਗੀਨ ਅਪਰਾਧ ਹੋ ਜਾਵੇ ਤਾਂ ਦੋਨੋਂ ਜ਼ਿਲ੍ਹਿਆਂ ਦੀ ਪੁਲੀਸ ਕਾਰਵਾਈ ਲਈ ਇੱਕ ਦੂਜੇ ਦਾ ਅਧਿਕਾਰ ਖੇਤਰ ਹੋਣ ਦਾ ਬਹਾਨਾ ਬਣਾ ਕੇ ਕੇਸ ਦਰਜ ਕਰਨ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦੀ ਹੈ। ਜੇ ਨਸ਼ਿਆਂ ਦੀ ਖੇਪ ਹੱਥ ਲੱਗ ਜਾਵੇ ਤਾਂ ਮਾਮਲਾ ਉਲਟਾ ਹੋ ਜਾਂਦਾ ਹੈ। ਅੱਜ ਮੋਗਾ ਤੇ ਫ਼ਿਰੋਜ਼ਪੁਰ ਪੁਲੀਸ ਦਰਮਿਆਨ ਭੁੱਕੀ ਲਈ ਆਪੋ-ਧਾਪੀ ਦੇਖੀ ਗਈ। ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਅਧੀਨ ਪੁਲੀਸ ਚੌਕੀ ਦੌਲੇਵਾਲਾ ਇੰਚਾਰਜ ਏਐੈੱਸਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਜ਼ਿਲ੍ਹਾ ਫ਼ਿਰੋਜਪੁਰ ਦੇ ਥਾਣਾ ਮਖੂ ਅਧੀਨ ਪਿੰਡ ਖਡੂਰ ਵਿਖੇ ਛਾਪਾਮਾਰੀ ਕੀਤੀ। ਮੋਗਾ ਪੁਲੀਸ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਬਗੈਰ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੁਲੀਸ ਨੂੰ ਭਰੋਸੇ ਲਏ ਛਾਪਾਮਾਰੀ ਤੋਂ ਕਸੂਤੀ ਫ਼ਸ ਗਈ ਹੈ। ਮੋਗਾ ਪੁਲੀਸ ਨੇ ਭੁੱਕੀ ਦੇ 5 ਗੱਟੇ ਬਰਾਮਦ ਕਰ ਲਏ। ਇਸ ਦੌਰਾਨ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਉਨ੍ਹਾਂ ਨੂੰ ਮੋਗਾ ਪੁਲੀਸ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ’ਚੋਂ ਕਿਸੇ ਨੇ ਥਾਣਾ ਮਖੂ ਪੁਲੀਸ ਨੂੰ ਸੂਚਿਤ ਕਰ ਦਿੱਤਾ। ਥਾਣਾ ਮਖੂ ਪੁਲੀਸ ਪਿੰਡ ਖਡੂਰ ਪਹੁੰਚ ਗਈ। ਇਸ ਦੌਰਾਨ ਮਖੂ ਤੇ ਮੋਗਾ ਪੁਲੀਸ ਵਿੱਚ ਤਿੱਖੀ ਬਹਿਸਬਾਜ਼ੀ ਹੋ ਗਈ। ਏਐੱਸਆਈ ਨੇ ਥਾਣਾ ਮਖੂ ਮੁਖੀ ਨੂੰ ਸੂਚਨਾ ਦੇ ਦਿੱਤੀ। ਇਸ ਦੌਰਾਨ ਮੋਗਾ ਪੁਲੀਸ ਆਪਣੀ ਗੱਡੀ ਵਿੱਚ ਤਕਰੀਬਨ 4 ਗੱਟੇ ਲੱਦਕੇ ਗੱਡੀ ਭਜਾ ਲਈ। ਇਸ ਮੌਕੇ ਮਖੂ ਪੁਲੀਸ ਦੇ ਹੱਥ ਇੱਕ ਗੱਟਾ ਭੁੱਕੀ ਆ ਗਈ। ਘਟਨਾ ਸਥਾਨ ਕੋਲੋਂ ਥਾਣਾ ਮਖੂ ਪੁਲੀਸ ਦੇ ਹੱਥ ਇੱਕ ਮੋਟਰਸਾਈਕਲ ਵੀ ਲੱਗਾ। ਮਖੂ ਪੁਲੀਸ ਇਹ ਮੋਟਰ ਸਾਈਕਲ ਤੇ ਭੁੱਕੀ ਦਾ ਗੱਟਾ ਲੱਦਕੇ ਥਾਣੇ ਲੈ ਆਈ ਹੈ। ਇਹ ਮਾਮਲਾ ਦੋਵਾਂ ਜ਼ਿਲ੍ਹਿਆਂ ਦੇ ਸੀਨੀਅਰ ਪੁਲੀਸ ਤੱਕ ਪਹੁੰਚ ਗਿਆ। ਥਾਣਾ ਮਖੂ ਮੁਖੀ ਮੋਹਿਤ ਧਵਨ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ ਉਨ੍ਹਾਂ ਨੂੰ ਮੁਖ਼ਬਰ ਦੀ ਸੂਚਨਾਂ ਉੱਤੇ ਪਿੰਡ ਖਡੂਰ ਵਿਖੇ ਛਾਪਾਮਾਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਖ਼ਬਰ ਦੀ ਸੂਚਨਾਂ ਉੱਤੇ ਥਾਣਾ ਮਖੂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲੀਸ ਚੌਕੀ ਦੌਲੇਵਾਲਾ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੇ ਘਟਨਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਉਨ੍ਹਾਂ ਮੁਖ਼ਬਰ ਦੀ ਸੂਚਨਾਂ ਉੱਤੇ ਛਾਪਾਮਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਮਲਾ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭੁੱਕੀ ਬਰਾਮਦਗੀ ਦਾ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

ਫ਼ੋਟੋ ਕੈਪਸ਼ਨ- ਪਿੰਡ ਖਡੂਰ ਵਿਖੇ ਜਾਂਚ ਕਰਦੀ ਪੁਲੀਸ ਤੇ ਖੜ੍ਹਾ ਲਵਾਰਸ ਮੋਟਰ ਸਾਈਕਲ ਤੇ ਥਾਣਾ ਮਖੂ ਦੀ ਗੱਡੀ ਵਿੱਚ ਖਡੂਰ ਪਿੰਡ ਤੋਂ ਬਰਾਮਦ ਭੁੱਕੀ ਦਾ ਗੱਟਾ

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All