ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਰੁਪਏ ਲੁੱਟੇ

ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਮੁਲਾਜ਼ਮ; ਮੁਲਜ਼ਮਾਂ ਦੀ ਭਾਲ ਜਾਰੀ

ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਰੁਪਏ ਲੁੱਟੇ

ਮਾਮਲੇ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 6 ਜੁਲਾਈ

ਇੱਥੋਂ ਦੇ ਸੁਖਦੇਵ ਨਗਰ ਇਲਾਕੇ ’ਚੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਅੱਜ ਗੈਸ ਏਜੰਸੀ ਦੇ ਕਰਿੰਦੇ ਤੋਂ 11.65 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਮੁਲਜ਼ਮਾਂ ਨੇ ਉਸ ਸਮੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਦੋਂ ਏਜੰਸੀ ਦਾ ਕਰਿੰਦਾ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ। ਜਾਂਦੇ ਹੋਏ ਮੁਲਜ਼ਮ, ਉਸ ਦੀ ਐਕਟਿਵਾ ਦੀ ਚਾਬੀ ਵੀ ਆਪਣੇ ਨਾਲ ਲੈ ਗਏ ਤਾਂ ਕਿ ਕਰਿੰਦਾ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ। ਗੈਸ ਏਜੰਸੀ ਦੇ ਕਰਿੰਦੇ ਨੇ ਇਸਦੀ ਜਾਣਕਾਰੀ ਮਾਲਕ ਨੂੰ ਦਿੱਤੀ। ਪੁਲੀਸ ਨੇ ਕਰਿੰਦੇ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਚਨ ਗੈਸ ਏਜੰਸੀ ’ਚ ਕੰਮ ਕਰਨ ਵਾਲੇ ਪਵਨਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇਂ ਕਾਫ਼ੀ ਸਮੇਂ ਤੋਂ ਇਥੇ ਕੰਮ ਕਰ ਰਿਹਾ ਹੈ। ਉਹ ਅਕਸਰ ਸਵੇਰੇ ਤੇ ਸ਼ਾਮ ਨੂੰ ਕੰਪਨੀ ਦਾ ਕੈਸ਼ ਇਕੱਠਾ ਕਰਕੇ ਬੈਂਕ ’ਚ ਜਮ੍ਹਾ ਕਰਵਾਉਣ ਜਾਂਦਾ ਹੈ। ਸੋਮਵਾਰ ਸਵੇਰੇ ਕਰੀਬ ਸਾਢੇ ਕੁ 9 ਵਜੇ ਉਹ ਆਪਣੀ ਐਕਟਿਵਾ ’ਤੇ 11.65 ਲੱਖ ਰੁਪਏ ਗਿੱਲ ਰੋਡ ਸਥਿਤ ਐੱਸਬੀਆਈ ਬੈਂਕ ’ਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਜਦੋਂ ਉਹ ਸਿਮਰਨ ਪੈਲੇਸ ਤੋਂ ਹੁੰਦਾ ਹੋਇਆ, ਸਟਾਰ ਰੋਡ ’ਤੇ ਸਥਿਤ ਸੁਖਦੇਵ ਨਗਰ ਕਲੋਨੀ ’ਚੋਂ ਲੰਘ ਰਿਹਾ ਸੀ ਤਾਂ ਉਥੇ ਪਹਿਲਾਂ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਖੜ੍ਹੇ ਸਨ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ’ਚੋਂ ਇੱਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਕੱਢਿਆ ਅਤੇ ਉਸ ਦੀ ਪਿੱਠ ’ਤੇ ਵਾਰ ਕੀਤਾ, ਪਰ ਉਸਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਉਸ ਦੀ ਸਕੂਟਰੀ ਦੀ ਚਾਬੀ ਕੱਢੀ ਤੇ ਉਸ ਨੂੰ ਸਾਈਡ ਕਰਕੇ ਉਸ ਦੀ ਸਕੂਟਰੀ ਦੀ ਡਿੱਗੀ ’ਚ ਪਈ ਨਕਦੀ ਕੱਢ ਲਈ।

ਪਵਨ ਨੇ ਸ਼ੱਕ ਜ਼ਾਹਰ ਕੀਤਾ ਕਿ ਮੁਲਜ਼ਮਾਂ ਨੇ ਉਸ ਦੀ ਪੂਰੀ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਅਨੁਸਾਰ ਮੁਲਜ਼ਮਾਂ ਨੇ ਚਿਹਰਿਆਂ ’ਤੇ ਮਾਸਕ ਪਾਏ ਸਨ, ਜਿਸ ਕਾਰਨ ਉਹ ਉਨ੍ਹਾਂ ਦੇ ਚਿਹਰੇ ਨਹੀਂ ਦੇਖ ਸਕਿਆ। ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਜ਼ਰੀਏ ਜਾਂਚ ਕਰਨ ਲੱਗੀ ਹੋਈ ਹੈ।

ਪੁਲੀਸ ਨੇ ਮਾਮਲਾ ਸ਼ੱਕੀ ਦੱਸਿਆ

ਏਡੀਸੀਪੀ-2 ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਹਾਲੇ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਜਿਸ ਵਿਅਕਤੀ ਤੋਂ ਪੈਸੇ ਲੁੱਟੇ ਗਏ ਹਨ, ਉਹ ਵੀ ਸ਼ੱਕੀ ਲੱਗ ਰਿਹਾ ਹੈ। ਪੁਲੀਸ ਨੇ ਫਿਲਹਾਲ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਕੇ ਪੂਰੇ ਮਾਮਲੇ ਤੋਂ ਪਰਚਾ ਚੁੱਕ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All