ਕਰੋਨਾ ਦਾ ਪਸਾਰ

ਲੁਧਿਆਣਾ ਵਿੱਚ 97 ਨਵੇਂ ਕੇਸ ਮਿਲੇ

ਫਰੀਦਕੋਟ ਵਿੱਚ ਅੱਠ ਡਾਕਟਰਾਂ ਸਣੇ 13 ਜਣੇ ਕਰੋਨਾ ਪਾਜ਼ੇਟਿਵ

ਲੁਧਿਆਣਾ ਵਿੱਚ 97 ਨਵੇਂ ਕੇਸ ਮਿਲੇ

ਪਟਿਆਲਾ ਵਿੱਚ ਮੰਗਲਾਵਾਰ ਨੂੰ ਕਰੋਨਾ ਤੋਂ ਠੀਕ ਹੋ ਕੇ ਰਾਜਿੰਦਰਾ ਹਸਪਤਾਲ ’ਚੋਂ ਘਰ ਪਰਤਦਾ ਹੋਇਆ ਇੱਕ ਨੌਜਵਾਨ। -ਫੋਟੋ: ਰਾਜੇਸ਼ ਸੱਚਰ

ਗਗਨਦੀਪ ਅਰੋੜਾ
ਲੁਧਿਆਣਾ, 14 ਜੁਲਾਈ

ਸਨਅਤੀ ਸ਼ਹਿਰ ਵਿਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ 106 ਕੇਸ ਆਉਣ ਤੋਂ ਬਾਅਦ ਅੱਜ ਫਿਰ ਸ਼ਹਿਰ ਵਿਚ 97 ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ ਤੋਂ ਇਲਾਵਾ 9 ਕੇਸ ਬਾਹਰਲੇ ਜ਼ਿਲ੍ਹਿਆਂ ਦੇ ਹਨ।

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 97 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 6 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ 3 ਲੁਧਿਆਣਾ ਤੇ ਬਾਕੀ ਤਿੰਨ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਅੱਜ ਆਈਆਂ ਰਿਪੋਰਟਾਂ ਵਿਚ ਸਭ ਤੋਂ ਵੱਧ ਬਸਤੀ ਜੋਧੇਵਾਲ ਤੋਂ 6 ਕੇਸ, ਖੰਨਾ ਤੋਂ 5 ਕੇਸ, ਤਾਜਪੁਰ ਰੋਡ ਤੋਂ 4 ਕੇਸ, ਜੇਲ੍ਹ ’ਚੋਂ 2 ਕੇਸ, ਪੁਲੀਸ ਕਲੋਨੀ ’ਚੋਂ ਇੱਕ ਕੇਸ, ਰਾਜਗੁਰੂ ਨਗਰ ਤੋਂ 4 ਕੇਸ, ਜਮਾਲਪੁਰ ਇਲਾਕੇ ’ਚੋਂ 4 ਅਤੇ ਬਾਕੀ ਕੇਸ ਸ਼ਹਿਰ ਦੇ ਹੋਰ ਇਲਾਕਿਆਂ ’ਚੋਂ ਆਏ ਹਨ।

ਫਰੀਦਕੋਟ (ਜਸਵੰਤ ਜੱਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਸੂਚਨਾ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਅੱਠ ਡਾਕਟਰ, ਇੱਕ ਸਟਾਫ਼ ਨਰਸ ਅਤੇ ਇੱਕ ਵਾਰਡਨ ਕਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਮਾਤਾ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 54 ਹੋ ਗਈ ਹੈ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਆਧੁਨਿਕ ਲੈਬ ਸਥਾਪਿਤ ਹੋਣ ਨਾਲ ਟੈਸਟਿੰਗ ਦੀ ਸਮਰੱਥਾ ਕਾਫ਼ੀ ਵੱਧ ਗਈ ਹੈ। ਇਸੇ ਕਰਕੇ ਕਰੋਨਾ ਮਰੀਜ਼ਾਂ ਦੀ ਸਮੇਂ ਸਿਰ ਸ਼ਨਾਖਤ ਹੋ ਰਹੀ ਹੈ।

ਪਟਿਆਲਾ (ਸਰਬਜੀਤ ਸਿੰਘ ਭੰਗੂ): ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਵੱਧ ਕਰੋਨਾ ਪਾਜ਼ੇਟਿਵ ਕੇਸ ਆਉਣ ਕਾਰਨ ਉਨ੍ਹਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਸਥਾਪਤ ਕਰਕੇ ਇਲਾਕਾਵਾਸੀਆਂ ਨੂੰ ਅਗਲੇ ਕੁਝ ਦਿਨਾਂ ਤੱਕ ਸਬੰਧਤ ਖੇਤਰਾਂ ’ਚੋਂ ਬਾਹਰ ਨਾ ਆਉਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਵੱਲੋਂ ਬਣਾਏ ਗਏ ਅਜਿਹੇ ਜ਼ੋਨਾਂ ’ਚ ਨਿਰਧਾਰਤ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਪੁਲੀਸ ਦੀ ਤਾਇਨਾਤੀ ਵੀ ਕੀਤੀ ਗਈ ਹੈ। ਪਰ ਅੱਜ ਤੋਪਖ਼ਾਨਾ ਮੋੜ ਵਿਚਲੇ ਅਜਿਹੇ ਇੱਕ ਜ਼ੋਨ ਦੇ ਵਸਨੀਕਾਂ ਵੱਲੋਂ ਵੱਖ ਵੱਖ ਮੱਦਾਂ ਤਹਿਤ ਹੰਗਾਮਾ ਕੀਤਾ ਗਿਆ। ਉਨ੍ਹਾਂ ਦਾ ਤਰਕ ਸੀ ਕਿ ਇਲਾਕਾ ਸੀਲ ਕੀਤਾ ਹੋਣ ਕਰਕੇ ਉਹ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋ ਗਏ ਹਨ। ਕੁਝ ਨੇ ਦਵਾਈ, ਕੁਝ ਨੇ ਗੈਸ ਸਿਲੰਡਰ ਅਤੇ ਕੁਝ ਨੇ ਰਾਸ਼ਨ ਨਾਲ ਸਬੰਧਿਤ ਵਸਤਾਂ ਦੀ ਤੋਟ ਆਉਣ ਦੀ ਗੱਲ ਆਖੀ। ਇਸ ਦੌਰਾਨ ਉਨ੍ਹਾਂ ਖੇਤਰ ਦੇ ਨਜ਼ਦੀਕ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਮੰਗ ਵੀ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All