ਜਲੰਧਰ ’ਚ ਬਿਸ਼ਪ ਫਰੈਂਕੋ ਮੁਲੱਕਲ ਸਮੇਤ 67 ਨੂੰ ਕਰੋਨਾ

ਜਲੰਧਰ ’ਚ ਬਿਸ਼ਪ ਫਰੈਂਕੋ ਮੁਲੱਕਲ ਸਮੇਤ 67 ਨੂੰ ਕਰੋਨਾ

ਜਲੰਧਰ (ਪਾਲ ਸਿੰਘ ਨੌਲੀ): ਬਿਸ਼ਪ ਹਾਊਸ ਜਲੰਧਰ ਡਾਇਓਸਸ ਦੇ ਬਿਸ਼ਪ ਫਰੈਂਕੋ ਮੁਲੱਕਲ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ ਦੋ ਮੌਤਾਂ ਹੋਈਆਂ ਹਨ ਤੇ 67 ਜਣਿਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਸ ਮਗਰੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1337 ਹੋ ਗਈ ਹੈ। ਬਿਸ਼ਪ ਫਰੈਂਕੋ ਮੁਲੱਕਲ ਨੂੰ ਕਰੋਨਾ ਹੋਣ ਦੀ ਪੁਸ਼ਟੀ ਬਿਸ਼ਪ ਹਾਊਸ ਦੇ ਪੀਆਰਓ ਫਾਦਰ ਪੀਟਰ ਨੇ ਕੀਤੀ ਹੈ। ਕੇਰਲਾ ਦੀ ਇੱਕ ਇਸਾਈ ਸਾਧਵੀ ਨਾਲ ਕਥਿਤ ਜਬਰ ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਬਿਸ਼ਪ ਫਰੈਂਕੋ ਮੁਲੱਕਲ ਦੀ ਲੰਘੇ ਸੋਮਵਾਰ ਹੀ ਕੋਟਿਆਮ ਜ਼ਿਲ੍ਹੇ ਦੀ ਅਦਾਲਤ ਨੇ ਜ਼ਮਾਨਤ ਰੱਦ ਕਰ ਕੇ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਬਿਸ਼ਪ ਫਰੈਂਕੋ ਮੁਲੱਕਲ 1 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋਏ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਲਾਕਾ ਕੰਟੇਨਮੈਂਟ ਜ਼ੋਨ ਵਿੱਚ ਆਉਂਦਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਇਸ ਝੂਠੇ ਸਬੂਤ ਦੇ ਅਧਾਰ ’ਤੇ ਉਨ੍ਹਾਂ ਦੀ ਜ਼ਮਨਾਤ ਰੱਦ ਕੀਤੀ ਗਈ ਦੱਸੀ ਜਾ ਰਹੀ ਹੈ ਕਿਉਂਕਿ ਬਿਸ਼ਪ ਹਾਊਸ ਵਾਲਾ ਇਲਾਕਾ ਕੰਟੇਨਮੈਂਟ ਜ਼ੋਨ ਵਿੱਚ ਨਹੀਂ ਸੀ ਆਉਂਦਾ। ਬੀਤੇ ਸੋਮਵਾਰ ਹੀ ਸ਼ਾਮ ਨੂੰ ਫਰੈਂਕੋ ਮੁਲੱਕਲ ਦਾ ਕਰੋਨਾ ਟੈਸਟ ਕੀਤਾ ਗਿਆ ਸੀ ਜਿਹੜਾ ਅੱਜ ਪਾਜ਼ੇਟਿਵ ਆਇਆ ਹੈ। ਬਿਸ਼ਪ ਹਾਊਸ ਦੇ ਬੁਲਾਰੇ ਫਾਦਰ ਪੀਟਰ ਨੇ ਦੱਸਿਆ ਕਿ ਫਰੈਂਕੋ ਮੁਲੱਕਲ ਨੇ ਆਪਣੇ ਵਕੀਲ ਮਨਦੀਪ ਸਚਦੇਵਾ ਨਾਲ 29 ਤੇ 30 ਜੂਨ ਨੂੰ ਦੋ ਲੰਮੀਆਂ ਮੀਟਿੰਗਾਂ ਕੀਤੀਆਂ ਸਨ। ਯਾਦ ਰਹੇ ਵਕੀਲ ਮਨਦੀਪ ਸਿੰਘ ਸਚਦੇਵਾ ਤੇ ਉਸ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਹਨ। ਫਾਦਰ ਪੀਟਰ ਨੇ ਦੱਸਿਆ ਕਿ ਵਕੀਲ ਮਨਦੀਪ ਸਚਦੇਵਾ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬਿਸ਼ਪ ਫਰੈਂਕੋ 6 ਜੁਲਾਈ ਤੋਂ ਹੀ ਘਰ ਵਿੱਚ ਇਕਾਂਤਵਾਸ ਹਨ। ਕੁਝ ਲੱਛਣ ਮਹਿਸੂਸ ਕਰਨ ’ਤੇ ਫਰੈਂਕੋ ਮੁਲੱਕਲ ਦੇ ਟੈਸਟ ਕਰਵਾਏ ਗਏ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All